Saturday, March 20, 2021

ਪਮਾਲ ਵਿਖੇ ਫੁੱਟਬਾਲ ਟੂਰਨਾਮੈਟ ਦੇ ਜੇਤੂਆਂ ਨੂੰ ਵੀ ਸਪੋਰਟਸ ਕਿੱਟਾਂ ਵੰਡੀਆਂ

20th March 2021 at 6:33 PM

 ਨੌਜਵਾਨਾਂ ਨੂੰ  ਵਿਸ਼ੇਸ਼ ਲਾਭ ਮਿਲੇਗਾ ਸਪੋਰਟਸ ਕਿੱਟਾਂ ਤੋਂ-ਐਸ ਐਸ ਬਿੰਦਰਾ 


ਚੰਡੀਗੜ੍ਹ//ਲੁਧਿਆਣਾ: 20 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਜਦੋਂ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਨਸ਼ਿਆਂ  ਵਾਲੇ ਮੁੱਦੇ ਨੂੰ ਲੈ ਕੇ ਬਿਆਨਬਾਜ਼ੀਆਂ ਗਰਮ ਸਨ ਉਦੋਂ ਪੰਜਾਬ ਦੇ ਮੰਚ ਤੇ ਸਾਹਮਣੇ ਆਏ ਸੁਖਵਿੰਦਰ ਸਿੰਘ ਬਿੰਦਰਾ ਅਤੇ ਉਹਨਾਂ ਨੇ ਬਿਆਨਬਾਜ਼ੀਆਂ ਤੋਂ ਦੂਰ ਰਹਿੰਦਿਆਂ ਠੋਸ ਕਦਮ ਪੁੱਟ ਕੇ ਸ਼ੁਰੂ ਕੀਤਾ ਆਪਣਾ ਮਿਸ਼ਨ। ਉਹਨਾਂ ਸਪੋਰਟਸ ਕਿੱਟਾਂ ਵੰਡਣ ਦੀ ਇੱਕ ਮੁਹਿੰਮ ਚਲਾਈ। ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਸੇ ਨੂੰ ਵੀ ਮੰਦਾ ਚੰਗਾ ਆਖੇ ਬਿਨਾ ਨੌਜਵਾਨਾਂ ਦੇ ਹੱਥਾਂ ਵਿਚ ਸਪੋਰਟਸ ਕਿੱਟਾਂ ਫੜਾ ਦਿੱਤੀਆਂ। ਇਹਨਾਂ ਸਪੋਰਟਸ ਕਿੱਟਾਂ ਦੇ ਜਾਦੂ ਨੇ ਨੌਜਵਾਨੀ ਦੇ ਹੱਥਾਂ ਚੋਣ ਨਸ਼ਿਆਂ ਵਾਲਿਆਂ ਚੀਜ਼ਾਂ ਸੁੱਟਵਾ ਦਿੱਤੀਆਂ। ਖੇਡਣ ਮੌਲਣ ਦਾ ਚਾਅ ਇੱਕ ਵਾਰ ਫਿਰ ਜਨੂਨ ਬਣਨ ਵਾਲੇ ਪਾਸੇ ਤੁਰਿਆ ਅਤੇ ਪੰਜਾਬ ਨੇ ਨਵੀਂ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ।  

ਅੱਜ ਪਿੰਡ ਪਮਾਲ ਵਿੱਚ ਵੀ ਸਪੋਰਟਸ ਕਿੱਟਾਂ ਵੰਡੀਆਂ ਗਈਆਂ। ਸ਼੍ਰੀ ਬਿੰਦਰਾ ਨੇ ਦੱਸਿਆ ਕਿ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਵੰਡੀਆਂ ਜਾ ਰਹੀਆਂ ਸਪੋਰਟਸ ਕਿੱਟਾਂ ਮੁੱਖ ਤੌਰ 'ਤੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਵਸਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਫਾਇਦਾ ਦੇਣਗੀਆਂ। ਇਹ ਗੱਲ ਅੱਜ ਉਨ੍ਹਾਂ ਪਿੰਡ ਪਮਾਲ ਵਿਖੇ ਮੁੱਖ ਮਹਿਮਾਨ ਵਜੋਂ ਇੱਕ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਮਲ ਹੁੰਦੇ ਹੋਏ ਕਹੀ। ਇਸ ਟੂਰਨਾਮੈਂਟ ਵਿੱਚ ਸ਼ਾਮਿਲ ਨੌਜਵਾਨਾਂ ਦੇ ਚਿਹਰਿਆਂ ਤੋਂ ਸਾਫ ਪੜ੍ਹਿਆ ਜਾ ਸਕਦਾ ਸੀ ਕਿ ਉਹਨਾਂ ਨੇ ਹੁਣ ਨਸ਼ਿਆਂ ਤੋਂ ਮੁਕਤੀ ਲੈਣ ਵਾਲੇ ਪਾਸੇ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ।  ਇਸ ਨਾਲ ਉਤਸ਼ਾਹਿਤ ਹੋਏ ਸੁਖਵਿੰਦਰ ਸਿੰਘ ਬਿੰਦ੍ਰਾ ਨੇ ਪੰਜਾਬ ਦੇ ਤੂਫ਼ਾਨੀ ਦੌਰੇ ਸ਼ੁਰੂ ਕੀਤੇ। ਸ਼ਾਇਦ ਹੀ ਪਿੰਡ ਜਾਂ ਕੋਈ ਨੁੱਕਰ ਬੱਚੀ ਹੋਵੇ ਜਿੱਥੇ ਸ਼੍ਰੀ ਬਿੰਦ੍ਰਾ ਦੇ ਉੱਦਮ ਸਦਕਾ ਸਪੋਰਟਸ ਕਿੱਟਾਂ ਨਾ ਪਹੁੰਚੀਆਂ ਹੋਣ। ਇਹਨਾਂ ਸਪੋਰਟਸ ਕਿੱਟਾਂ ਨੇ ਨੌਜਵਾਨਾਂ ਦੀ ਇੱਕ ਅਜਿਹੀ ਨਵੀਂ ਪੀੜ੍ਹੀ ਤਿਆਰ ਕਰਨੀ ਹੈ ਜਿਸਨੇ ਨਵਾਂ ਨਰੋਆ ਸਮਾਜ ਸਿਰਜਣ ਵਿੱਚ ਨਿਭਾਉਣੀ ਹੈ। 

ਪਮਾਲ ਪਿੰਡ ਵਾਲੇ ਟੂਰਨਾਮੈਂਟ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਸ਼੍ਰੀ ਬਿੰਦਰਾ ਪੰਜਾਬ ਸਰਕਾਰ ਦੀਆਂ ਨੀਤੀਆਂ  ਬਾਰ ਦੱਸਣਾ ਵੀ ਨਹੀਂ ਭੁੱਲੇ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਨੀਤੀਆਂ ਦਾ ਅਸਰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਇਸ ਟੂਰਨਾਮੈਂਟ ਦੇ ਜੇਤੂਆਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ।

ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਪਮਾਲ ਪਿੰਡ ਵਾਲੇ ਇਸ ਵਿਸ਼ੇਸ਼ ਟੂਰਨਾਮੈਂਟ ਵਿੱਚ 32 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਖੇਡਾਂ ਵਿੱਚ 32 ਪਿੰਡਾਂ ਦੀਆਂ ਟੀਮਾਂ ਦੇ ਸ਼ਾਮਲ ਹੋਈਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖੇਡਾਂ  ਕਿੰਨੀ ਵੱਡੀ ਪੱਧਰ ਤੇ ਪ੍ਰਸਾਰਿਤ ਹੋ ਰਿਹਾ ਹੈ। ਸ਼੍ਰੀ ਬਿੰਦਰਾ ਨੇ ਇਸ ਸਮਾਗਮ ਦੇ ਆਯੋਜਨ ਲਈ ਯੁਵਕ ਸੇਵਾਵਾਂ ਕਲੱਬ, ਪਿੰਡ ਪਮਾਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਸਪੋਰਟਸ ਕਿੱਟਾਂ ਸਮਾਜ ਦੇ ਸਭਨਾਂ ਵਰਗਾਂ ਤੱਕ ਪਹੁੰਚਣਗੀਆਂ। 


No comments: