ਰਾਜੇਵਾਲ ਦਾ ਬਿਆਨ ਇਸ ਸੰਘਰਸ਼ ਨੂੰ ਫੇਲ੍ਹ ਕਰਨ ਵਾਲਾ ਕਦਮ ਹੈ
ਸਿੰਘੂ ਬਾਰਡਰ ਦੀ ਇਹ ਤਸਵੀਰ ਖਿੱਚੀ ਡਾ. ਜਗਦੀਸ਼ ਕੌਰ ਹੁਰਾਂ ਨੇ |
ਸੰਘਰਸ਼ ਜਿੱਤਣ ਲਈ ਜਰੂਰੀ ਹੈ ਹੌਸਲਾ ਤੇ ਸਬਰ, ਦੋਵਾਂ ਵਿੱਚੋ ਇੱਕ ਵੀ ਵੱਧ ਘੱਟ ਜਾਵੇ ਤਾਂ ਸਮਝੋ ਨਤੀਜੇ ਤੁਹਾਡੇ ਅਨਕੂਲ ਨਹੀਂ ਰਹਿਣੇ ।ਕਈ ਵਾਰ ਬਹੁਤੀ ਸਿਆਣਪ ਦੇ ਅਣਜਾਣਪੁਣੇ 'ਚ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਕਿ ਸਦੀਆਂ ਉਸਦੀ ਭਰਪਾਈ ਨਹੀਂ ਹੋ ਸਕਦੀ , ਜਿਵੇਂ ਬਲਬੀਰ ਸਿੰਘ ਰਾਜੇਵਾਲ ਨੇ ਪਹਿਲਾਂ ਸਿੱਖੀ ਦੇ ਨਿਸ਼ਾਨਾਂ ਝੰਡੇ ਬੁੰਗਿਆਂ ਬਾਰੇ ਗਲਤ ਬਿਆਨੀ ਕੀਤੀ 'ਤੇ ਫਿਰ ਮੁਆਫੀ ਮੰਗ ਲਈ। ਬਹੁਤੇ ਸਿੱਖਾਂ ਨੇ ਕਿਸਾਨੀ ਸੰਘਰਸ਼ ਨੂੰ ਦੇਖਦਿਆਂ ਆਪਣੇ ਦਿਲ ਵੱਡੇ ਕਰਕੇ ਮੁਆਫ ਤਾਂ ਕਰ ਦਿੱਤਾ ਪਰ ਇਹ ਜਖ਼ਮ 1947, ਜੂਨ 84 ਤੇ ਨਵੰਬਰ 84 ਤੋਂ ਵੀ ਕਿਤੇ ਵੱਧ ਭਵਿੱਖ ਵਿੱਚ ਰਿਸਦਾ ਰਹੇਗਾ। ਰਾਜੇਵਾਲ ਦੇ ਇਸ ਬਿਆਨ ਨੇ ਜਿੱਥੇ ਸਿੱਖਾਂ ਦੇ ਅੰਦਰ ਬੈਠੀ ਜੁਝਾਰੂ ਆਤਮਾ ਨੂੰ ਬੁਜ਼ਦਿਲ ਬਣਾਉਣ ਦੀ ਕੋਸ਼ਿਸ ਕੀਤੀ ਹੈ, ਉੱਥੇ ਸੰਘੀ ਸਰਕਾਰ ਨੂੰ ਜਿੱਤ ਵਰਗੀ ਮਜ਼ਬੂਤੀ ਦਿੱਤੀ ਹੈ।
ਰਾਜੇਵਾਲ ਸਾਹਬ ਦੇ ਇਸ ਬਿਆਨ ਤੋਂ ਆਉਣ ਵਾਲਾ ਸਮਾਂ ਸਾਫ਼ ਹੋ ਗਿਆ ਕਿ ਸੰਘੀ ਸਰਕਾਰ ਨੇ ਤਿੰਨੋ ਬਿੱਲ ਹੁਣ ਕਿਸੇ ਵੀ ਕੀਮਤ ਤੇ ਵਾਪਿਸ ਨਹੀਂ ਲੈਣੇ। ਇਸ ਸੰਘਰਸ਼ 'ਚ ਰਾਜੇਵਾਲ ਸਾਹਬ ਨੇ ਅਜਿਹੀ ਤਰੇੜ ਪਾ ਦਿੱਤੀ ਹੈ ਕਿ ਇਸਨੇ ਜਦੋਂ ਵੀ ਸਟੇਜ ਤੋਂ ਬੋਲਣਾਂ ਹੈ ਤਾਂ ਲੋਕਾਂ ਦੇ ਤਾਹਨੇ-ਮਿਹਣੇ ਵੱਜਣਗੇ। ਹੁਣ ਸਰਕਾਰ ਇਸ ਸੰਘਰਸ਼ ਵਿੱਚ ਵਿਸਾਖੀ ਤੱਕ ਲੰਮੇ ਸਮੇਂ ਵਾਲਾ, ਐਸਾ ਰੱਸਾ ਸੁੱਟੇਗੀ ਕਿ ਇਹ ਸੰਘਰਸ਼ ਇਸੇ ਰੱਸੇ ਵਿੱਚ ਉਲਝ ਕੇ ਰਹਿ ਜਾਵੇਗਾ। ਸਰਕਾਰ ਜਾਣਦੀ ਹੈ ਸਿੱਖੀ ਦੇ ਅੰਦਰਲੇ ਜ਼ਜ਼ਬੇ ਨੂੰ, ਸਰਕਾਰ ਸਮਝਦੀ ਹੈ ਕਿ ਜਿਹੜਾ ਗੁਰੂ ਦਾ ਸਿੱਖ ਇੱਕ ਵਾਰ ਘਰ ਚਲਾ ਗਿਆ ਉਹ ਇਸ ਰਾਜੇਵਾਲ ਦੇ ਬਿਆਨ ਕਰਕੇ ਵਾਪਿਸ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਨਹੀਂ ਬਣੇਗਾ ਕਿਉਂਕੀ ਹੁਣ ਘਰੀ ਬੈਠੇ ਸਿੱਖ, ਕਿਸਾਨੀ ਸੰਘਰਸ਼ ਕਰਕੇ ਇਸ ਬਿਆਨ ਨੂੰ ਆਪਣੇ ਦਿੱਲਾਂ 'ਚ ਦੱਬੀ ਤਾਂ ਬੈਠੇ ਹਨ ਪਰ, ਉਹ ਇਸ ਕਾਮਰੇਡੀ ਟੀਰ ਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ। ਇਹੀ ਕਾਰਨ ਹੈ ਕਿ ਰਾਜੇਵਾਲ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਸਰਕਾਰ ਦੇ ਹੌਸਲੇ ਬੁਲੰਦ ਹਨ, ਉੱਥੇ ਸਰਕਾਰੀ ਏਜੰਸੀਆਂ ਕਿਸਾਨੀ ਮੋਰਚੇ 'ਚ ਸਿੱਖਾਂ ਦੇ ਕਿੰਨੇ ਬੱਚੇ, ਬੁੱਢੇ ਤੇ ਨੌਜੁਆਨ ਹਨ, ਗਿਣਨ ਲੱਗ ਪਈ ਹੈ, ਸਰਕਾਰੀ ਜ਼ਰੀਆਂ ਸੈਟੇਲਾਈਟ ਹੈ ?? ਇਸ ਇਸ਼ਾਰੇ ਨੂੰ ਵੀ ਸਮਝਣਾ ਕਿ ਇਹ ਬਿਆਨ ਕੋਈ ਵੱਡਾ ਘੱਲੂਘਾਰਾ ਨਾ ਵਰਤਾਅ ਦੇਵੇ। ਇਹ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਵੀ ਹੋ ਸਕਦੈ ।
ਇਹ ਸੱਚ ਹੈ ਕਿ ਇਹ ਕਿਸਾਨ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ ਹੈ ਦੇਸ਼ ਦੇ ਸਾਰੇ ਰਾਜਾਂ ਦੀਆਂ ਕਿਸਾਨ ਯੂਨੀਅਨਾਂ ਆਪਣੇ-ਆਪਣੇ ਝੰਡੇ ਹੇਠ ਦਿੱਲੀ ਪਹੁੰਚ ਰਹੀਆਂ ਹਨ।
ਪੰਜਾਬ ਦੇ ਕਾਮਰੇਡ ਆਪਣੇ ਝੰਡੇ ਨੂੰ ਬਰਕਰਾਰ ਰੱਖਣ! ਪਰ ਸਿੱਖ ਕਿਸਾਨ ਪਹਿਲਾਂ ਸਿੱਖ ਹੈ ਬਾਅਦ 'ਚ ਕਿਸਾਨ ਹੈ। ਯਾਦ ਰੱਖਿਓ, ਕਿਸਾਨਾਂ ਦੇ ਮਸੀਹੇ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਨਿਸ਼ਾਨ ਸਾਹਿਬ ਹੇਠ ਹੀ ਅਜ਼ਾਦ ਸਿੱਖ ਰਾਜ ਦੀ ਪਾਰਲੀਮੈਂਟ ਨੇ ਆਪਣੇ ਪਹਿਲੇ ਪਾਸ ਕੀਤੇ ਮਤੇ 'ਚ "ਹਲਵਾਹਕ" ਕਿਸਾਨਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਸੀ। ਰਹੀ ਗੱਲ ਨਿਸ਼ਾਨ ਸਾਹਿਬ ਦੀ, ਕਰੋਨਾ ਮਹਾਮਾਰੀ ਸਮੇਂ ਖ਼ਾਲਸੇ ਦੀ ਬਿਨਾਂ ਭੇਦ-ਭਾਵ ਨਾਲ ਕੀਤੀ ਮਨੁੱਖਤਾ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਟੰਰਪ ਨੇ ਆਪਣੇ ਦੇਸ਼ ਦੇ ਝੰਡੇ ਨਾਲ ਦੋ ਮਹੀਨੇ ਤੱਕ ਨਿਸ਼ਾਨ ਸਾਹਿਬ ਝੁਲਾਇਆ, ਹੁਣ ਵੀ ਭਾਰਤੀ ਸਰਕਾਰ ਜੰਗ 'ਚ ਜਾਣ ਸਮੇਂ ਸਿੱਖ ਫੌਜ ਦੀਆਂ ਗੱਡੀਆਂ ਅੱਗੇ ਨਿਸ਼ਾਨ ਸਾਹਿਬ ਲਾਉਂਦੀ ਹੈ। ਦਿੱਲੀ ਦਾ ਕਿਹੜਾ ਕੋਨਾ ਹੈ ਜਿੱਥੇ ਪਹਿਲਾਂ ਤੋਂ ਨਿਸ਼ਾਨ ਸਾਹਿਬ ਨਹੀਂ ਝੂਲ ਰਹੇ? ਰਾਜੇਵਾਲ ਸਾਹਬ ਕਿਸਾਨੀ ਸੰਘਰਸ਼ ਦਾ ਜਿੰਨਾ ਹੱਕ ਤੁਹਾਡਾ ਹੈ ਓਨਾ ਹੀ ਨਿਹੰਗ ਸਿੰਘਾਂ ਦਾ ਵੀ ਹੈ, ਉਹ ਇਸ ਸੰਘਰਸ਼ ਦਾ ਹਿੱਸਾ ਹਨ।
ਰਾਜੇਵਾਲ ਸਾਹਬ ਅੱਖਾਂ ਖੋਲ੍ਹ ਕੇ ਦੇਖੋ ਖ਼ਾਲਸਾ ਏਡ ਦੇ ਬਣੇ ਕਿਸਾਨੀ ਮੋਰਚੇ 'ਚ ਸ਼ੈਲਟਰ ਹੋਮ, ਲੱਤਾਂ ਘੁੱਟਣ ਵਾਲੀਆਂ ਲੱਗੀਆਂ ਮਸ਼ੀਨਾਂ ਤੇ ਹੁਣ ਲੱਗਣ ਵਾਲਾ ਤਿੰਨ ਕਿਲੋਮੀਟਰ ਲੰਮਾਂ ਵਾਟਰ ਪਰੂਫ ਟੈਂਟ , ਇਹ ਵੀ ਤਾਂ ਖਾਲਸੇ ਦੇ ਨਾਮ 'ਤੇ ਹੀ ਮਿਲ ਰਿਹਾ ਹੈ , ਇਹ ਦਸਵੰਧ ਪ੍ਰਥਾ ਵੀ ਸਿੱਖ ਧਰਮ ਦੀ ਦੇਣ ਹੈ ਜੋ ਖਾਲਸਾ ਏਡ ਦੇ ਲੋਗੋ 'ਚ ਖੰਡੇ ਦਾ ਨਿਸ਼ਾਨ ਹੈ, ਉਸ ਵਾਰੇ ਤੁਹਾਡਾ ਕੀ ਖਿਆਲ ਹੈ? ਇਸ ਸਭ ਨੂੰ ਦੋਵਾਂ ਅੱਖਾਂ ਖੋਲ੍ਹ ਕੇ ਦੇਖੋ, ਨਾ ਕਿ ਕਾਮਰੇਡੀ ਅੱਖ ਦੇ ਟੀਰ ਨਾਲ ।
ਰਾਜੇਵਾਲ ਸਾਹਬ! ਸ਼ੱਕ ਹੈ ਸਰਕਾਰੀ ਏਜੰਸੀਆਂ ਤੁਹਾਡੀ ਖਰੀਦ ਕਰ ਚੁੱਕੀਆਂ ਹਨ (ਵਾਹਿਗੁਰੂ ਕਰੇ ਇਹ ਸ਼ੱਕ, ਸ਼ੱਕ ਹੀ ਹੋਵੇ) ਤੁਹਾਡਾ ਬਿਆਨ ਇਸ ਸੰਘਰਸ਼ ਨੂੰ ਫੇਲ੍ਹ ਕਰਨ ਵਾਲਾ ਕਦਮ ਹੈ। ਜੇ ਨਿਸ਼ਾਨ ਹੀ ਪੱਟਿਆ ਗਿਆ ਤਾਂ ਸਿੱਖਾਂ ਦਾ ਉੱਥੇ ਬੈਠਣ ਦਾ ਕੋਈ ਕੰਮ ਨਹੀਂ। ਮੁਗਲਾਂ ਤੋਂ ਪਿਛੋ ਪਿੱਛਲੇ 300 ਸਾਲ ਵਿੱਚ ਨਿਸ਼ਾਨ ਸਾਹਿਬ ਲਾਹੁਣ ਦੀ ਗੱਲ ਸਿਰਫ ਕਿਸਾਨ ਯੂਨੀਅਨ ਦੇ ਨਾਮ ਤੇ ਤੁਸੀਂ ਕੀਤੀ ਹੈ ਜੋ ਕਿਸੇ ਡੂੰਘੀ ਨਫ਼ਰਤ ਤੇ ਤੰਗਦਿਲੀ ਦਾ ਸਬੂਤ ਦਿੰਦੀ ਹੈ, ਗਾਹੇ-ਬਗਾਹੇ ਤੁਸੀਂ ਕਿਸਾਨ ਯੂਨੀਅਨ ਨੂੰ ਵੀ ਬਦਨਾਮ ਕਰ ਗਏ ਓ।
ਰਾਜੇਵਾਲ ਸਾਹਿਬ ਬੇਨਤੀ ਰੂਪੀ ਅਪੀਲ ਹੈ ਕਿ ਹੁਣ ਤੁਹਾਡੇ ਕੋਲ ਦੋ ਰਸਤੇ ਬਚਦੇ ਹਨ, ਪਹਿਲਾ ਕਿ ਤੁਸੀ ਘਰ ਪਰਤ ਆਓ , ਦੂਸਰਾ ਇਹ ਕਿ ਕਿਸੇ ਦੇ ਮੋਢੇ 'ਤੇ ਰੱਖ ਕਿ ਚਲਾਉਣ ਨਾਲੋਂ ਖੁਦ ਮਰਨ ਵਰਤ 'ਤੇ ਬੈਠ ਕਿ ਆਪਣੀ ਇਮਾਨਦਾਰੀ ਦਾ ਸਬੂਤ ਦਿਓ, ਕਿਉਕੀ ਤੁਹਾਡੇ ਇਸ ਬਿਆਨ ਕਰਕੇ ਕੋਈ ਵੱਡਾ ਘੱਲੂਘਾਰਾ ਵਾਪਰਨ ਵਾਲਾ ਹੈ, ਹੁਣ ਤੁਸੀਂ ਹੀ ਇਸ ਨੂੰ ਆਪਣੀ ਕੁਰਬਾਨੀ ਦੇਕੇ ਬਚਾਓ। ਜੇ ਨਹੀਂ ਤਾਂ ਫਿਰ ਕਬੂਲ ਲਵੋ ਕਿ ਤੁਸੀ ਵਿਕ ਚੁੱਕੇ ਹੋ। ਹਾਂ!ਜੇਕਰ ਤੁਹਾਨੂੰ ਕੁਝ ਮਰਨ ਵਰਤ ਦੌਰਾਨ ਹੋ ਜਾਂਦਾ ਹੈ ਤਾਂ ਦੂਜਾ ਨਾਮ ਮੇਰਾ ਲਿਖ ਦੇਣਾ। ਸਿੱਖ ਸੰਘਰਸ਼ਾਂ 'ਚੋਂ ਨਹੀਂ ਭੱਜਦੇ, ਨਾ ਹੀ ਗੁਰੂ ਸਮੇਤ ਗੁਰੂ ਦੇ ਨਿਸ਼ਾਨਾਂ ਦੀ ਓਟ ਛੱਡਦੇ ਹਨ " ਜਲ੍ਹੇ ਸ਼ਮ੍ਹਾਂ ਪਰਵਾਨੇ ਨੂੰ ਚਾਅ ਚੜਦਾ, ਸੜਕੇ ਮਰ ਜਾਂਦੈ ਡਰ ਕੇ ਲੁਕਦਾ ਨਹੀਂ। ਗੁਰੂ ਮੇਹਰ ਕਰੇ ।
--ਬਲਵਿੰਦਰ ਸਿੰਘ ਪੁੜੈਣ ( ਮੁੱਖ ਸੰਪਾਦਕ ਜੁਝਾਰ ਟਾਈਮਜ਼ )
No comments:
Post a Comment