Monday, May 10, 2021

ਨਤਾਸ਼ਾ ਨਰਵਾਲ ਨੂੰ ਤਿੰਨ ਹਫਤਿਆਂ ਦੀ ਅੰਤਰਿਮ ਜ਼ਮਾਨਤ

ਪਿਤਾ ਮਹਾਂਵੀਰ ਨਰਵਾਲ ਦੇ ਦੇਹਾਂਤ ਮਗਰੋਂ ਸਰਕਾਰ ਦੀ ਆਲੋਚਨਾ ਤੇਜ਼ 


ਲੁਧਿਆਣਾ
//ਨਵੀਂ ਦਿੱਲੀ: 10 ਮਈ 2021: (ਪੰਜਾਬ ਸਕਰੀਨ ਬਿਊਰੋ)::

ਸੀਏਏ ਦੇ ਖਿਲਾਫ ਸਰਗਰਮੀ ਨਾਲ ਵਿਰੋਧ ਕਰਨ ਵਾਲੀ ਨਤਾਸ਼ਾ, ਲੋਕ ਪੱਖੀ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਨਤਾਸ਼ਾ, ਇਸਤਰੀ ਅਧਿਕਾਰਾਂ ਦੀ ਗੱਲ ਪੂਰੇ ਧੜੱਲੇ ਨਾਲ ਕਰਨ ਵਾਲੀ ਨਤਾਸ਼ਾ ਨਰਵਾਲ ਨੂੰ ਉਸਦੇ ਪਿਤਾ ਦੇ ਦੇਹਾਂਤ ਮਗਰੋਂ ਤਿੰਨ ਹਫਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। 

ਪਿੰਜਰਾ ਤੋੜ ਕਾਰਕੁੰਨ ਵੱਜੋਂ ਪ੍ਰਸਿੱਧ ਹੋਈ ਨਤਾਸ਼ਾ ਪਿਛਲੇ ਸਾਲ ਮਈ ਤੋਂ ਤਿਹਾੜ ਜੇਲ ਵਿੱਚ ਬੰਦ ਸੀ। ਹਾਲ ਹੀ ਵਿੱਚ ਜਦੋਂ ਉਸਦੇ ਪਿਤਾ ਮਹਾਂਵੀਰ ਨਰਵਾਲ ਕੋਰੋਨਾ ਦਾ ਸ਼ਿਕਾਰ ਹੋ ਗਏ ਤਾਂ ਉਦੋਂ ਵੀ ਉਸਨੂੰ ਸਰਕਾਰ ਨੇ ਆਪਣੇ ਪਿਤਾ ਨਾਲ ਗੱਲ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ। ਇਸ ਸਖਤੀ ਵਾਲੇ ਰੁੱਖ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਹੈ। 
ਪਿਤਾ ਦੇ ਦੇਹਾਂਤ ਮਗਰੋਂ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਨਤਾਸ਼ਾ ਨੂੰ ਤਿੰਨ ਹਫਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਤਾਂਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ। ਜ਼ਿਕਰਯੋਗ ਹੈ ਕਿ ਨਤਾਸ਼ਾ ਦੇ ਪਿਤਾ ਮਹਾਂਵੀਰ ਨਰਵਾਲ  ਦਾ ਬੀਤੀ ਰਾਤ ਕੋਵਿਡ-19 ਕਰਕੇ ਦੇਹਾਂਤ ਹੋ ਗਿਆ ਸੀ। ਉਸਨੂੰ ਦਿੱਲੀ ਵਿੱਚ ਪਿਛਲੇ ਸਾਲ ਫਰਵਰੀ ਮਹੀਨੇ ਦੌਰਾਨ ਹੋਏ ਦੰਗਿਆਂ ਦੇ ਸੰਬੰਧ ਵਿੱਚ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਅਧੀਨ ਗ੍ਰਿਫਤਾਰ ਕਰ ਲਿਆ ਗਿਆ ਸੀ।  
ਜ਼ਿਕਰਯੋਗ ਹੈ ਕਿ ਮਹਾਵੀਰ ਨਰਵਾਲ ਸੀਪੀਆਈ ਐਮ ਦਾ ਸੀਨੀਅਰ ਮੈਂਬਰ ਸੀ। ਕੋਰੋਨਾ ਕਾਰਨ ਉਸਦੀ ਜ਼ਿੰਦਗੀ ਖਤਰਿਆਂ ਵਿਚ ਸੀ। ਪਰਿਵਾਰਿਕ ਸੂਤਰਾਂ ਨੇ ਮੀਡੀਆ ਨੂੰ ਦਸਿਆ ਕਿ ਇਸਦੇ ਬਾਵਜੂਦ ਉਸਨੂੰ ਆਪਣੀ ਬੇਟੀ ਨਤਾਸ਼ਾ ਨਾਲ ਕਦੇ ਵੀ ਗੱਲ ਕਰਨ ਦੀ ਇਜ਼ਾਜ਼ਤ ਨਹੀਂ ਸੀ ਦਿੱਤੀ ਗਈ। ਪਿਤਾ ਦੀ ਮੌਤ ਵੇਲੇ ਮਹਾਂਵੀਰ ਦਾ ਬੇਟਾ ਆਕਾਸ਼ ਵੀ ਉਸਦੇ ਕੋਲ ਸੀ। ਮਾੜੀ ਖਬਰ ਹੈ ਕਿ ਉਹ ਵੀ ਕੋਰੋਨਾ ਪੋਜ਼ੀਟਿਵ ਆਇਆ ਹੈ। ਇਸ ਕਾਰਨ ਹੁਣ ਉਹ ਵੀ ਆਈਸੀਲੇਸ਼ਨ ਵਿੱਚ ਹੈ। ਇਸ ਸਥਿਤੀ ਵਿੱਚ ਅੰਤਿਮ ਸੰਸਕਾਰ ਲਈ ਕੋਈ ਰਿਸ਼ਤੇਦਾਰ ਨਹੀਂ ਬਚਿਆ। 
ਖੱਬੇਪੱਖੀਆਂ ਵੱਲੋਂ ਨਤਾਸ਼ਾ ਅਤੇ ਹੋਰਨਾਂ ਬੁਧੀਜੀਵੀਆਂ ਅਤੇ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਕੋਰੋਨਾ ਦੇ ਵਧਣ ਮਗਰੋਂ ਇਹ ਮੰਗ ਹੋਰ ਵੀ ਵਧਾਈ ਗਈ ਸੀ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਜਦੋਂ ਬੀਤੀ ਸ਼ਾਮ 6 ਵਜੇ ਇੱਕ ਹਸਪਤਾਲ ਵਿੱਚ ਨਤਾਸ਼ਾ ਦੇ  ਪਿਤਾ ਦਾ ਦੇਹਾਂਤ ਹੋਇਆ ਤਾਂ ਹਸਪਤਾਲ ਵਾਲਿਆਂ ਨੇ ਹੀ ਉਹਨਾਂ ਦੀ ਦੇਹ ਨੂੰ ਸੰਭਾਲਿਆ ਤਾਂਕਿ  ਨਤਾਸ਼ਾ ਆ ਕੇ ਇਸ ਨੂੰ ਲੈ ਸਕੇ ਅਤੇ ਆਖ਼ਿਰੀ ਰਸਮਾਂ ਨੂੰ ਪੂਰੀਆਂ ਕਰ ਸਕੇ। ਨਤਾਸ਼ਾ ਦਾ ਭਰਾ ਵੀ ਆਈਸੋਲਿਸ਼ਨ ਵਿੱਚ ਹੈ  ਇਸ ਲਈ ਹੁਣ ਕੋਈ ਨਹੀਂ ਹੈ ਜਿਹੜਾ ਮਹਾਂਵੀਰ ਨਰਵਾਲ ਦੀਆਂ ਆਖ਼ਿਰੀ ਰਸਮਾਂ ਪੂਰੀਆਂ ਕਰ ਸਕੇ। ਦਿੱਲੀ ਹਾਈ ਕੋਰਟ ਨੇ ਇਹਨਾਂ ਸਾਰੀਆਂ ਸਥਿਤੀਆਂ ਨੂੰ ਵਿਚਾਰਿਆ ਅਤੇ ਇਹਨਾਂ ਦਾ ਨੋਟਿਸ ਵੀ ਲਿਆ।  
ਦਿੱਲੀ ਹਾਈ ਕੋਰਟ ਨੇ ਨਤਾਸ਼ਾ ਨਾਲ ਇਸ ਮੌਕੇ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। 
ਦਿੱਲੀ ਪੁਲਿਸ ਨੇ ਵੀ ਇਸ ਅੰਤਰਿਮ ਜ਼ਮਾਨਤ ਦਾ ਵਿਰੋਧ ਤਾਂ ਨਹੀਂ ਕੀਤਾ ਪਰ ਨਤਾਸ਼ਾ ਨੂੰ 50, 000 ਰੁਪਏ ਦਾ ਜ਼ਾਤੀ ਮੁਚੱਲਕਾ ਦੇਣ ਲਈ ਜ਼ਰੂਰ ਕਿਹਾ। ਇਸਦੇ ਨਾਲ ਹੀ ਨਤਾਸ਼ਾ ਨੂੰ ਸਮਝਾਇਆ ਗਿਆ ਕਿ ਉਹ ਬਾਹਰ ਜਾ ਕੇ ਕੋਈ ਟਵੀਟ ਸ਼ਵੀਟ ਨਾ ਕਰੇ ਅਤੇ ਆਪਣੇ ਪਿਤਾ ਦੀਆਂ ਆਖ਼ਿਰੀ ਰਸਮਾਂ ਦੌਰਾਨ ਰੇਡੀਓ ਖਾਮੋਸ਼ੀ ਹੀ ਲਗਾ ਕੇ ਰੱਖੇ। ਇਸਦੇ ਬਾਵਜੂਦ ਖੱਬੇ ਪੱਖੀ ਸੰਗਠਨਾਂ ਦੇ ਆਗੂ ਇਸ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਕਰ ਚੁੱਕੇ 

ਮਹਾਂਵੀਰ ਨਰਵਾਲ ਨੇ ਇੱਕ ਭਾਸ਼ਣ ਵਿੱਚ ਵੀ ਆਖਿਆ ਕਿ ਕਿਤੇ ਅਜਿਹਾ ਨਾ ਹੋਵੇ ਕਿ ਮੈਂ ਬਾਹਰ ਚੱਲ ਵੱਸਾਂ ਅਤੇ ਮੇਰੀ ਧੀ ਉਦੋਂ ਵੀ ਜੇਲ੍ਹ ਵਿੱਚ ਹੋ ਹੋਵੇ 

ਇਸੇ ਦੌਰਾਨ ਸੀਪੀਆਈ ਐਮ ਨੇ ਵੀ ਕਾਮਰੇਡ ਮਹਾਵੀਰ ਨਰਵਾਲ ਦੇ ਦੇਹਾਂਤ ਮਗਰੋਂ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ ਅਤੇ ਤਿੱਖੀ ਆਲੋਚਨਾ ਕੀਤੀ ਹੈ। 

No comments: