ਹਰ ਪਾਸੇ ਨਜ਼ਰ ਆ ਰਿਹਾ ਸੀ ਇਨਕਲਾਬੀ ਜੋਸ਼
ਲੁਧਿਆਣਾ: 5 ਨਵੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਖੇਤੀ ਬਾੜੀ ਦਾ ਸਾਰਾ ਕੰਮਕਾਜ ਕਿਸਾਨਾਂ ਕੋਲੋਂ ਖੋਹ ਕੇ ਕਾਰਪੋਰੇਟ ਦੇ ਹਵਾਲੇ ਕਰਨ ਵਾਲੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਕਾ ਜਾਮ ਦਾ ਸੱਦਾ ਸਾਰੇ ਦੇਸ਼ ਵਿੱਚ ਹੀ ਸੀ। ਸਾਡੀ ਟੀਮ ਲੁਧਿਆਣਾ ਤੋਂ ਰਾਏਕੋਟ ਹੋਈ ਸ਼ੁਰੂ ਸ਼ੁਰੂ ਵਿੱਚ ਸੜਕਾਂ ਖਾਲੀ ਸਨ। ਲੱਗਦਾ ਸੀ ਇਹ ਸੱਦਾ ਪੰਜਾਬ ਵਿੱਚ ਵੀ ਫਲਾਪ ਹੋ ਰਿਹਾ ਹੈ ਪਰ ਪੌਣੇ ਕੁ ਬਾਰਾਂ ਵੱਜਦੇ ਹੀ ਕਿਸਾਨਾਂ ਦੇ ਜੱਥੇ ਅਤੇ ਉਹਨਾਂ ਦੇ ਸਮਰਥਕ ਸੜਕਾਂ ਤੇ ਨਜ਼ਰ ਆਉਣ ਲੱਗ ਪਏ। ਗਹੌਰ ਪਿੰਡ ਨੇੜੇ ਸਾਨੂੰ ਇਸ ਸਰਤੇ ਤੇ ਪਹਿਲਾ ਇਕੱਠ ਨਜ਼ਰ ਆਇਆ। ਰਿਲਾਇੰਸ ਦੇ ਪੈਟਰੋਲ ਪਨਮ ਸਾਹਮਣੇ ਕਿਸਾਨਾਂ ਦੇ ਜੱਥੇ ਬੜੇ ਹੀ ਸ਼ਾਂਤਮਈ ਢੰਗ ਨਾਲ ਡਟੇ ਹੋਏ ਸਨ। ਸੜਕ ਦੇ ਇੱਕ ਪਾਸੇ ਬਾਕਾਇਦਾ ਟਰਾਲੀਆਂ ਖੜੀਆਂ ਕਰ ਕੇ ਰਸਤਾ ਰੋਕ ਦਿੱਤਾ ਗਿਆ ਸੀ। ਸੜਕ ਦਾ ਦੂਜਾ ਹਿੱਸਾ ਕੇਵਲ ਵਲੰਟੀਅਰਾਂ ਨੂੰ ਖੜੇ ਕਰ ਕੇ ਰੋਕਿਆ ਗਿਆ ਸੀ ਤਾਂਕਿ ਐਂਬੂਲੈਂਸ ਅਤੇ ਮੀਡੀਆ ਵਰਗੀਆਂ ਸੇਵਾਵਾਂ ਨੂੰ ਨਿਰਵਿਘਨ ਡਿਊਟੀ ਕਰਨ ਦਿਤੀ ਜਾਏ।
ਇਸਤੋਂ ਬਾਅਦ ਭਨੋਹੜ ਪੰਜਾਬ ਵਿਖੇ ਬਹੁਤ ਹੀ ਭਰਵਾਂ ਇਕੱਠ ਸੀ। ਟਰਾਲੀਆਂ ਦੇ ਨਾਲ ਨਾਲ ਵੱਡੀ ਸਟੇਜ ਵੀ ਸੜਕ ਤੇ ਕਾਇਮ ਸੀ। ਜੋਸ਼ੀਲੀਆਂ ਵਾਰਾਂ ਵਰਗਾ ਗੀਤ ਸੰਗੀਤ ਚੱਲ ਰਿਹਾ ਸੀ। ਰਵਾਇਤੀ ਮੀਡੀਆ ਦੇ ਨਾਲ ਨਾਲ ਕਿਸਾਨਾਂ ਦੇ ਆਪੋ ਆਪਣੇ ਮੀਡੀਆ ਦਸਤੇ ਵੀ ਇੱਕ ਇੱਕ ਪਲ ਦੀ ਖਬਰ ਨੂੰ ਰਿਕਾਰਡ ਕਰ ਰਹੇ ਸਨ। ਜੇ ਕੋਈ ਇਸ ਪ੍ਰੋਗਰਾਮ ਵਿੱਚ ਸ਼ਰਾਰਤ ਕਰਨ ਦੀ ਸਾਜ਼ਿਸ਼ ਕਰਦਾ ਤਾਂ ਉਸਨੇ ਨਿਸਚੇ ਹੀ ਕਈ ਕਈ ਕੈਮਰਿਆਂ ਵਿੱਚ ਰਿਕਾਰਡ ਹੋ ਜਾਣਾ ਸੀ। ਇਸਦੇ ਨਾਲ ਚਾਹ ਦਾ ਅਟੁੱਟ ਲੰਗਰ ਵੀ ਵਰਤ ਰਿਹਾ ਸੀ। ਛੋਟੀ ਲਾਚੀ, ਵੱਡੀ ਲਾਚੀ, ਲੌਂਗ, ਮੁਲੱਠੀ ਅਤੇ ਸੌਂਫ ਵਰਗੀਆਂ ਹਨ। ਚੀਜ਼ਾਂ ਦਾ ਮਸਲਾ ਪਾ ਕੇ ਚਾਹ ਬਣਾਈ ਗਈ ਸੀ। ਵੱਡਾ ਪਤੀਲਾ ਖਤਮ ਹੋਣ ਤੇ ਆਉਂਦਾ ਤਾਂ ਨਾਲ ਹੀ ਹੋਰ ਚਾਹ ਅੱਗ ਤੇ ਧਰ ਦਿੱਤੀ ਜਾਂਦੀ। ਅੱਗ ਦਾ ਪ੍ਰਬੰਧ ਬਾਕਾਇਦਾ ਗੈਸ ਨਾਲ ਕੀਤਾ ਗਿਆ ਸੀ। ਕਿਸਾਨਾਂ ਅਤੇ ਰਿਟਾਇਰ ਕਿਸਮ ਦੇ ਵਿਅਕਤੀਆਂ ਦੇ ਕਈ ਕਈ ਝੁੰਡ ਮੋਦੀ ਸਰਕਾਰ ਦੀਆਂ ਨਿਖੇਧੀਆਂ ਕਰ ਰਹੇ ਸਨ।
ਇਸ ਤੋਂ ਬਾਅਦ ਕਈ ਹੋਰ ਥਾਂਈ ਵੀ ਅਜਿਹੇ ਹੀ ਇਕੱਠ ਨਜ਼ਰ ਆਏ। ਹਲਵਾਰਾ ਵਾਲੇ ਟੋਲ ਟੈਕਸ ਤੇ ਕਿਸਾਨਾਂ ਦਾ ਜ਼ਬਰਦਸਤ ਨਾਕਾ ਸੀ। ਸਾਰੀਆਂ ਸੜਕਾਂ ਤੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਨ। ਸਪੀਕਰ ਦੇ ਨਾਲ ਨਾਲ ਸੀਸੀਟੀਵੀ ਵਾਲੇ ਕੈਮਰੇ ਵੀ ਵਰਤੇ ਜਾ ਰਹੇ ਸਨ। ਕਿਸਾਨਾਂ ਦੇ ਆਪੋ ਆਪਣੇ ਮੋਬਾਈਲ ਕੈਮਰੇ ਵੀ ਸਰਗਰਮ ਸਨ। ਮੀਡੀਆ ਦੇ ਇਕ ਤਰਫ ਜਾਂ ਵਿਕਾਊ ਹੋ ਜਾਣ ਤੋਂ ਬਾਅਦ ਜਨਤਾ ਦੇ ਬਹੁਤ ਸਾਰੇ ਵਰਗ ਮੀਡੀਆ ਵਰਗੀਆਂ ਡਿਊਟੀਆਂ ਵੀ ਖੁਦ ਨਿਭਾਉਣ ਲੱਗ ਪਏ ਹਨ। ਇਹਨਾਂ ਦੇ ਇਲਾਕਿਆਂ ਵਿੱਚ ਲੋਕ ਹੁਣ ਰਵਾਇਤੀ ਟੀਵੀ ਚੈਨਲਾਂ ਦੀ ਬਜਾਏ ਇਹਨਾਂ ਦੇਸੀ ਮੀਡੀਆ ਗਰੁੱਪਾਂ ਦੀਆਂ ਖਬਰਾਂ ਤੇ ਜ਼ਿਆਦਾ ਯਕੀਨ ਕਰਨ ਲੱਗ ਪਏ ਹਨ। ਹਲਵਾਰੇ ਤੋਂ ਕੁਝ ਉਰੇ ਹੀ ਪੁਲਿਸ ਵਾਲਿਆਂ ਨੇ ਵੀ ਸਾਨੂੰ ਸੁਚੇਤ ਕੀਤਾ ਕਿ ਜ਼ਰੂਰ ਜਾਣਾ ਹੈ ਤਾਂ ਆਪਣੇ ਰਿਸਕ ਤੇ ਜਾਓ। ਅੱਗੇ ਕਿਸਾਨ ਬੈਠੇ ਹਨ ਤੇ ਕਿਸੇ ਨੂੰ ਨਹੀਂ ਲੰਘਣ ਦੇਂਦੇ।
ਪੂਰੇ ਰਸਤੇ ਵਿੱਚ ਇਸ ਅੰਦੋਲਨ ਦੀ ਕਵਰੇਜ ਕਰਦਿਆਂ ਅਜਿਹੀਆਂ ਦੇਸੀ ਮੀਡੀਆ ਟੋਲੀਆਂ ਕਈ ਥਾਂਈਂ ਸਰਗਰਮ ਨਜ਼ਰ ਆਈਆ ਜਿਹਨਾਂ ਦੇ ਹੱਥਾਂ ਵਿੱਚ ਬਾਕਾਇਦਾ ਪ੍ਰੋਫੈਸ਼ਨਲ ਕੈਮਰੇ ਅਤੇ ਸਟੈਂਡ ਸਨ। ਇਹ ਰਿਕਾਰਡ ਕੀਤੀਆਂ ਵੀਡੀਓ ਪਿੰਡ ਪਿੰਡ ਫੈਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਦਸਤਾਵੇਜ਼ੀ ਫ਼ਿਲਮਾਂ ਵਾਂਗ ਬਣ ਜਾਣਾ ਹੈ।
ਹਲਵਾਰੇ ਵਾਲਾ ਧਰਨਾ ਟੱਪਦਿਆਂ ਹੀ ਸਾਨੂੰ ਸਾਡੇ ਨਾਲ ਜਾ ਰਹੇ ਪੱਤਰਕਾਰ ਮਿੱਤਰ ਗੁਰਮੇਲ ਮੈਲਡੇ ਦੇ ਕੋਈ ਵਾਕਫ਼ਕਾਰ ਨਿਰਭੈ ਸਿੰਘ ਹੁਰਾਂ ਨੇ ਆਵਾਜ਼ ਮਾਰ ਲਈ। ਉੱਥੇ ਉਹਨਾਂ ਆਪਣਾ ਸਰਪੰਚ ਢਾਬਾ ਬਣਾਇਆ ਹੋਇਆ ਹੈ ਜਿਹੜਾ ਪੂਰੀ ਤਰਾਂ ਵੈਸ਼ਨੋ ਹੈ। । ਬਹੁਤ ਹੀ ਸਨੇਹ ਨਾਲ ਉਹਨਾਂ ਚਾਹ ਪਿਆ ਕੇ ਹੀ ਭੇਜਿਆ। ਸਰਪੰਚ ਢਾਬੇ ਦੀ ਚਾਹ ਪੀ ਕੇ ਸਾਡੀ ਰਫਤਾਰ ਵੀ ਤੇਜ਼ ਹੋ ਗਈ। ਨਿਰਭੈ ਸਿੰਘ ਹੁਰਾਂ ਨੇ ਆਪਣੇ ਪਿੰਡ ਰਾਜੋਆਣਾ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਸੁਣਾਈਆਂ। ਉਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕਿ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਦੀ ਇੱਕ ਇੱਕ ਚਲਾਕੀ ਬਹੁਤ ਹੀ ਚੰਗੀ ਤਰਾਂ ਸਮਝ ਆਉਂਦੀ ਹੈ।
No comments:
Post a Comment