Wednesday, March 24, 2021

ਸਫਲੁ ਜਨਮੁ ਹਰਿ ਜਨ ਕਾ ਉਪਜਿਆ

24th March 2021 at 5:58 PM

 ਸੰਤ ਹਰ ਸਿੰਘ ਜੀ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ  


ਜਲੰਧਰ
: 24 ਮਾਰਚ 2021:(ਰਾਜਪਾਲ ਕੌਰ//ਪੰਜਾਬ ਸਕਰੀਨ)::

ਸਤਿਗੁਰੂ ਜੀ ਦੇ ਚਰਨ ਕੰਵਲਾਂ ਨਾਲ ਜੁੜੇ ਗੁਰਸਿੱਖਾਂ ਅਤੇ ਸੰਤਾਂ-ਮਹਾਂਪੁਰਖਾਂ ਬਾਬਤ ਗੁਰਬਾਣੀ ਵਿਚ ਬਹੁਤ ਕੁੱਝ ਲਿਖਿਆ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਉਂਦੇ ਹਨ :  

ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤ ਬਿਧਾਤਾ॥ 

ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ॥ 

    ਸੱਚਾ ਗੁਰਸਿੱਖ ਤਨੋਂ-ਮਨੋਂ-ਧਨੋਂ ਆਪਣੇ ਸਤਿਗੁਰੂ ਨਾਲ ਜੁੜਿਆ ਹੁੰਦਾ ਹੈ ਅਤੇ ਆਪਣੇ ਜੀਵਨ ਦਾ ਸਭ ਕੁਝ ਸਤਿਗੁਰੂ ਦੀ ਅਮਾਨਤ ਹੀ ਸਮਝਦਾ ਹੈ। ਉਹ ਆਪਣੇ ਸਤਿਗੁਰੂ ਦੇ ਹੁਕਮਾਂ ਅੰਦਰ ਰਹਿ ਕੇ ਹੀ ਆਪਣਾ ਜੀਵਨ ਬਸਰ ਕਰਦਾ ਹੈ ਅਤੇ ਆਪਣੀ ਆਤਮਿਕ ਉੱਚਤਾ ਦੀ ਵਡਿਆਈ ਨੂੰ ਆਪਣੇ ਸਤਿਗੁਰੂ ਦੀ ਬਖਸ਼ਿਸ਼ ਹੀ ਸਮਝਦਾ ਹੈ। ਆਪਣੇ ਸਤਿਗੁਰੂ ਦੇ ਗੁਣਾਂ, ਹੁਕਮਾਂ, ਬਾਣੀ ਅਤੇ ਕਰਨੀ ਤੋਂ ਸੇਧ ਲੈ ਕੇ ਗੁਰਸਿੱਖ ਆਪਣੇ ਆਪ ਨੂੰ ਸਾਧਦਾ ਹੈ। ਕਰੜੀ ਤਪੱਸਿਆ ਅਤੇ ਨਿਸ਼ਕਾਮ ਸੇਵਾ ਨਾਲ ਇਹ ਸਾਧੂ ਜਾਂ ਸੰਤ ਦੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। 

 ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਾਜੇ ਹੋਏ ਨਾਮਧਾਰੀ ਪੰਥ ਵਿਚ ਉਹਨਾਂ ਦੀ ਦਿੱਤੀ ਹੋਈ ਨਾਮ-ਬਾਣੀ ਰੂਪੀ ਅੰਮ੍ਰਿਤਮਈ ਦਾਤ ਨੂੰ ਪ੍ਰਾਪਤ ਕਰ ਅਨੇਕ ਮਹਾਨ ਸੰਤ ਹੋਏ ਜਿਨ੍ਹਾਂ ਨੇ ਆਮ ਲੋਕਾਂ ਲਈ ਸੇਵਾ ਅਤੇ ਭਲਾਈ ਕਰਨ ਦੇ ਨਾਲ-ਨਾਲ ਉਹਨਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨ ਦਾ ਵੀ ਯਤਨ ਕੀਤਾ। ਐਸੇ ਸਾਧੂ ਸੰਤਾਂ ਦੀ ਰਸਨਾ ਤੋਂ ਨਿਕਲਿਆ ਬਚਨ ਵੀ ਕਦੇ ਖਾਲੀ ਨਹੀਂ ਜਾਂਦਾ ਸੀ। 

            ਐਸੇ ਹੀ ਪਰਮ ਸਤਿਕਾਰਤ ਸੰਤ ਸਨ, ਸੰਤ ਹਰਜਾਪ ਸਿੰਘ ਜੀ, ਜਿਹੜੇ ਸੰਤ ਹਰ ਸਿੰਘ ਜੀ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਹ ਹਮੇਸ਼ਾਂ ਨਾਮ-ਬਾਣੀ ਵਿਚ ਲੀਨ ਰਹਿੰਦੇ ਸਨ ਅਤੇ ਗਰੀਬਾਂ ਅਤੇ ਲੋੜਵੰਦਾਂ ਦੀ ਹਰ ਪੱਖੋਂ ਮਦਦ ਕਰਦੇ ਸਨ। ਉਹ ਆਪਣੀ ਸੰਸਾਰਿਕ ਯਾਤਰਾ ਸਫਲ ਕਰਕੇ  13 ਮਾਰਚ 2021 ਨੂੰ ਸਵੇਰੇ 4:30 ਵਜੇ ਗੁਰਪੁਰੀ ਸਿਧਾਰ ਗਏ। ਆਪ ਜੀ ਨਮਿਤ ਰੱਖੇ ਸਹਿਜ ਪਾਠ ਦਾ ਭੋਗ ਉਹਨਾਂ ਦੇ ਨਿਵਾਸ ਸਥਾਨ ਰਾਮ ਕੁਟੀਆ, ਪਿੰਡ ਪੱਡੇ, ਜਿਲਾ ਗੁਰਦਸਪੂਰ ਵਿਖੇ ਪਾਇਆ ਗਿਆ। 

    ਇਸ ਮੌਕੇ ਸੰਤ ਹਰ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਭਾਜੀ ਹਰਜਿੰਦਰ ਸਿੰਘ ਜੀ ਫਗਵਾੜੇ ਤੋਂ, ਭਾਜੀ ਅਰਵਿੰਦਰ ਸਿੰਘ ਜੀ (ਕੈਨੇਡਾ ), ਭੈਣ ਤਰਲੋਚਨ ਕੌਰ ਅਤੇ ਉਹਨਾਂ ਦੇ ਪਤੀ ਹਰਵਿੰਦਰ ਸਿੰਘ ਸੰਘੇੜਾ (ਯੂ.ਕੇ) ਭੈਣ ਸੰਦੀਪ ਕੌਰ ਜੀ ਅਤੇ ਉਹਨਾਂ ਦੇ ਪਤੀ ਸੁਖਜੀਤ ਸਿੰਘ ਜਲੰਧਰ ਤੋਂ ਅਤੇ ਉਹਨਾਂ ਦੇ ਮਾਤਾ ਕੁਲਵੰਤ ਕੌਰ ਜੀ ਹਾਜਿਰ ਸਨ। ਮਾਤਾ ਲਈ ਆਪਣੇ ਰੱਬ ਵਰਗੇ ਪੁੱਤਰ ਅਤੇ ਭੈਣਾਂ ਲਈ ਆਪਣੇ ਵੀਰ ਦਾ ਵਿਛੋੜਾ ਸਹਿਣਾ ਅਸਹਿ ਹੋ ਰਿਹਾ ਸੀ। ਸੰਤਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਦੀ ਘਾਟ ਨਾ ਕੇਵਲ ਪਰਿਵਾਰ ਲਈ, ਸਗੋਂ ਪੂਰੇ ਸਮਾਜ ਲਈ ਕਦੇ ਨਾ ਪੂਰੀ ਹੋਣ ਵਾਲੀ ਘਾਟ ਹੈ।   

             ਇਸ ਮੌਕੇ ਕਈ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਆ ਕੇ ਸੰਤਾਂ ਦੇ ਚਰਨਾਂ ਵਿਚ ਸ਼ਰਧਾਂਜਲੀ ਅਰਪਿਤ ਕੀਤੀ। ਇਨ੍ਹਾਂ ਵਿਚੋਂ ਮੁਖ ਰੂਪ ਨਾਲ ਐਮ.ਐਲ.ਏ ਬਲਵਿੰਦਰ ਪਾਲ ਸਿੰਘ, ਜਥੇਦਾਰ ਮੰਗਲ ਸਿੰਘ (ਅਕਾਲੀ ਦਲ ਬਟਾਲੇ ਦੇ ਪ੍ਰਧਾਨ) ਅਤੇ ਇਲਾਕੇ ਦੇ ਪੰਚ, ਸਰਪੰਚ ਵੀ ਹਾਜਿਰ ਸਨ। ਇਸ ਤੋਂ ਇਲਾਵਾ ਨਾਮਧਾਰੀ ਪੰਥ ਦੇ ਪ੍ਰਮੁੱਖ ਅਹੁਦੇਦਾਰ ਸੂਬਾ ਅਮਰੀਕ ਸਿੰਘ ਜੀ, ਸੂਬਾ ਦਰਸ਼ਨ ਸਿੰਘ ਜੀ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਜਾਗੀਰ ਸਿੰਘ ਜੀ, ਮਾਸਟਰ ਸੁਖਦੇਵ ਸਿੰਘ ਜੀ, ਜਥੇਦਾਰ ਬਲਵੰਤ ਸਿੰਘ ਕਪੂਰੇ ਵਾਲੇ, ਗੁਰਮੁਖ ਸਿੰਘ ਬਿੱਟੂ, ਜਥੇਦਾਰ ਗੁਰਦੀਪ ਸਿੰਘ ਜੀ, ਜਥੇਦਾਰ ਅਮਰੀਕ ਸਿੰਘ ਜੀ, ਕਵੀਸ਼ਰ ਹਰਪਾਲ ਸਿੰਘ ਜੀ ਅਤੇ ਵਿਸ਼ਾਲ ਸੰਗਤਾਂ ਨੇ ਨਮ ਅੱਖਾਂ ਨਾਲ ਸੰਤ ਹਰ ਸਿੰਘ ਜੀ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸ਼ਰਧਾਂਜਲੀ ਦਿੰਦਿਆਂ ਐਮ.ਐਲ. ਏ. ਬਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਮੈਂ ਜੋ ਵੀ ਹਾਂ, ਸੰਤਾਂ ਦੇ ਅਸ਼ੀਰਵਾਦ ਸਦਕਾ ਹੀ ਹਾਂ, ਸੰਤ ਹਰ ਸਿੰਘ ਜੀ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸੀ।   

                                           ਇਸ ਮੌਕੇ ਸੰਤ ਹਰ ਸਿੰਘ ਜੀ ਦੇ ਛੋਟੇ ਭ੍ਰਾਤਾ ਸਰਦਾਰ ਅਰਵਿੰਦਰ ਸਿੰਘ (ਕੈਨੇਡਾ ਨਿਵਾਸੀ ) ਨੂੰ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਭੇਜੀ ਦਸਤਾਰ ਸਜਾਈ ਗਈ, ਇਕ ਦਸਤਾਰ ਨਿਹੰਗ ਸਿੰਘਾਂ ਦੇ ਜਥੇ ਵਲੋਂ ਲਿਆਂਦੀ ਗਈ। ਪਰਿਵਾਰ ਵਾਲਿਆਂ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਿਆ।  

No comments: