Tuesday, November 03, 2020

ਹੁਣ ਪਤਾ ਲੱਗਾ ਹਿੰਦੁਸਤਾਨ ਕਿਉਂ ਬੁਢਾ ਹੋ ਗਿਆ !!!

 ਐਮ ਐਸ ਭਾਟੀਆ ਵੱਲੋਂ ਪੋਸਟ ਕੀਤੀ ਗਈ ਇੱਕ ਵਿਸ਼ੇਸ਼ ਲਿਖਤ 


ਲੁਧਿਆਣਾ
: 3 ਨਵੰਬਰ 2020: (ਕਾਮਰੇਡ ਸਕਰੀਨ)::

ਲੇਖਕ: ਐਮ ਐਸ ਭਾਟੀਆ 
ਸਾਥੀ ਜੀ ਪਹਿਲਾਂ ਇੱਕ ਜ਼ਰੂਰੀ ਸੂਚਨਾ। ਪਾਰਟੀ ਦੇ ਲਈ ਦਿਨਰਾਤ ਭੱਜਨੱਠ ਕਤਰਨ ਵਾਲੇ ਐਮ ਐਸ ਭਾਟੀਆ ਹੁਰਾਂ ਦੀ ਸਿਹਤ ਠੀਕ ਨਹੀਂ। ਡਾਕਟਰਾਂ ਨੇ ਉਹਨਾਂ ਘਟੋਘੱਟ ਤਿੰਨਾਂ ਮਹੀਨਿਆਂ ਲਈ ਪੂਰਾ ਅਰਾਮ ਦੱਸਿਆ ਹੈ। ਨਾ ਹੀ ਡਰਾਈਵਿੰਗ ਦੀ ਆਗਿਆ ਹੈ ਅਤੇ ਨਹੀਂ ਕਿਸੇ ਹੋਰ ਖੇਚਲ ਦੀ। ਇਸਦੇ ਬਾਵਜੂਦ ਸ਼੍ਰੀ ਭਾਟੀਆ ਆਪਣੇ ਸੀਨੀਅਰ-ਆਪਣੇ ਉਸਤਾਦ ਡਾਕਟਰ ਅਰੁਣ ਮਿੱਤਰਾ ਵਾਂਗ ਦਿਨ ਰਾਤ ਲੱਗੇ ਰਹਿੰਦੇ ਹਨ। ਜ਼ਰੂਰੀ ਹੋਵੇ ਤਾਂ ਕੈਬ ਜਾਂ ਬਾਈਕ ਮੰਗਵਾ ਕੇ ਮੀਟਿੰਗ ਵਿੱਚ ਵੀ ਪਹੁੰਚਦੇ ਹਨ। ਇਸੇ ਥੋਹੜੇ ਬਹੁਤੇ ਆਰਾਮ ਨਾਲ ਉਹਨਾਂ ਬਹੁਤ ਕੁਝ ਨਵਾਂ ਵੀ ਪੜ੍ਹਿਆ ਹੈ। ਇੱਕ ਪੁਸਤਕ ਸਵਾਮੀ ਵਿਵੇਕਾਨੰਦ ਹੁਰਾਂ ਦੀਆਂ ਯਾਤਰਾਵਾਂ ਬਾਰੇ ਵੀ। ਤੁਹਾਨੂੰ ਚੇਤੇ ਹੋਵੇਗਾ ਕਿ ਸਵਾਮੀ ਵਿਵੇਕਾਨੰਦ ਵੀ ਨਾਸਤਿਕ ਸਨ ਅਤੇ ਰੱਬ ਬਾਰੇ ਤਿੱਖੇ ਸੁਆਲਾਂ ਦੀ ਬੁਛਾੜ ਵੀ ਕਰੀਏ ਕਰਦੇ ਸਨ। ਪੜ੍ਹੋ ਇਸ ਲਿਖਤ ਵਿੱਚ ਕਿ ਸਦਾ ਦੇਸ਼ ਜਲਦੀ ਬੁੱਢਾ ਕਿਓਂ ਹੋ ਰਿਹਾ ਹੈ?        --ਰੈਕਟਰ ਕਥੂਰੀਆ (ਸੰਪਾਦਕ)

ਸਵਾਮੀ ਵਿਵੇਕਾਨੰਦ ਅਮਰੀਕਾ ਜਾ ਰਿਹਾ ਸੀ । ਉਦੋਂ ਸਫ਼ਰ ਸਮੁੰਦਰੀ ਜਹਾਜਾਂ ਰਾਹੀਂ ਹੁੰਦਾ ਸੀ ਤੇ ਇਸ ਵਿੱਚ ਕਈ ਮਹੀਂਨੇ ਲੱਗਦੇ ਸਨ। ਸਵਾਮੀ ਨੇ ਵੇਖਿਆ ਕਿ ਜਹਾਜ਼ ਤੇ ਬਾਕੀ ਸਾਰੇ ਲੋਕ ਤਾਂ ਮੌਜ-ਮਸਤੀ ਕਰਦੇ ਰਹਿੰਦੇ ਹਨ ਪਰ ਇੱਕ ਬਜ਼ੁਰਗ ਪਾਸੇ ਬੈਠਾ ਕੁਝ ਪੜ੍ਹਦਾ ਰਹਿੰਦਾ ਹੈ। ਵਿਵੇਕਾਨੰਦ ਤੋਂ ਨਾ ਰਿਹਾ ਗਿਆ ਤੇ ਆਖਿਰ ਇੱਕ ਦਿਨ ਪੁੱਛ ਹੀ ਲਿਆ: ਬਜ਼ੁਰਗੋ, ਤੁਸੀਂ ਕੀ ਪੜ੍ਹਦੇ ਰਹਿੰਦੇ ਹੋ?

ਉਸ ਨੇ ਜਵਾਬ ਦਿੱਤਾ: ਮੈਂ ਚੀਨੀ ਭਾਸ਼ਾ ਲਿਖਣੀ-ਪੜ੍ਹਨੀ ਸਿੱਖਣ ਦਾ ਯਤਨ ਕਰ ਰਿਹਾ ਹਾਂ।

ਚੀਨੀ ਲਿਖਣ ਲਈ ਇਸ ਵਿੱਚ ਊੜਾ, ਆੜਾ ਤਾਂ ਹੈ ਨਹੀਂ ਸਗੋਂ ਹਰ ਸ਼ਬਦ ਲਈ ਵੱਖਰੀ ਤਸਵੀਰ ਹੈ ਜੋ ਕਿ ਚੇਤੇ ਰੱਖਣੀ ਪੈਂਦੀ ਹੈ। ਮੁਹਾਰਤ ਨਾਲ ਚੀਨੀ ਲਿਖਣ ਲਈ ਬੰਦੇ ਨੂੰ ਹਜਾਰਾਂ ਤਸਵੀਰਾਂ ਯਾਦ ਕਰਨੀਆਂ ਪੈਂਦੀਆਂ ਹਨ ਜਿਸ ਵਿੱਚ ਘੱਟੋਂ-ਘੱਟ ਦਸ ਕੁ ਸਾਲ ਲੱਗ ਜਾਂਦੇ ਹਨ।

ਵਿਵੇਕਾਨੰਦ ਨੇ ਬਜ਼ੁਰਗ ਨੂੰ ਪੁੱਛਿਆ: ਤੁਹਾਡੀ ਉਮਰ ਕਿੰਨੀ ਹੈ?

ਬਜੁਰਗ ਕਹਿੰਦਾ: ਮੈਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ। ਫੇਰ ਮੋਟਾ ਜਿਹਾ ਹਿਸਾਬ ਲਾ ਕੇ ਕਹਿੰਦਾ: ਹੋਣੀ ਐ 90-95 ਸਾਲ।

ਵਿਵੇਕਾਨੰਦ ਕਹਿੰਦਾ: ਤੁਸੀਂ ਹੁਣ ਚੀਨੀ ਪੜ੍ਹਨੀ-ਲਿਖਣੀ ਸਿੱਖਣ ਲੱਗੇ ਹੋ। ਇਸ ਵਿੱਚ ਦਸ ਕੁ ਸਾਲ ਲੱਗਣਗੇ। ਫੇਰ ਜੋ ਚੀਜ਼ 10 ਸਾਲ ਲਾ ਕੇ ਸਿੱਖੀ ਹੋਵੇ ਉਸ ਨੂੰ 10-20 ਸਾਲ ਵਰਤਿਆ ਹੀ ਨਾਂ ਤਾਂ ਕੀ ਫਾਇਦਾ ਹੋਇਆ ! ਪਰ ਉਦੋਂ ਨੂੰ ਤਾਂ ਤੁਸੀਂ ਮਰ ਜਾਂਉਂਗੇ।

ਬਜੁਰਗ ਕਹਿੰਦਾ: ਭਾਈ ਮਰਣ ਦਾ ਡਰ ਤਾਂ ਉਸ ਦਿਨ ਵੀ ਉੰਨਾ ਹੀ ਸੀ ਜਿਸ ਦਿਨ ਮੈਂ ਜੰਮਿਆ ਸੀ। ਜੇਕਰ ਮਰਣ ਦੇ ਡਰ ਤੋਂ ਸਿੱਖਣਾ ਬੰਦ ਕਰ ਦਿੰਦਾ ਤਾਂ ਮੈਂ ਸਾਰੀ ਜਿੰਦਗੀ ਕੁੱਝ ਸਿਖਦਾ ਹੀ ਨਾ। ਪਰ ਮੇਰਾ 90-95 ਸਾਲ ਦਾ ਤਜਰਬਾ ਕਹਿੰਦਾ ਹੈ ਕਿ ਮੈਂ ਨਹੀਂ ਮਰਦਾ, ਮੈਂ ਹੁਣ ਵੀ ਨਹੀਂ ਮਰਦਾ।

ਫੇਰ ਬਜ਼ੁਰਗ ਨੇ ਸਵਾਮੀ ਨੂੰ ਪੁੱਛਿਆ: ਤੁਹਾਡੀ ਉਮਰ ਕਿੰਨੀ ਹੈ?

ਸਵਾਮੀ ਨੇ ਕਿਹਾ: ਤੀਹ ਸਾਲ।

ਬਜ਼ੁਰਗ ਦਾ ਜਵਾਬ ਸੀ: ਅਫਸੋਸ ਦੀ ਗੱਲ ਹੈ ਕਿ ਤੀਹ ਸਾਲ ਦਾ ਬੰਦਾ ਮੌਤ ਬਾਰੇ ਸੋਚ ਰਿਹਾ ਹੈ। ਓ ਭਾਈ, ਇਹ ਤਾਂ ਜਿੰਦਗੀ ਬਾਰੇ ਸੋਚਣ ਦੀ ਉਮਰ ਹੈ। ਮੈਂਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਕਿਉਂ ਬੁੜ੍ਹਾ ਹੋ ਗਿਐ?

ਸਾਡੇ ਸਾਰੇ ਧਰਮ ਮੌਤ ਦਾ ਡਰ ਵਿਖਾ ਵਿਖਾ ਕੇ ਬੰਦੇ ਨੂੰ ਮੂਰਖ ਬਣਾਈ ਰੱਖਦੇ ਹਨ। ਵਧੀਆ ਜਿਉਣਾ ਕੋਈ ਨਹੀਂ ਸਿਖਾਉਂਦਾ।

ਕਿਸੇ ਸਿਆਣੇ ਨੇ ਕਿਹਾ ਸੀ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੌਤ ਦੇ ਮਗਰੋਂ ਜਿੰਦਗੀ ਹੈ ਜਾਂ ਨਹੀਂ, ਫਰਕ ਇਸ ਗੱਲ ਨਾਲ ਪੈਂਦਾ ਹੈ ਕਿ ਮੌਤ ਤੋਂ ਪਹਿਲੇ ਜਿੰਦਗੀ ਹੈ ਜਾਂ ਨਹੀਂ। ਪਰ ਦੁਨੀਆ ਦੇ ਸਾਰੇ ਧਰਮ ਜਿੰਦਗੀ ਨੂੰ ਨਕਾਰਦੇ ਹਨ। ਇਹ ਇਹੋ ਮੰਤਰ ਰਟਾਉਂਦੇ ਹਨ ਕਿ ਮਰਨਾ ਸੱਚ ਤੇ ਜਿਉਣਾ ਝੂਠ ਜਦ ਕਿ ਅਸਲੀਅਤ ਇਸ ਦੇ ਉਲਟ ਹੈ। ਜਦੋਂ ਮਰਨਾ ਹੋਇਆ ਮਰ ਜਾਵਾਂਗੇ ਪਰ ਜਿਉਂਦੇ ਜੀਅ ਤਾਂ ਨਾਂ ਮਰੋ !! 

(ਕਾਮਰੇਡ ਸਕਰੀਨ ਅਤੇ ਸੀਪੀਆਈ ਗਰੁੱਪ ਚੋਂ ਧੰਨਵਾਦ ਸਾਹਿਤ)

No comments: