ਸਿੱਖ ਪੰਥ ਦੇ ਵਾਧੇ ਲਈ ਪੁਛੇ ਹਨ 20 ਸੁਆਲ ਅਤੇ ਨਾਲ ਹੀ ਮੰਗੇ ਹਨ ਸੁਝਾਅ
ਤੁਸੀਂ ਇਥੇ ਕਲਿੱਕ ਕਰਕੇ ਵੀ ਇਸ ਪ੍ਰੋਫਾਰਮੇ ਨੂੰ ਪੂਰਾ ਦੇਖ ਸਕਦੇ ਹੋ ਅਤੇ ਭਰ ਸਕਦੇ ਹੋ
ਚੰਡੀਗੜ੍ਹ//ਲੁਧਿਆਣਾ//ਸਿਰਸਾ:5 ਅਕਤੂਬਰ 2020: (ਪੰਜਾਬ ਸਕਰੀਨ ਬਿਊਰੋ)::
ਹਾਲਾਂਕਿ ਨਾਮਧਾਰੀ ਪੰਥ ਸਿੱਖ ਸੰਸਾਰ ਵਿੱਚ ਲੰਮੇ ਸਮੇਂ ਤੋਂ ਵਿਵਾਦਤ ਰਿਹਾ ਹੈ ਇਸਦੇ ਬਾਵਜੂਦ ਸਿੱਖ ਪੰਥ ਦੇ ਸਿਆਸੀ ਆਗੂਆਂ ਨੇ ਨਾ ਤਾਂ ਨਾਮਧਾਰੀ ਸਮਾਗਮਾਂ ਤੇ ਜਾਣਾ ਛੱਡਿਆ ਤੇ ਨਾ ਹੀ ਉਹਨਾਂ ਨਾਲ ਮਿਲਵਰਤਨ ਬੰਦ ਕੀਤਾ। ਇਸਦੇ ਉਲਟ ਜਦ ਜਦ ਵੀ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦੀ ਗੱਲ ਆਈ ਤਾਂ ਕੂਕੇ ਸ਼ਹੀਦਾਂ ਨੂੰ ਵੀ ਬੜੇ ਹੀ ਮਾਣ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਕਮਿਊਨਿਸਟ ਆਗੂ ਅਤੇ ਪੱਤਰਕਾਰ ਕਾਮਰੇਡ ਜਗਜੀਤ ਸਿੰਘ ਆਨੰਦ ਤਾਂ ਕਈ ਵਾਰ ਆਖਿਆ ਕਰਦੇ ਸਨ ਕਿ ਨਾਮਧਾਰੀਆਂ ਦਾ ਸਿੱਖੀ ਵਾਲਾ ਅੰਦਾਜ਼ ਬੜਾ ਉੱਚਾ ਸੁੱਚਾ ਹੈ। ਨਾਮਧਾਰੀਆਂ ਦੀਆਂ ਕੁਰਬਾਨੀਆਂ ਅਤੇ ਸੁੱਚਮ ਨੂੰ ਮੰਨਣ ਦੇ ਬਾਵਜੂਦ ਉਹਨਾਂ ਨੂੰ ਪੂਰੇ ਗੁਰਸਿੱਖ ਨਾ ਮੰਨਣ ਵਾਲੀ ਅੜੀ ਵੀ ਲੰਮੇ ਸਮੇਂ ਤੋਂ ਚਲੀ ਆਉਂਦੀ ਹੈ।ਸਵਰਗੀ ਨਾਮਧਾਰੀ ਆਗੂ ਸੰਤ ਦਲੀਪ ਸਿੰਘ ਹੁਰੀਂ ਇੱਕ ਗੱਲ ਸੁਣਾਇਆ ਕਰਦੇ ਸਨ ਕਿ ਇੱਕ ਵਾਰ ਸਰੱਬਤ ਧਰਮ ਦੇ ਪ੍ਰਤੀਨਿਧੀਆਂ ਦੀ ਕੋਈ ਸਭਾ ਚੱਲ ਰਹੀ ਸੀ। ਸਾਰਿਆਂ ਨੇ ਵਾਰੋਵਾਰੀ ਆਪਣਾ ਪੱਖ ਰੱਖਿਆ। ਜਦੋਂ ਨਾਮਧਾਰੀ ਬੋਲਣ ਲੱਗੇ ਤਾਂ ਮਸਲਾ ਖੜਾ ਹੋ ਗਿਆ। ਇਤਰਾਜ਼ ਸੀ ਕਿ ਜੇ ਤੁਸੀਂ ਸਿੰਘ ਹੋ ਤਾਂ ਫਿਰ ਸਿੱਖੀ ਵਾਲਾ ਕੱਕਾਰ ਦਿਖਾਓ ਨਹੀਂ ਤਾਂ ਬੋਲਣ ਦੀ ਜ਼ਿਦ ਛੱਡ ਦਿਓ ਤੇ ਬਾਹਰ ਜਾਓ। ਨਿਰਾਸ਼ ਹੋ ਕੇ ਜਦੋਂ ਸੰਤ ਦਲੀਪ ਸਿੰਘ ਬਾਹਰ ਜਾਣ ਲੱਗੇ ਤਾਂ ਕਿਸੇ ਨੇ ਯਾਦ ਕਰਾਇਆ ਕਿ ਕਿਰਪਾਨ ਤਾਂ ਤੁਹਾਡੇ ਕੰਘੇ ਵਿੱਚ ਵੀ ਹੈ। ਖਿਆਲ ਦਰੁਸਤ ਲੱਗਿਆ। ਸੰਤ ਜੀ ਨੇ ਕੰਘਾ ਕੱਢ ਕੇ ਉਹੀ ਕਿਰਪਾਨ ਕੱਢ ਕੇ ਪ੍ਰਬੰਧਕਾਂ ਨੂੰ ਦਿਖਾ ਦਿੱਤੀ ਕਿ ਆਹ ਦੇਖੋ ਸਾਡੇ ਕੋਲ ਵੀ ਕੱਕਾਰ ਦੀ ਸ਼ਰਤ ਤਾਂ ਪੂਰੀ ਹੁੰਦੀ ਹੀ ਹੈ। ਗੱਲ ਮੰਨ ਲਈ ਗਈ ਤੇ ਨਾਮਧਾਰੀ ਸੰਤਾਂ ਨੂੰ ਉਸ ਇਕੱਤਰਤਾ ਵਿੱਚ ਬੋਲਣ ਦੀ ਆਗਿਆ ਮਿਲ ਗਈ। ਗੱਲ ਆਈ ਗਈ ਹੋ ਗਈ ਅਤੇ ਇਸਨੂੰ ਵੀ ਕਾਫੀ ਸਮਾਂ ਲੰਘ ਗਿਆ। ਸੰਤ ਦਲੀਪ ਸਿੰਘ ਜੀ ਵੀ ਚੜ੍ਹਾਈ ਕਰ ਗਏ। ਹੁਣ ਉਹਨਾਂ ਦੇ ਬੇਟੇ ਸੰਤ ਨਵਤੇਜ ਸਿੰਘ ਜੀ ਬਹੁਤ ਸਰਗਰਮ ਹੈ ਅਤੇ ਉਸੇ ਤਰਾਂ ਠਰੰਮੇ ਵਾਲੇ ਅੰਦਾਜ਼ ਵਿੱਚ ਗੱਲ ਕਰਦੇ ਹਨ।
ਫਿਰ ਠਾਕੁਰ ਦਲੀਪ ਸਿੰਘ ਹੁਰਾਂ ਦੀ ਅਗਵਾਈ ਵਾਲਾ ਸਮਾਂ ਆਇਆ। ਨਾਮਧਾਰੀਆਂ ਦੀ ਵੱਡੀ ਗਿਣਤੀ ਨੇ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਆਪਣਾ ਸਤਿਗੁਰੂ ਮੰਨ ਲਿਆ। ਠਾਕੁਰ ਦਲੀਪ ਸਿੰਘ ਹੁਰਾਂ ਨੇ ਸ਼ਾਇਦ ਪਹਿਲੀ ਵਾਰ ਨਾਮਧਾਰੀ ਇਤਿਹਾਸ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲੇ ਵੱਡੇ ਵੱਡੇ ਕੈਲੰਡਰ ਛਪਵਾਏ। ਮਿਲਣ ਗਿਲਣ ਵੇਲੇ ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕਿ ਫਤਹਿ ਬੁਲਾਉਣ ਲਈ ਆਖਿਆ। ਇਸ ਗੱਲ ਨੂੰ ਸੰਗਤਾਂ ਨੇ ਹੁਕਮ ਵਾਂਗ ਮੰਨਿਆ ਵੀ। ਇਸਦੇ ਨਾਲ ਹੀ ਠਾਕੁਰ ਦਲੀਪ ਸਿੰਘ ਹੁਰਾਂ ਨੇ ਸਾਢੇ ਤਿੰਨ ਫੁੱਟੀ ਵੱਡੀ ਕਿਰਪਾਨ ਧਾਰਨ ਕਰਨ ਲਈ ਵੀ ਕਿਹਾ। ਇਹ ਤਬਦੀਲੀ ਦੇਖ ਕੇ ਮੈਨੂੰ ਸੰਤ ਦਲੀਪ ਸਿੰਘ ਹੁਰਾਂ ਵਾਲੀ ਉਹ ਗੱਲ ਯਾਦ ਆ ਗਈ ਜਿਸ ਵਿੱਚ ਉਹਨਾਂ ਕੰਘੇ ਵਿੱਚ ਲੱਗੀ ਨਿੱਕੀ ਜਿਹੀ ਕਿਰਪਾਨ ਦੀ ਗੱਲ ਸੁਣਾਈ ਸੀ। ਇਸ ਕੰਘੇ ਵਾਲੀ ਨਿੱਕੀ ਕਿਰਪਾਨ ਤੋਂ ਲੈ ਕੇ ਵੱਡੀ ਕਿਰਪਾਨ ਤੱਕ ਦਾ ਸਫ਼ਰ ਬਹੁਤ ਮਹੱਤਵਪੂਰਨ ਵੀ ਹੈ ਅਤੇ ਇਤਿਹਾਸਿਕ ਵੀ। ਇਸਨੇ ਨਾਮਧਾਰੀਆਂ ਅਤੇ ਸਿੱਖ ਪੰਥ ਦਰਮਿਆਨ ਦੀਆਂ ਕੁਝ ਕੁ ਦੂਰੀਆਂ ਨੂੰ ਖਤਮ ਕਰਨ ਵਿਹੁੱਚ ਬਹੁਤ ਸਹਾਇਤਾ ਕੀਤੀ ਹੈ। ਇਸਦੇ ਨਾਲ ਹੀ ਠਾਕੁਰ ਜੀ ਨੇ ਬੀਬੀਆਂ ਕੋਲੋਂ ਕੀਰਤਨ ਕਰਾਉਣ ਅਤੇ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਵਾਉਣ ਵਾਲੀ ਸ਼ੁਰੂਆਤ ਨੇ ਵੀ ਵਿਵਾਦਾਂ ਨੂੰ ਹਵਾ ਦਿੱਤੀ। ਕਿਸੇ ਨੇ ਵੀ ਇਸਦੇ ਖਿਲਾਫ ਕੋਈ ਦਲੀਲ ਤਾਂ ਨਹੀਂ ਦਿੱਤੀ ਪਰ ਵਿਰੋਧ ਕਰਨ ਵਾਲਿਆਂ ਨੇ ਵਿਰੋਧ ਜਾਰੀ ਰੱਖਿਆ।ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰ ਸਿੰਘਾਂ ਨੇ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਗਰੀਬ ਬੱਚਿਆਂ ਅਤੇ ਪਰਿਵਾਰਾਂ ਨੂੰ ਲੱਭਿਆ। ਉਹਨਾਂ ਦੀ ਪੜ੍ਹਾਈ ਲਿਖਾਈ ਅਤੇ ਕੰਮਧੰਦੇ ਦਾ ਪ੍ਰਬੰਧ ਕੀਤਾ। ਬਹੁਤ ਸਾਰੇ ਨਿਤਾਣਿਆਂ ਅਤੇ ਨਿਮਾਣਿਆਂ ਨੂੰ ਕੰਮ ਧੰਦੇ ਸ਼ੁਰੂ ਕਰਵਾ ਕੇ ਉਹਨਾਂ ਆਪਣੇ ਪੈਰਾਂ ਤੇ ਖੜੇ ਕੀਤਾ। ਪ੍ਰਭਾਵਿਤ ਹੋ ਕੇ ਉਹ ਸਿੰਘ ਵੀ ਸੱਜਣ ਲੱਗ ਪਾਏ ਅਤੇ ਤੰਬਾਕੂ ਵਰਗੀਆਂ ਬੁਰਾਈਆਂ ਤੋਂ ਵੀ ਦੂਰ ਹੋ ਗਏ। ਇਹ ਸਿਲਸਿਲਾ ਲਾਕ ਡਾਊਨ ਵਿੱਚ ਕੋਰੋਨਾ ਵਾਲੇ ਨਿਯਮਾਂ ਦੀ ਪਾਲਣਾ ਕਰਦਿਆਂ ਵੀ ਜਾਰੀ ਰਿਹਾ। ਦਿਲਚਸਪ ਗੱਲ ਹੈ ਕਿ ਇਸਦੇ ਨਾਲ ਹੀ ਨਾਮਧਾਰੀ ਸੰਗਤ ਨੇ ਬੜੀ ਹੀ ਖਾਮੋਸ਼ੀ ਦੇ ਨਾਲ ਸਭਨਾਂ ਨੂੰ ਬਿਨਾ ਕਿਸੇ ਵਿਤਕਰੇ ਦੇ ਰਾਸ਼ਨ ਵੀ ਪਹੁੰਚਾਇਆ ਅਤੇ ਲਾਕ ਡਾਊਨ ਵਾਲਾ ਔਖਾ ਸਮਾਂ ਕੱਢਣ ਵਿੱਚ ਸਹਾਈ ਸਾਬਤ ਹੋਏ। ਬਹੁਗਿਣਤੀ ਨਾਮਧਾਰੀਆਂ ਨੇ ਇਸ ਨੇਕ ਕੰਮ ਵੇਲੇ ਦੀਆਂ ਤਸਵੀਰਾਂ ਵੀ ਨਹੀਂ ਖਿਚਵਾਈਆਂ ਅਤੇ ਨਾ ਹੀ ਇਸਦਾ ਪਤਾ ਮੀਡੀਆ ਨੂੰ ਦੱਸਿਆ। ਮੀਡੀਆ ਨੂੰ ਇਸਦਾ ਪਤਾ ਬਹੁਤ ਹੀ ਦੇਰ ਨਾਲ ਆਮ ਲੋਕਾਂ ਕੋਲੋਂ ਹੀ ਲੱਗਿਆ। ਲਾਕ ਡਾਊਨ ਦੌਰਾਨ ਰਾਸ਼ਨ ਅਤੇ ਆਰਥਿਕ ਸਹਾਇਤਾ ਪਹੁੰਚਾਉਣ ਦਾ ਇਹ ਸਿਲਸਿਲਾ ਸਿਰਫ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਕਈ ਹਿੱਸਿਆਂ ਵਿੱਚ ਜਾਰੀ ਰਿਹਾ।
ਇਸੇ ਤਰਾਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਲਈ ਹੁੰਦੀਆਂ ਚੋਣਾਂ ਦਾ ਵੀ ਵਿਰੋਧ ਕੀਤਾ ਕਿਓਂਕਿ ਇਹਨਾਂ ਚੋਣਾਂ ਵਿੱਚ ਵੀ ਅਕਸਰ ਉਹ ਸਭ ਕੁਝ ਹੁੰਦਾ ਹੈ ਜਿਹੜਾ ਸਿਆਸੀ ਚੋਣਾਂ ਵਿੱਚ ਹੋਇਆ ਕਰਦਾ ਹੈ ਅਤੇ ਸਾਰੇ ਇਹਨਾਂ ਬੁਰਾਈਆਂ ਨੂੰ ਜਾਣਦੇ ਵੀ ਹਨ। ਇਹਨਾਂ ਬੁਰਾਈਆਂ ਕਾਰਨ ਇਹ ਚੋਣਾਂ ਕਿਸੇ ਵੀ ਤਰ੍ਹਾਂ ਧਾਰਮਿਕ ਨਹੀਂ ਰਹਿ ਜਾਂਦੀਆਂ। ਠਾਕੁਰ ਜੀ ਨੇ ਸੁਝਾਅ ਦਿੱਤਾ ਕਿ ਇਹਨਾਂ ਚੋਣਾਂ ਦੀ ਬਜਾਏ ਗੁਰਮਤਾ ਪਾ ਕੇ ਸਰਬਸੰਮਤੀ ਨਾਲ ਪ੍ਰਬੰਧਕ ਚੁਣੇ ਜਾਣ।ਸਿਖਕਝ ਪੰਥ ਨਾਲ ਨੇੜਤਾ ਵਧਾਉਣ ਅਤੇ ਸਮਾਜ ਦੇ ਡੱਬੇ ਕੁਚਲੇ ਵਰਗਾਂ ਨੂੰ ਉੱਚੀਆਂ ਉਠਾਉਣ ਵਾਲੇ ਉਪਰਾਲਿਆਂ ਮਗਰੋਂ ਠਾਕੁਰ ਜੀ ਦੇ ਇਹਨਾਂ ਕਦਮਾਂ ਦਾ ਵਿਰੋਧ ਉਹਨਾਂ ਦੇ ਵਿਰੋਧੀ ਧੜੇ ਵਾਲਿਆਂ ਨੇ ਵੀ ਕੀਤਾ ਪਰ ਠਾਕੁਰ ਦਲੀਪ ਸਿੰਘ ਅਡੋਲਤਾ ਨਾਲ ਚੱਲਦੇ ਰਹੇ। ਰਵਾਇਤਾਂ ਜਦੋਂ ਟੁੱਟਦੀਆਂ ਹਨ ਤਾਂ ਕੁਝ ਹਿੱਸਿਆਂ ਨੂੰ ਇਸਦਾ ਦਰਦ ਵੀ ਵੱਧ ਮਹਿਸੂਸ ਹੁੰਦਾ ਹੈ। ਠਾਕੁਰ ਦਲੀਪ ਸਿੰਘ ਇਹਨਾਂ ਰਵਾਇਤਾਂ ਨੂੰ ਤੋੜਦਿਆਂ ਅਸਲ ਵਿੱਚ ਧਰਮ ਦੇ ਸਲੀ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਹੁੰਦੇ ਹਨ। ਜੀ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਸਾਹਮਣੇ ਬੈਠ ਕੇ ਇੱਕੋ ਸਟੇਜ ਤੇ ਖਰੀਆਂ ਖਰੀਆਂ ਸੁਣਾਉਣਾ ਕੋਈ ਆਸਾਨ ਨਹੀਂ ਸੀ ਪਰ ਠਾਕੁਰ ਦਲੀਪ ਸਿੰਘ ਹੁਰਾਂ ਨੇ ਸਪਸ਼ਟ ਕਿਹਾ ਕਿ ਉਹ ਪਹਿਲਾਂ ਸਿੱਖ ਹਨ। ਕੋਈ ਤਾਕਤ ਉਹਨਾਂ ਨੂੰ ਸਿੱਖੀ ਤੋਂ ਇੰਚ ਭਰ ਵੀ ਨਹੀਂ ਹਟਾ ਸਕਦੀ। ਠਾਕੁਰ ਜੀ ਦੇ ਮੂੰਹੋਂ ਇਹ ਸਭ ਕੁਝ ਸਪਸ਼ਟ ਸ਼ਬਦਾਂ ਵਿੱਚ ਸੁਨ ਕੇ ਸਟੇਜ ਤੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਇਸਦੇ ਨਾਲ ਹੀ ਪੰਡਾਲ ਵਿੱਚ ਤਾੜੀਆਂ ਦੀ ਵੀ ਭਰਵੀਂ ਆਵਾਜ਼ ਆਈ। ਇਹ ਸਮਾਗਮ ਸ਼ਾਇਦ ਸਿਰਸਾ ਵਿੱਚ ਹੋਇਆ ਸੀ। ਹਵਨ ਹੋਏ ਸਨ ਅਤੇ ਬਹੁਤ ਸਾਰੇ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਸਨ। ਬਹੁਤ ਸਾਰੇ ਸਾਧੂ, ਸਨਿਆਸੀ ਅਤੇ ਸੰਤਾਂ ਨੇ ਵੀ ਭਾਗ ਲਿਆ ਸੀ। ਬੇਲਣ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਸਮੇਤ ਲੁਧਿਆਣਾ ਤੋਂ ਵੀ ਕਈ ਸ਼ਖਸੀਅਤਾਂ ਉਚੇਚ ਨਾਲ ਪੁੱਜੀਆਂ ਸਨ। ਸੰਗਤ ਵੱਧ ਚੜ੍ਹ ਕੇ ਸ਼ਾਮਲ ਹੋਈ ਸੀ ਅਤੇ ਸੰਗਤ ਦੀ ਆਓ ਭਗਤ ਅਤੇ ਲੰਗਰ ਪਾਣੀ ਦਾ ਪ੍ਰਬੰਧ ਦੇਖਣ ਵਾਲਾ ਸੀ। ਇਸ ਮੌਕੇ ਜਲੰਧਰ ਤੋਂ ਪ੍ਰਿੰਸੀਪਲ ਰਾਜਪਾਲ ਕੌਰ ਵੀ ਉਚੇਚ ਨਾਲ ਆਪਣੇ ਪਰਿਵਾਰ ਸਮੇਤ ਪੁੱਜੇ ਹੋਏ ਸਨ। ਇਸ ਇਕੱਠ ਵਿੱਚ ਔਰਤਾਂ ਦੀ ਗਿਣਤੀ ਰਿਕਾਰਡਤੋੜ ਸੀ। ਸਕੂਲਾਂ ਕਾਲਜਾਂ ਤੋਂ ਆਏ ਵਿਦਿਆਰਥੀ ਵਰਗ ਨੇ ਇੱਕ ਇੱਕ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਸੀ।
ਤੁਸੀਂ ਇਥੇ ਕਲਿੱਕ ਕਰਕੇ ਵੀ ਇਸ ਪ੍ਰੋਫਾਰਮੇ ਨੂੰ ਪੂਰਾ ਦੇਖ ਸਕਦੇ ਹੋ ਅਤੇ ਭਰ ਸਕਦੇ ਹੋ
ਇਸਦੇ ਨਾਲ ਹੀ ਠਾਕੁਰ ਦਲੀਪ ਸਿੰਘ ਇਸ ਗੱਲ ਨੂੰ ਲੈ ਕੇ ਚਿੰਤਿਤ ਵੀ ਰਹੇ ਕਿ ਸਰਬੱਤ ਦਾ ਭਲਾ ਮੰਗਣ ਵਾਲਾ ਸਿੱਖ ਪੰਥ ਆਪਣਾ ਭਲਾ ਕਿਓਂ ਨਹੀਂ ਕਰ ਪਾ ਰਿਹਾ? ਅਥਾਹ ਕੁਰਬਾਨੀਆਂ ਕਰਨ ਵਾਲਾ ਸਿੱਖ ਪੰਥ ਦਿਨੋਦਿਨ ਕਮਜ਼ੋਰ ਕਿਓਂ ਹੁੰਦਾ ਜਾ ਰਿਹਾ ਹੈ? ਇਹ ਵੱਧ ਫੁਲ ਕਿਓਂ ਨਹੀਂ ਰਿਹਾ? ਸਿੱਖਾਂ ਵਿੱਚੋਂ ਜਾਤ ਪਾਤ ਅਤੇ ਊਚ ਨੀਚ ਦਾ ਕੋਹੜ ਕਿਓਂ ਨਹੀਂ ਖਤਮ ਹੋ ਰਿਹਾ? ਖਾਲਸਾ ਤੇਜ ਪ੍ਰਤਾਪ ਤੋਂ ਵਾਂਝਾ ਕਿਓਂ ਹੈ? ਤਕਰੀਬਨ ਹਰ ਇਕੱਤਰਤਾ ਵਿੱਚ ਠਾਕੁਰ ਜੀ ਸੁਆਲ ਕਰਦੇ ਭਲਿਓ ਲੋਕੋ ਸਿੱਖ ਪੰਥ ਵੱਧ ਫੁੱਲ ਕਿਓਂ ਨਹੀਂ ਰਿਹਾ? ਇਹ ਛੋਟਾ ਕਿਓਂ ਹੁੰਦਾ ਜਾ ਰਿਹਾ ਹੈ? ਇਹ ਸੁੰਗੜ ਕਿਓਂ ਰਿਹਾ ਹੈ?
ਤੁਸੀਂ ਇਥੇ ਕਲਿੱਕ ਕਰਕੇ ਵੀ ਇਸ ਪ੍ਰੋਫਾਰਮੇ ਨੂੰ ਪੂਰਾ ਦੇਖ ਸਕਦੇ ਹੋ ਅਤੇ ਭਰ ਸਕਦੇ ਹੋ
ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਣ ਠਾਕੁਰ ਦਲੀਪ ਸਿੰਘ ਜੀ ਦੇ ਮਾਰਗਦਰਸ਼ਨ ਹੇਠ ਉਹਨਾਂ ਦੇ ਪੈਰੋਕਾਰਾਂ ਨੇ ਇੱਕ ਪ੍ਰਸ਼ਨਾਵਲੀ ਵੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਸਿੱਖ ਪੰਥ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕਈ ਸੁਆਲ ਪੁਛੇ ਗਏ ਹਨ। ਨਾਮਧਾਰੀ ਸੰਗਤ ਵੱਲੋਂ ਇਹ ਸੁਆਲ ਪੁੱਛੇ ਹਨ ਮੈਡਮ ਰਾਜਪਾਲ ਕੌਰ (ਪ੍ਰਿੰਸੀਪਲ) ਅਤੇ ਰਤਨਦੀਪ ਸਿੰਘ ਹੁਰਾਂ ਨੇ। ਇਸ ਸੁਆਲਨਾਮੇ ਦੇ ਦੋਹਾਂ ਸਫ਼ਿਆਂ ਦੀਆਂ ਤਸਵੀਰਾਂ ਇਸ ਲਿਖਤ ਦੇ ਨਾਲ ਹੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਦੂਜੇ ਸਫ਼ੇ ਦੇ ਅਖੀਰ ਤੇ ਮੈਡਮ ਰਾਜਪਾਲ ਕੌਰ (ਪ੍ਰਿੰਸੀਪਲ) ਅਤੇ ਰਤਨਦੀਪ ਸਿੰਘ ਹੁਰਾਂ ਦੇ ਮੋਬਾਈਲ ਨੰਬਰ ਵੀ ਹਨ। ਇੱਛਕ ਪਾਠਕ ਆਪਣੇ ਸ਼ੰਕਿਆਂ ਦੀ ਨਵਿਰਤੀ ਉਹਨਾਂ ਨੂੰ ਫੋਨ ਕਰ ਕੇ ਵੀ ਕਰ ਸਕਦੇ ਹਨ। ਪ੍ਰਸ਼ਨਾਵਲੀ ਦੇ ਇਹਨਾਂ ਦੋਹਾਂ ਸਫ਼ਿਆਂ ਦੀਆਂ ਇਹਨਾਂ ਤਸਵੀਰਾਂ ਨੂੰ ਕਲਿੱਕ ਕਰੋਗੇ ਤਾਂ ਇਹ ਵੱਡੀਆਂ ਹੋ ਜਾਣਗੀਆਂ।
ਤੁਸੀਂ ਇਥੇ ਕਲਿੱਕ ਕਰਕੇ ਵੀ ਇਸ ਪ੍ਰੋਫਾਰਮੇ ਨੂੰ ਪੂਰਾ ਦੇਖ ਸਕਦੇ ਹੋ ਅਤੇ ਭਰ ਸਕਦੇ ਹੋ
No comments:
Post a Comment