Friday, February 26, 2021

ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਦੇਸ਼ ਨੂੰ ਬਚਾਵੇ-ਨਾਮਧਾਰੀ

 26th February 2021 at 4:52 PM

 ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਕੀਤੀ ਵਿਸ਼ੇਸ਼ ਅਪੀਲ 

ਕਿਸਾਨਾਂ ਦੇ ਸਮਰਥਨ ਵਿੱਚ ਅੰਦੋਲਨਕਾਰੀ ਔਰਤਾਂ ਦੀ ਤਸਵੀਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ 

ਜਲੰਧਰ26 ਫਰਵਰੀ 2021: (ਪ੍ਰਿੰਸੀਪਲ ਰਾਜਪਾਲ ਕੌਰ//ਪੰਜਾਬ ਸਕਰੀਨ)::  
ਕਿਸਾਨ  ਅੰਦੋਲਨ ਦੀ ਹਮਾਇਤ ਦਿਨੋਦਿਨ ਵਧਦੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਖੜੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸਿੱਖ ਸੰਗਠਨਾਂ ਵਿੱਚੋਂ ਨਾਮਧਾਰੀ ਸੰਪਰਦਾ ਵੀ ਹੁਣ ਖੁੱਲ੍ਹ ਕੇ ਕਿਸਾਨਾਂ ਦੇ ਨਾਲ ਆ ਖੜੋਤੀ ਹੈ। ਠਾਕੁਰ ਦਲੀਪ ਸਿੰਘ ਨੇ ਵੀ ਕੇਂਦਰ ਦੀ ਭਾਜਪਾ ਸਰਕਾਰ  ਨੂੰ ਇਸ ਮੁੱਦੇ ਤੇ ਆਪਣੀ ਅੜੀ  ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਨਾਮਧਾਰੀ ਜੱਥੇ ਪਹਿਲਾਂ ਹੀ ਕਿਸਾਨਾਂ ਦੀ ਹਮਾਇਤ ਵਿੱਚ ਦਿੱਲੀ ਦੇ ਬਰਡਰਾਂ ਤੇ ਫੇਰੇ ਲਗਾ ਆਏ ਹਨ।ਅੰਦੋਲਨਕਾਰੀ ਕਿਸਾਨਾਂ ਨੂੰ ਰਸਦਪਾਣੀ ਵੀ ਪਹੁੰਚਾਇਆ ਜਾ ਰਿਹਾ ਹੈ। ਦੇਹਾਤ ਦੇ ਨਾਮਧਾਰੀ ਇਸ ਪੱਖੋਂ ਜ਼ਿਆਦਾ ਸਰਗਰਮ ਹਨ। 

ਨਾਮਧਾਰੀ ਪੰਥ ਦੇ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਵੱਲੋ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਪੁਰਜੋਰ ਅਪੀਲ ਕੀਤੀ ਗਈ ਹੈ। ਠਾਕੁਰ ਜੀ ਨੇ ਭਾਜਪਾ ਸਰਕਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਸਾਰੇ ਉੱਚ ਅਹੁਦੇਦਾਰਾਂ ਨੂੰ ਨਾਮਧਾਰੀ ਸੰਗਤ ਵੱਲੋਂ ਬੇਨਤੀ ਕਰਦਿਆਂ ਕਿਹਾ ਕਿ ਕ੍ਰਿਪਾ ਕਰਕੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਤਾਂ ਜੋ ਭਾਰਤ ਦੇਸ਼ ਦੀ ਜਨਤਾ ਦਾ ਜੋ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਬਟਵਾਰਾ ਹੋ ਰਿਹਾ ਹੈ ਉਹ ਰੁਕ ਸਕੇ। ਤੁਸੀਂ ਇਸ ਦੇਸ਼ ਅਤੇ ਜਨਤਾ ਨੂੰ ਬਚਾ ਲਓ। ਉਹਨਾਂ ਸਪਸ਼ਟ ਕੀਤਾ ਕਿ ਇਸ ਕਿਸਾਨ ਅੰਦੋਲਨ ਦੇ ਨਾਲ ਭਾਰਤ ਦੀ ਜਨਤਾ ਵਿੱਚ ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ ਪੈਦਾ ਹੋ ਗਈਆਂ ਹਨ, ਜਿਸਦਾ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।  ਉਹਨਾਂ ਖਦਸ਼ਾ ਵੀ ਪ੍ਰਗਟਾਇਆ ਕਿ ਸ਼ਾਇਦ ਤੁਹਾਡੇ ਤੱਕ ਇਹ ਗੱਲ ਨਹੀਂ ਪਹੁੰਚ ਰਹੀ। ਉਹਨਾਂ ਕਿਹਾ ਕਿ ਅਸਲ ਵਿੱਚ ਕਿਸਾਨ  ਆਪਣੀ ਗਈ ਪਹੁੰਚ ਸਦਕਾ ਕੇਵਲ ਦੇਸ਼ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਭਾਰਤ ਦੀ, ਭਾਰਤ ਸਰਕਾਰ ਦੀ ਅਤੇ ਭਾਜਪਾ ਸਰਕਾਰ ਦੀ ਬੁਰਾਈ ਹੋ ਰਹੀ ਹੈ। ਇਹ ਸੰਭਵ ਹੈ ਕਿ ਸ਼ਾਇਦ ਤੁਹਾਡੇ ਕੋਲ ਰਹਿਣ ਵਾਲੇ ਲੋਕ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਨਾ ਦੱਸਦੇ ਹੋਣ ਪਰੰਤੂ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਅਗਰ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੋਵੇ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਕੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਦੇਸ਼ ਨੂੰ ਕੋਈ ਨੁਕਸਾਨ ਹੋਵੇਗਾ। ਜਿਹੜੀ ਹੁਣ ਭਾਰਤ ਦੀ ਜਨਤਾ ਆਪਸ ਵਿੱਚ ਅਲੱਗ ਅਲੱਗ ਹੋ ਰਹੀ ਹੈ ਇਹਨਾਂ ਮੰਗਾਂ ਨੂੰ ਮੰਨੇ ਜਾਣ ਨਾਲ  ਉਹ ਅੱਲਗ ਹੋਣ ਤੋਂ ਬੱਚ ਜਾਵੇਗੀ ਜਿਸ ਨਾਲ ਦੇਸ਼ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਜੀ ਤੁਸੀਂ ਤਾਂ ਰਾਸ਼ਟਰਵਾਦੀ ਹੋਂ,  ਰਾਸ਼ਟਰਵਾਦੀ ਨੂੰ ਰਾਸ਼ਟਰ ਦੀ  ਏਕਤਾ ਦੇ ਲਈ ਸੱਭ ਕੁੱਝ ਸਵੀਕਾਰ ਕਰਨਾ ਚਾਹੀਦਾ ਹੈ। ਕਿਉਂ ਕਿ ਤੁਸੀ ਰਾਸ਼ਟਰ ਲਈ ਸਮਰਪਤਿ ਹੋ ਹੀ, ਇਸ ਲਈ ਸਾਡੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕਰ ਲਓ।

No comments: