Sunday:1st Nov 2020 at 6:09 PM
ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਖਦਸ਼ਾ
ਲੁਧਿਆਣਾ: 01 ਨਵੰਬਰ 2020: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਮਾਲ ਗੱਡੀਆਂ ਦੀ ਕਮੀ ਦੇ ਚਿੰਤਾਜਨਕ ਨਤੀਜੇ ਹੁਣ ਐਨ ਸਿਰ ਤੇ ਹਨ। ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਨਾ ਹੋਣ ਦੀ ਸੂਰਤ 'ਚ, ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੀ ਸਥਿਤੀ ਹੋਰਨਾਂ ਬਹੁਤ ਸਾਰੇ ਖੇਤਰਾਂ ਦੀ ਵੀ ਹੋ ਸਕਦੀ ਹੈ। ਇਸਦੇ ਬਾਵਜੂਦ ਅਜੇ ਤੱਕ ਪੰਜਾਬ ਹਰਿਆਣਾ ਵਿੱਚ ਇਹਨਾਂ ਗੱਡੀਆਂ ਦੀ ਛੇਤੀ ਬਹਾਲੀ ਲਈ ਕੋਈ ਜਨ ਅੰਦੋਲਨ ਵਰਗੀ ਸਥਿਤੀ ਪੈਦਾ ਨਹੀਂ ਹੋ ਰਹੀ। ਸਿਰ ਤੇ ਆਈ ਮੁਸੀਬਤ ਵੀ ਲਗਾਤਾਰ ਅਣਗੌਲੀ ਜਿਹੀ ਪਈ ਹੈ। ਇਸਦੇ ਨਾਲ ਹੀ ਕੇਂਦਰ ਅਤੇ ਰਾਜਾਂ ਵਿਚਾਲੇ ਆਪਸੀ ਟਕਰਾਓ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਹਾਲਤ ਇੱਕ ਵਾਰ ਫਿਰ ਵਿਗੜਦੀ ਰਹੀ ਤਾਂ ਗੰਭੀਰ ਵੀ ਹੋ ਸਕਦੀ ਹੈ ਜਿਸਦਾ ਖਮਿਆਜ਼ਾ ਉਹਨਾਂ ਸਾਰੇ ਲੋਕਾਂ ਨੂੰ ਭੁਗਤਣਾ ਪੈਣਾ ਹੈ ਜਿਹਨਾਂ ਦਾ ਸਿਆਸਤ ਨਾਲ ਕੋਈ ਵਾਹ ਵਾਸਤਾ ਨਹੀਂ।
ਇਸਦੇ ਨਾਲ ਹੀ ਗੋਦਾਮਾਂ ਵਿਚ ਜਗ੍ਹਾ ਦੀ ਘਾਟ ਇਕ ਹੋਰ ਚਿੰਤਾ ਹੈ। ਚੱਲ ਰਹੇ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ, ਜੇਕਰ ਛੇਤੀ ਹੀ ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਨਹੀਂ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ ਜ਼ਿਲੇ ਨੂੰ ਝੋਨੇ ਦੀ ਸਾਰੀ ਫਸਲ ਨੂੰ ਭਰਨ ਲਈ ਕੁੱਲ 97000 ਗੱਠਾਂ ਦੀ ਜ਼ਰੂਰਤ ਹੈ, ਜਿਸ ਵਿਚੋਂ 70 ਪ੍ਰਤੀਸ਼ਤ ਗੱਠਾਂ ਮਿੱਲਰਾਂ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਦਕਿ ਕਿ 30 ਪ੍ਰਤੀਸ਼ਤ ਤਕਰੀਬਨ 28500 ਗੱਠਾਂ (1 ਗੱਠ ਵਿੱਚ 500 ਥੈਲਾ) ਦਾ ਪ੍ਰਬੰਧ ਰਾਜ ਦੀਆਂ ਖੁਰਾਕ ਏਜੰਸੀਆਂ ਦੁਆਰਾ ਕੀਤਾ ਜਾਣਾ ਹੈ। ਖੁਰਾਕ ਏਜੰਸੀਆਂ ਦੇ ਆਂਕੜਿਆਂ ਮੁਤਾਬਿਕ ਉਨ੍ਹਾਂ ਕੋਲ 22820 ਗੱਠਾਂ ਹਨ ਜਦੋਂ ਕਿ ਫਸਲ ਨੂੰ ਨਿਰਵਿਘਨ ਖਰੀਦਣ ਲਈ 5618 ਹੋਰ ਗੱਠਾਂ ਲੋੜੀਂਦੀਆ ਹਨ।
No comments:
Post a Comment