Tuesday, November 03, 2020

ਪਟਾਕੇ ਵੇਚਣ ਲਈ ਅਸਥਾਈ ਲਾਇਸੈਂਸ ਕੀਤੇ ਜਾਰੀ

 3rd November 2020 at 7:13 PM

 ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ  ਵੱਲੋਂ ਕੱਢਿਆ ਗਿਆ ਡਰਾਅ 


ਲੁਧਿਆਣਾ
: 03 ਨਵੰਬਰ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਲੀਨ ਐਡ ਗ੍ਰੀਨ ਦਿਵਾਲੀ ਮਨਾਉਣ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪਟਾਕੇ ਵੇਚਣ ਲਈ ਸੀਮਤ ਵਿਕਰੇਤਾਂਵਾਂ ਨੂੰ ਆਗਿਆ ਦਿੰਦਿਆਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ 41 ਕਾਰੋਬਾਰੀ ਵਿਅਕਤੀਆਂ  ਨੂੰ ਅਸਥਾਈ ਲਾਇਸੈਂਸ ਜਾਰੀ ਕੀਤੇ।ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਠ ਨਿਸ਼ਚਤ ਥਾਵਾਂ 'ਤੇ 41 ਵਿਕਰੇਤਾਵਾਂ ਨੂੰ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਟਾਕੇ ਵੇਚਣ ਦੇ ਚਾਹਵਾਨ ਲੋਕਾਂ ਕੋਲੋਂ ਕੁੱਲ 389 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਣਾ ਮੰਡੀ, ਸਲੇਮ ਟਾਬਰੀ ਲਈ ਪ੍ਰਾਪਤ ਹੋਏ ਕੁੱਲ 75 ਅਰਜ਼ੀਆਂ ਵਿਚੋਂ 13 ਵਿਕਰੇਤਾਵਾਂ ਨੂੰ ਲਾਇਸੈਂਸ ਅਲਾਟ ਕੀਤੇ ਗਏ ਹਨ, ਜਦਕਿ ਸੈਕਟਰ-39 ਦੇ ਗਲਾਡਾ ਗਰਾਉਂਡ ਲਈ 93 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 9 ਲਾਇਸੈਂਸ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, 53 ਬਿਨੈਕਾਰਾਂ ਨੇ ਮਾਡਲ ਟਾਊਨ ਵਿਖੇ ਪਟਾਕੇ ਵੇਚਣ ਲਈ ਦਰਖਾਸਤ ਦਿੱਤੀ ਸੀ, ਜਿਨ੍ਹਾਂ ਵਿਚੋਂ ਪੰਜ ਵਿਕਰੇਤਾਵਾਂ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਹੈ, ਜਦੋਂਕਿ ਗਲਾਡਾ ਗਰਾਉਂਡ ਦੁੱਗਰੀ ਲਈ 69 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਲੋਧੀ ਕਲੱਬ ਲਈ ਅਰਜ਼ੀ ਦਿੱਤੀ ਸੀ ਅਤੇ ਤਿੰਨਾਂ ਵਿਕਰੇਤਾਵਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ।  ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਹੰਬੜਾਂ ਅਤੇ ਖੰਨਾ ਵਿਚ ਕ੍ਰਮਵਾਰ 31 ਅਤੇ 43 ਅਰਜ਼ੀਆਂ ਵਿਚੋਂ 3-3 ਨੂੰ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕੀਤੇ ਹਨ ਹਨ ਜਦਕਿ ਜਗਰਾਉਂ ਵਿਚ ਸਿਰਫ ਇਕ ਲਾਇਸੈਂਸ ਨਿਰਧਾਰਤ ਕੀਤਾ ਗਿਆ ਹੈ ਜਿੱਥੇ 22 ਬਿਨੈਕਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸ੍ਰੀ ਜੇ.ਐਲਨਚੇਜੀਅਨ ਵੱਲੋਂ ਪਾਰਦਰਸ਼ੀ ਢੰਗ ਨਾਲ ਬਿਨੈਕਾਰਾਂ ਅਤੇ ਪੱਤਰਕਾਰਾਂ ਵੱਲੋਂ ਰੈਂਡਮਲੀ ਡਰਾਅ ਕੱਢਵਾਏ ਗਏ। 

No comments: