IDPD ਦੀ ਟੀਮ ਨੇ ਲਾਇਆ ਕਿਸਾਨ ਮੇਲੇ ਵਿੱਚ ਇੱਕ ਹੋਰ ਮੈਡੀਕਲ ਕੈਂਪ
ਲੁਧਿਆਣਾ: 11 ਦਸੰਬਰ 2020:(ਐਮ ਐਸ ਭਾਟੀਆ//ਪੰਜਾਬ ਸਕਰੀਨ)::
ਕਿਸਾਨ ਕੇ ਪਾਂਵ ਮੈਂ ਸਬ ਕਾ ਪਾਂਵ |
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਦੇ ਸੀਨੀਅਰ ਵਾਈਸ ਪ੍ਰਧਾਨ ਡਾ ਅਰੁਣ ਮਿੱਤਰਾ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਨੇ 9 ਅਤੇ 10 ਦਸੰਬਰ ਨੂੰ ਸਿੰਘੂ ਬਾਰਡਰ ਤੇ ਦੂਸਰਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਹੈ। ਇਸ ਵਿੱਚ ਦੋਨਾਂ ਦਿਨਾਂ ਵਿੱਚ 600 ਦੇ ਕਰੀਬ ਲੋਕਾਂ ਨੇ, ਜੋ ਕਿ ਵਧ ਰਹੀ ਸਰਦੀ ਕਾਰਨ ਬਿਮਾਰੀਆਂ ਦੇ ਸ਼ਿ਼ਕਾਰ ਸਨ, ਚੈੱਕਅੱਪ ਕਰਵਾਇਆ।
ਇਨ੍ਹਾਂ ਵਿਚ ਬਜ਼ੁਰਗ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਅੰਦੋਲਨ ਕਰ ਰਹੇ ਧਰਨਾਕਾਰੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਡਾ ਮਿੱਤਰਾ ਨੇ ਕਿਹਾ ਕਿ ਇਨ੍ਹਾਂ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਤੇ ਬੈਠੇ ਕਿਸਾਨਾਂ ਤੇ ਮਜਦੂਰਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਸਰਕਾਰ ਵਲੋਂ ਇੱਥੇ ਅੰਦੋਲਨਕਾਰੀਆਂ ਦੀ ਸਿਹਤ ਸੰਭਾਲ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਹੋਇਆ ਹੈ ਤੇ ਸਮੁਚੀ ਸਿਹਤ ਸੰਭਾਲ ਗੈਰਸਰਕਾਰੀ ਸੰਸਥਾਵਾਂ ਵਲੋਂ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਦਸ ਦਸੰਬਰ ਨੂੰ ਇਹ ਹੋਰ ਵੀ ਜਰੂਰੀ ਬਣ ਜਾਂਦਾ ਹੈ ਕਿਉਂਕਿ ਸਿਹਤ ਸੰਭਾਲ ਦੀਆਂ ਸਹੂਲਤਾਂ ਧਰਨਾਕਾਰੀਆਂ ਦਾ ਮਨੁੱਖੀ ਹੱਕ ਹੈ। ਇਸ ਮੈਡੀਕਲ ਟੀਮ ਵਿਚ ਡਾ ਮਿੱਤਰਾ ਤੋਂ ਇਲਾਵਾ ਡਾ ਸੂਰਜ, ਕੁਲਦੀਪ ਸਿੰਘ ਬਿੰਦਰ, ਅਨੋਦ ਕੁਮਾਰ ਅਤੇ ਐਮ ਐਸ ਭਾਟੀਆ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਤੋਂ ਪਹਿਲਾਂ ਵੀ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਨੇ ਕਿਸਾਨਾਂ ਦੇ ਲਈ ਦੋ ਅਤੇ ਤਿੱਨ ਤਰੀਕ ਨੂੰ ਵੀ ਮੈਡੀਕਲ ਕੈਂਪ ਲਗਾਇਆ ਸੀ। ਇਸ ਲਈ ਡਾਕਟਰਾਂ ਦੀ ਇਕ ਰਿਲੀਫ ਟੀਮ ਸਿੰਘੂ ਬਾਰਡਰ ਤੇ ਪੁੱਜੀ। ਇਸ ਟੀਮ ਵਿੱਚ ਡਾ ਅਰੁਣ ਮਿੱਤਰਾ, ਡਾ ਨੀਲਮ, ਡਾ ਸੂਰਜ, ਕੁਲਦੀਪ ਸਿੰਘ ਬਿੰਦਰ ਅਤੇ ਅਨੂਪ ਕੁਮਾਰ ਸ਼ਾਮਲ ਹਨ। ਪਹਿਲੇ ਦਿਨ ਟੀਮ ਦੋ ਸੌ ਤੋਂ ਵੱਧ ਮਰੀਜ਼ ਦੇਖੇ ਗਏ। ਠੰਢ ਅਤੇ ਥਕੇਵੇਂ ਦੇ ਕਾਰਨ ਲੋਕਾਂ ਵਿਚ ਜ਼ੁਕਾਮ, ਖਾਂਸੀ ,ਦਮਾ, ਛਾਤੀ ਦੀ ਇਨਫੈਕਸ਼ਨ, ਪੇਟ ਵਿਚ ਜਲਨ, ਗੈਸ, ਚਮੜੀ ਰੋਗ ਅਤੇ ਖਾਜ਼ ਆਦਿ ਦੀਆਂ ਬਿਮਾਰੀਆਂ ਦੇਖੀਆਂ ਗਈਆਂ। ਜਾਂਚ ਕੀਤੇ ਗਏ ਰੋਗੀਆਂ ਵਿਚੋਂ ਦੋ ਰੋਗੀ 90 ਤੇ 85 ਸਾਲ ਦੇ ਸਨ, ਜੋ ਕਿ ਇਸ ਉਮਰ ਵਿਚ ਵੀ ਪੂਰੇ ਜੋਸ਼ ਨਾਲ ਆਪਣੇ ਕਾਜ ਲਈ ਉਥੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਹਨ। ਜ਼ਿਆਦਾਤਰ ਮਰੀਜ਼ 55 ਤੋਂ 65 ਸਾਲ ਦੀ ਉਮਰ ਦੇ ਆਏ। ਇਸ ਕਠਿਨ ਪ੍ਰਸਥਿਤੀ ਦੇ ਵਿੱਚ ਵੀ ਸੰਘਰਸ਼ਸ਼ੀਲ ਕਿਸਾਨਾਂ ਔਰਤਾਂ ਇਥੋਂ ਤੱਕ ਕਿ ਬੱਚਿਆਂ ਵਿੱਚ ਵੀ ਜੋਸ਼ ਦੇਖਣ ਵਾਲਾ ਸੀ ਤੇ ਬੜਾ ਉਤਸ਼ਾਹ ਪੈਦਾ ਕਰਨ ਵਾਲਾ ਸੀ। ਇਨ੍ਹਾਂ ਦੋਨਾਂ ਦਿਨਾਂ ਵਿੱਚ ਤਕਰੀਬਨ 400 ਦੇ ਕਰੀਬ ਅੰਦੋਲਨਕਾਰੀ ਕਿਸਾਨਾਂ ਨੇ ਆਪਣਾ ਚੈੱਕਅੱਪ ਕਰਵਾਇਆ।
ਇਸ ਵਾਰ 10 ਦਸੰਬਰ ਦੀ ਅੱਧੀ ਰਾਤ ਨੂੰ ਵਾਪਿਸ ਮੁੜਦਿਆਂ ਰਸਤੇ ਵਿੱਚ ਦੇਖੇ ਗਏ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਵੀ ਇਸ ਟੀਮ ਨੇ ਮੁਢਲੀ ਡਾਕਟਰੀ ਸਹਾਇਤਾ ਦਿੱਤੀ।
No comments:
Post a Comment