6th May 2021 at 7:12 PM
GCG ਲੁਧਿਆਣਾ ਵੱਲੋਂ ਵਿਸ਼ੇਸ਼ ਆਨਲਾਈਨ ਵੈਬੀਨਾਰ ਆਯੋਜਿਤ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮਨਾਇਆ
ਲੁਧਿਆਣਾ: 06 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਡਾਇਰੈਕਟਰ, ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਹੁਕਮਾਂ ਅਨੁਸਾਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਇਸੇ ਕਾਲਜ ਦੀ ਮਾਣਯੋਗ ਪ੍ਰਿੰਸੀਪਲ, ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਮਨੁੱਖੀ ਜੀਵਨ ਦੇ ਸੱਚ ਵਿਸ਼ੇ ਤੇ ਆਯੋਜਿਤ ਵੈਬੀਨਾਰ ਵਿੱਚ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਕੌਰ,ਪੰਜਾਬੀ ਵਿਭਾਗ ਦੀ ਰਿਟਾਇਰਡ ਮੁਖੀ ਡਾ. ਸਰਬਜੋਤ ਕੌਰ ਅਤੇ ਡਾ. ਬਲਵਿੰਦਰ ਪਾਲ ਸਿੰਘ ਨੇ ਬਤੌਰ ਬੁਲਾਰੇ ਵੱਜੋਂ ਸ਼ਿਰਕਤ ਕੀਤੀ।
ਵੈਬੀਨਾਰ ਦਾ ਆਰੰਭ ਡਾ. ਸ਼ਰਨਜੀਤ ਕੌਰ ਪਰਮਾਰ (ਮੁਖੀ ਪੰਜਾਬੀ ਵਿਭਾਗ) ਨੇ ਕੀਤਾ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਅੱਜ ਦੇ ਬੁਲਾਰੇ ਆਪਣੇ ਵਿਸ਼ਿਆ ਵਿੱਚ ਸਫਲ, ਤਜਰਬੇਕਾਰ ਹਨ, ਉਹਨਾਂ ਨੇ ਗੁਰਬਾਣੀ ਦੇ ਸਿਧਾਤਾਂ ਨੂੰ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਅਪਣਾਇਆ ਹੈ। ਕਰੋਨਾ ਸੰਕਟ ਵਿੱਚ ਸਾਨੂੰ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਣ ਲਈ ਕਿਹਾ ਗਿਆ ਹੈ ਜੋ ਕਿ ਬਹੁਤ ਹੀ ਚੰਗਾ ਸੁਨੇਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕੋਰੋਨਾ ਕਾਲ ਵਿੱਚ ਵੀ ਓਟ ਆਸਰਾ ਬਣ ਰਹੀ ਹੈ ਇਹ ਇੱਕ ਬਹੁਤ ਹੀ ਚੰਗੀ ਗੱਲ ਹੈ। ਸਰਬੱਤ ਦਾ ਭਲਾ ਮੰਗਣ ਵਾਲਾ ਫਲਸਫਾ ਇਸ ਮੌਕੇ ਵੀ ਸਹਾਈ ਹੋਇਆ ਹੈ।
ਵੈਬੀਨਾਰ ਦੇ ਬੁਲਾਰੇ ਵੱਜੋਂ ਡਾ. ਸਰਬਜੋਤ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਸਿਰਫ ਹਿੰਦ ਦੀ ਚਾਦਰ ਨਹੀਂ ਸਗੋ ਸਗਲ ਸ੍ਰਿਸ਼ਟੀ ਦੀ ਚਾਦਰ ਨੇ। ਗੁਰੂ ਜੀ ਨੇ ਆਪਣਾ ਆਪਾ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ। ਗੁਰੂ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਮਨੁੱਖ ਹੈ ਤੇ ਮਨੁੱਖ ਦੀ ਅੰਦਰਲੀ ਸੋਚ ਅਤੇ ਬਾਹਰਲੀ ਸੋਚ ਨੂੰ ਬਿਆਨ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਕੁਝ ਵੀ ਸਥਿਰ ਨਹੀ ਹੈ, ਸਭ ਕੁਝ ਨਾਸ਼ਵਾਨ ਹੈ, ਪੈਸੇ ਦੀ ਪ੍ਰਧਾਨਤਾ ਹੈ, ਜਿਸ ਕਾਰਨ ਲੋਕ ਵਿਕਾਰਾਂ ਵਿੱਚ ਫਸੇ ਹੋਏ ਹਨ ਅਤੇ ਪੈਸੇ ਦੇ ਗੁਲਾਮ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਦੇ ਸਹਾਰੇ ਇਨ੍ਹਾਂ ਵਿਕਾਰਾ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ।
ਡਾ. ਬਲਵਿਦੰਰਪਾਲ ਸਿੰਘ ਨੇ ਵੀ ਗੁਰੂ ਜੀ ਦੀ ਬਾਣੀ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਨੇ ਖੁਦ ਦੀ ਪੜਚੋਲ ਕਰਨ, ਸੰਸਾਰਕ ਨਾਸ਼ਵਾਨਤਾ, ਚੰਗੀ ਸੰਗਤ ਕਰਨ ਅਤੇ ਜੀਵਨ ਵਿੱਚ ਨਵੇਂ ਮਿਆਰ ਸਥਾਪਿਤ ਕਰਨ ਦੀ ਪ੍ਰੇਰਨਾ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਪੰਜਾਬੀ ਵਿਭਾਗ ਵੱਲੋ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣ ਲਈ ਵੀ ਪ੍ਰੇਰਿਤ ਕੀਤਾ। ਅੰਤ ਵਿੱਚ ਮਿਸ ਸ਼ਰਨਜੀਤ ਕੌਰ ਪਰਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
No comments:
Post a Comment