Tuesday, April 13, 2021

ਵਿਸਾਖੀ ਮੌਕੇ ਨਾਮਧਾਰੀ ਸੰਗਤਾਂ ਨੇ ਗੁਰੂਧਾਮਾਂ ਤੇ ਜਾ ਕੇ ਹੱਥੀਂ ਸੇਵਾ ਕੀਤੀ

 13th April 2021 at 6:36 PM

ਗੁਰੂ ਸਾਹਿਬਾਨਾਂ ਨਾਲ ਜੁੜੇ ਮਹਾਨ ਸਮਾਗਮਾਂ ਨੂੰ ਹੱਥੀਂ ਸੇਵਾ ਅਤੇ ਨਾਮ ਸਿਮਰਨ ਕਰਕੇ ਮਨਾਉ

                                                                                                 --ਸ੍ਰੀ ਠਾਕੁਰ ਦਲੀਪ ਸਿੰਘ ਜੀ 

ਸ੍ਰੀ ਜੀਵਨ ਨਗਰ ਸਿਰਸਾ ਤੋਂ ਆ ਕੇ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ ਕਰਦੀਆਂ ਨਾਮਧਾਰੀ ਸੰਗਤਾਂ 

ਜਲੰਧਰ: 13 ਅਪ੍ਰੈਲ 2021: (ਰਾਜਪਾਲ ਕੌਰ//ਪੰਜਾਬ ਸਕਰੀਨ)::

ਸਾਡੇ ਗੁਰੂ ਸਾਹਿਬਾਨਾਂ ਦੇ ਅਸਾਡੇ ਉੱਤੇ ਮਹਾਨ ਉਪਕਾਰ ਹਨ,  ਉਹਨਾਂ ਦੇ ਉਪਕਾਰਾਂ ਨੂੰ ਕਦੇ ਚੁਕਾਇਆ ਨਹੀਂ ਜਾ ਸਕਦਾ ਨਾ ਹੀ ਭੁਲਾਇਆ ਹੀ ਜਾ ਸਕਦਾ ਹੈ। ਉਹਨਾਂ ਉਪਕਾਰਾਂ ਨੂੰ ਯਾਦ ਕਰ, ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਜੀਵਨ ਸਫਲ ਕੀਤਾ ਜਾ ਸਕਦਾ ਹੈ। ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਸੰਗਤ ਨੂੰ ਗੁਰੂ ਸਾਹਿਬਾਨਾਂ ਦੇ ਦੱਸੇ ਦਿਸ਼ਾ ਨਿਰਦੇਸ਼ ਤੇ ਚੱਲਣ ਲਈ ਹਮੇਸ਼ਾਂ ਪ੍ਰੇਰਿਤ ਕਰਦੇ ਰਹਿੰਦੇ ਹਨ ਜਿਵੇਂ ਕਿ ਗੁਰਬਾਣੀ ਵਿਚ ਸੇਵਾ-ਸਿਮਰਨ ਕਰਨ ਦਾ ਬਹੁਤ ਮਹਾਤਮ ਹੈ ਓਸੇ ਆਸ਼ੇ ਅਨੁਸਾਰ ਸੰਗਤ ਆਪ ਜੀ ਦੀ ਪ੍ਰੇਰਣਾ ਸਦਕਾ ਗੁਰੂ ਸਾਹਿਬਾਨਾਂ ਨਾਲ ਜੁੜੇ ਹਰ ਸਮਾਗਮ ਸਮੇਂ ਵੱਖ-ਵੱਖ ਗੁਰੂਧਾਮਾਂ ਤੇ ਜਾ ਕੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ,  ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਫਤੇਹਗੜ੍ਹ ਸਾਹਿਬ ਜਾਂ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸਾਰਾ ਦਿਨ ਸੇਵਾ ਕਰ ਆਪਣੀ ਹਾਜਰੀ ਭਰਦੀ ਹੈ ਇਸ ਦੇ ਨਾਲ ਇਹਨਾਂ ਮਹਾਨ ਸਮਾਗਮਾਂ ਤੇ ਲੋੜਵੰਦਾ ਦੀ ਸਹਾਇਤਾ ਕਰਨ ਵਾਲੇ ਉਪਰਾਲੇ ਵੀ ਵੱਧ ਤੋਂ ਵੱਧ ਕੀਤੇ ਜਾਂਦੇ ਹਨ। ਠਾਕੁਰ ਦਲੀਪ ਸਿੰਘ ਜੀ ਆਪ ਵੀ ਸੰਗਤ ਨਾਲ ਇਹਨਾਂ ਗੁਰੂਧਾਮਾਂ ਤੇ ਜਾ ਕੇ ਆਪਣੇ ਹੱਥੀਂ ਬਰਤਨ ਸਾਫ ਕਰਨ, ਜੋੜੇ ਝਾੜਨ ਅਤੇ ਸਫਾਈ ਆਦਿ ਦੀ ਸੇਵਾ ਕਰ, ਬਹੁਤ ਹੀ ਨਿਮਰਤਾ ਦਾ ਸਬੂਤ ਦਿੰਦੇ ਹਨ। 

   ਆਪ ਜੀ ਦੀ ਪ੍ਰੇਰਣਾ ਨਾਲ ਅੱਜ ਵੀ ਗੁਰੂਦੁਆਰਾ ਸ੍ਰੀ ਜੀਵਨ ਨਗਰ ਇਲਾਕੇ ਤੋਂ ਬਹੁਗਿਣਤੀ ਵਿਚ ਨਾਮਧਾਰੀ ਸੰਗਤ ਨੇ ਸ੍ਰੀ ਦਮਦਮਾ ਸਾਹਿਬ (ਬਠਿੰਡਾ) ਵਿਖੇ ਆ ਕੇ ਅਨੇਕ ਪ੍ਰਕਾਰ ਨਾਲ ਸੇਵਾ ਕੀਤੀ। ਸੰਗਤ ਨੇ ਇੱਥੇ ਜੂਠੇ ਬਰਤਨ ਸਾਫ ਕਰ, ਜੋੜਿਆਂ ਦੀ ਸੇਵਾ ਅਤੇ ਝਾੜੂ ਆਦਿ ਦੀ ਸੇਵਾ ਕਰਕੇ ਗੁਰੂ ਚਰਨਾਂ ਵਿਚ ਹਾਜਰੀ ਭਰੀ। ਸਤਿਗੁਰੂ ਜੀ ਦਾ ਬਚਨ ਹੈ ਕਿ ਸੇਵਾ ਕਰਨ ਨਾਲ ਮਨ ਨਿਰਮਲ ਹੁੰਦਾ ਹੈ ਅਤੇ ਹਉਮੈ ਦੂਰ ਹੁੰਦੀ ਹੈ। ਇਸ ਲਈ ਨਾਮਧਾਰੀ ਸੰਗਤ ਵੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਹਰ ਸਾਲ ਇਹਨਾਂ ਗੁਰੂਧਾਮਾਂ ਤੇ ਪਹੁੰਚ ਕੇ ਤਨੋਂ-ਮਨੋਂ ਸੇਵਾ ਕਰਕੇ ਆਪਣੇ ਧੰਨ ਭਾਗ ਸਮਝਦੀ ਹੈ।  

                                 ਇਸ ਮੌਕੇ ਸ੍ਰੀ ਜੀਵਨ ਨਗਰ ਤੋਂ ਵਿਸ਼ੇਸ਼ ਰੂਪ ਨਾਲ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਸੇਵਕ ਦੇਵ ਸਿੰਘ ਜੀ, ਹਰਭੇਜ ਸਿੰਘ ਅਤੇ ਜਸਪਾਲ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਸਾਡੀ ਸੰਗਤ ਹਰ ਸਾਲ ਇੱਥੇ ਪਹੁੰਚ ਕੇ ਸੇਵਾ  ਕਰਦੀ ਹੈ ਅਤੇ ਅੱਜ ਅਸੀਂ ਇਸ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਅਤੇ ਨਵਾਂ ਸਾਲ (ਭਾਰਤੀ ਸੰਸਕ੍ਰਿਤੀ ਅਨੁਸਾਰ) ਵੀ ਮਨਾਉਂਦੇ ਹਾਂ।  


No comments: