Tuesday, August 11, 2020

ਵਾਇਰੋਲੋਜੀ ਸੈਂਟਰ ਨਾਲ ਪੰਜਾਬ ਬਣ ਸਕਦਾ ਹੈ ਦੂਜਾ ਵੂਹਾਨ

 ਡਾਕਟਰ ਜੀਵਨਜੋਤ ਕੌਰ ਨੇ ਪ੍ਰਗਟਾਏ ਕਈ ਗੰਭੀਰ ਖਦਸ਼ੇ 
ਲੁਧਿਆਣਾ: 11 ਅਗਸਤ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਕੇਂਦਰ ਸਰਕਾਰ ਨੇ ਪੰਜਾਬ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਸੈਂਟਰ (ਵਾਇਰਸ-ਵਿਗਿਆਨ ਦਾ ਕੇਂਦਰ) ਦੀ ਸਥਾਪਨਾ ਕਰਨ ਲਈ ਭਾਵੇਂ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਮੁੱਖ ਮੰਤਰੀ ਨੇ ਇਸਦਾ ਸੁਆਗਤ ਵੀ ਕਰ ਦਿੱਤਾ ਹੈ ਪਰ ਇਸਦੇ ਨਾਲ ਹੀ ਇਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਹਿੱਤਾਂ ਲਈ  ਦਹਾਕਿਆਂ ਤੋਂ ਸਰਗਰਮ ਬੁੱਧੀਜੀਵੀ ਡਾਕਟਰ ਜੀਵਨਜੋਤ ਕੌਰ (ਫਰੀਦਕੋਟ) ਨੇ ਇਸਦੀ ਕਾਇਮੀ ਤੇ ਕਈ ਖਦਸ਼ੇ ਜ਼ਾਹਰ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਪਹਿਲਾਂ ਪੂਨੇ ਵਿੱਚ ਵੀ ਹੈ ਅਜਿਹਾ ਸੈਂਟਰ। 
ਉਹਨਾਂ ਅੱਜ ਇੱਕ ਟੈਲੀਫ਼ੋਨਿਕ ਮੁਲਾਕਾਤ ਦੌਰਾਨ ਕਿਹਾ ਕਿ ਇਸ ਵਾਇਰੋਲੋਜੀ ਲੈਬ ਰਾਹੀਂ ਪੰਜਾਬ ਦੂਜਾ ਵੂਹਾਨ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕੁਝ ਹਫ਼ਤੇ ਪਹਿਲਾਂ ਕੇਂਦਰ ਕੋਲ ਅਜਿਹੀ ਸੰਸਥਾ ਦਾ ਪ੍ਰਸਤਾਵ ਰੱਖਿਆ ਸੀ। ਮੁੱਖ ਮੰਤਰੀ ਨੇ ਇਸ ਸੰਸਥਾ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਇਹ ਸੰਸਥਾ ਵਾਇਰੋਲੋਜੀ ਦੇ ਖੇਤਰ ਵਿੱਚ ਖੋਜ ਦੇ ਕੰਮ ਨੂੰ ਹੋਰ ਤੀਬਰਤਾ ਨਾਲ ਅੱਗੇ ਲਿਜਾਣ ਵਿੱਚ ਸਹਾਈ ਹੋਵੇਗੀ ਅਤੇ ਭਵਿੱਖ ਵਿੱਚ ਭਾਰਤ ਨੂੰ ਵਾਇਰਸ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਦੇ ਵੀ ਸਮਰੱਥ ਬਣਾਏਗੀ। ਦੂਜੇ ਪਾਸੇ ਡਾਕਟਰ ਜੀਵਨਜੋਤ ਕੌਰ ਨੇ ਕਿਹਾ ਹੈ ਕਿ ਮੈਂ ਡਾਕਟਰ ਹੋਣ ਦੇ ਨਾਤੇ ਪੰਜਾਬ ਵਿੱਚ ਵਾਇਰੋਲੋਜੀ ਲੈਬ ਤੇ ਖੋਜ ਕੇਂਦਰ ਖੋਲਣ ਦੇ ਖਿਲਾਫ ਹਾਂ ਕਿਓਕਿ ਕੇਂਦਰ ਦੀ ਸਰਕਾਰ ਵੀ ਪ੍ਰਾਜੈਕਟ ਨਾਲ ਜੁੜੀ ਹੋਊ। ਕੇਂਦਰ ਦੀ ਗੰਧਲੀ ਸਿਆਸਤ ਦੇ ਚਲਦਿਆਂ ਇਸ ਨੂੰ ਕਦੇ ਵੀ ਬਾਇਓਲੋਜੀਕਲ ਵਾਰ ਦੇ ਰੂਪ ਵਿੱਚ ਘੱਟ ਗਿਣਤੀਆਂ ਲਈ ਵਰਤਿਆ ਜਾ ਸਕੇਗਾ। 
ਡਾਕਟਰ ਜੀਵਨਜੋਤ ਕੌਰ ਨੇ ਸਪਸ਼ਟ ਕੀਤਾ ਕਿ ਪੰਜਾਬ ਦੀ ਵੱਸੋਂ ਸੰਘਣੀ ਹੈ। ਪੰਜਾਬ ਦੀ ਜ਼ਮੀਨ ਉਪਜਾਊ ਹੈ। ਜੰਗਲ ਪਹਿਲਾਂ ਹੀ ਘੱਟ ਹਨ। ਪੱਚੀ ਏਕੜ ਜ਼ਮੀਨ ਇਸ ਕੰਮ ਲਈ ਨਹੀਂ ਦੇਣੀ ਚਾਹੀਦੀ।
ਉਹਨਾਂ ਇਹ ਵੀ ਕਿਹਾ ਕਿ ਲੋਕਾਂ ਵੱਲੋਂ ਮੰਗੇ ਜਾ ਰਹੇ ਸਨਅਤੀ ਪ੍ਰਾਜੈਕਟ ਤਾਂ ਮਨਜੂਰ ਹੋਣ ਲਈ ਸਾਲਾਂ ਬੱਧੀ ਲਟਕਦੇ ਰਹਿੰਦੇ ਜਿਵੇਂ ਰਾਜਪੁਰਾ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਰੇਲਵੇ ਲਾਈਨ ਜਿਸ ਨੂੰ ਡਾਕਟਰ ਗਾਂਧੀ ਦੇ ਉੱਦਮ ਸਦਕਾ ਇੰਨੀ ਔਖੀ ਮਨਜੂਰੀ ਮਿਲੀ ਅਤੇ ਅਜੇ ਵੀ ਮਾਮਲਾ ਮਹਿਕਮਿਆਂ ਵਿਚਾਰ ਲਟਕ ਰਿਹਾ ਹੈ ਅਤੇ ਕੰਮ ਸ਼ੁਰੂ ਨਹੀਂ ਹੋਇਆ। ਕੋਲਡ ਸਟੋਰ/ਚੈਨ ਬਣਾਉਣ ਦੀ ਮੰਗ ਤੇ ਗੌਰ ਨਹੀਂ ਹੋ ਰਿਹਾ ਜਿਸ ਨਾਲ ਰੋਜ਼ਗਾਰ ਵੀ ਮਿਲਦਾ ਤੇ ਕਿਸਾਨਾਂ ਦੀ ਫਸਲ ਵੀ ਬਰਬਾਦ ਹੋਣੋ ਬਚਦੀ। ਇਹ ਪ੍ਰਾਜੈਕਟ ਮਹਿੰਗੇ ਵੀ ਨਹੀਂ ਤੇ ਲਾਹੇਵੰਦ ਵੀ ਹਨ। ਸਤਲੁਜ ਦਰਿਆ ਵਿੱਚੋਂ ਰੇਤਾ ਕੱਢਣ ਦਾ ਪ੍ਰਾਜੈਕਟ ਮਨਜੂਰ ਨਹੀਂ ਹੋ ਰਿਹਾ ਅਤੇ ਤਲ ਉੱਚਾ ਹੋਣ ਕਾਰਨ ਬਰਸਾਤ ਸਮੇਂ ਨੇੜਲੇ ਇਲਾਕਿਆਂ ਵਿੱਚ ਹੜ੍ਹ ਆ ਜਾਂਦਾ ਤੇ ਨੁਕਸਾਨ ਕਰਦਾ। ਇਸੇ ਤਰ੍ਹਾਂ ਬਠਿੰਡਾ ਦਾ ਥਰਮਲ ਪਲਾਂਟ ਪਰਾਲੀ ਤੇ ਚਲਾਉਣ ਲਈ ਮਨਜੂਰੀ ਲਟਕੀ ਪਈ ਹੈ। ਦੂਜੇ ਪਾਸੇ ਇਸ ਪ੍ਰਾਜੈਕਟ ਦੀ ਮਨਜੂਰੀ ਜੋ ਪੰਜਾਬੀਆਂ ਦੇ ਹਿੱਤਾਂ ਵਿੱਚ ਹੀ ਨਹੀਂ, ਦੀ ਮਨਜੂਰੀ ਝੱਟ ਮਿਲ ਗਈ ਹੈ। ਅੱਜ ਦੀ ਖਬਰ ਤੋਂ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਵਾਇਰੋਲੋਜੀ ਲੈਬ ਅਤੇ ਖੋਜ ਸੈਂਟਰ ਸਥਾਪਤ ਕਰਨ ਲਈ ਬੇਨਤੀ ਕੀਤੀ ਸੀ ਜਿਸ ਦੀ 150 ਕਰੋੜ ਦੇ ਬੱਜਟ ਨਾਲ ਕੇਂਦਰ ਨੇ ਮਨਜੂਰੀ ਦੇ ਦਿੱਤੀ ਹੈ। ਇਸ ਲਈ 25 ਏਕੜ ਜਮੀਨ ਦੀ ਨਿਸ਼ਾਨਦੇਹੀ ਕਰਨ ਨੂੰ ਕਿਹਾ ਹੈ। ਸੋਚੋ ਤੇ ਵਿਚਾਰੋ। ਆਓ ਰਲ ਕੇ ਪੰਜਾਬ ਨੂੰ ਦੂਜਾ ਵੂਹਾਨ ਬਣਾਉਣ ਤੋਂ ਬਚਾਈਏ
ਯਾਦ ਰੱਖਣਾ ਇੰਨਾਂ ਪਹਿਲਾਂ ਵੀ ਵੇਲਾ ਵਿਹਾ ਚੁੱਕੇ ਰੇਡੀਏਸ਼ਨ ਛੱਡ ਨੁਕਸਾਨ ਕਰਨ ਵਾਲੇ ਅਟੋਮਿਕ ਐਨਰਜੀ ਪ੍ਰਾਜੈਕਟ ਲਾਉਣ ਲਈ ਪੰਜਾਬ ਚੁਣਿਆ ਸੀ ਜੋ ਲੋਕਾਂ ਦੀ ਜਾਗਰੂਕਤਾ ਤੇ ਵਿਰੋਧ ਕਾਰਨ ਸਿਰੇ ਨਹੀਂ ਚੜਿਆ ਅਤੇ ਪੰਜਾਬ ਬਚ ਗਿਆ। ਆਓ ਫਿਰ ਪੰਜਾਬ ਬਚਾਈਏ। ਗੁਰੂ ਦੀ ਸਿਖਿਆ ਅਨੁਸਾਰ ਕੁਦਰਤ ਨਾਲ ਜਿਓਣ, ਆਪਣੀ ਸਰੀਰਕ ਸਮਰੱਥਾ ਵਧਾਉਣ ਤੇ ਸਿਹਤਮੰਦ ਜੀਵਨ ਜਿਓਣ ਦੀ ਜੁਗਤ ਸਿਖੀਏ।
ਡਾਕਟਰ ਜੀਵਨਜੋਤ ਕੌਰ ਨੇ ਸੱਦਾ ਦਿੱਤਾ ਕਿ ਪੰਜਾਬ ਵਿਚ ਵਾਇਰੋਲੋਜੀ ਲੈਬ ਤੇ ਖੋਜ ਕੇਂਦਰ ਦੀ ਸਥਾਪਨਾ ਦਾ ਵਿਰੋਧ ਕਰੋ। ਇਸਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਖੁਦ ਵੀ ਨਿੱਤਰੋ ਅਤੇ ਹੋਰਨਾਂ ਨੂੰ ਵੀ ਲਾਮਬੰਦ ਕਰੋ। 
ਚੇਤੇ ਰਹੇ ਭਾਰਤ ਸਰਕਾਰ ਦੇ ਸਿਹਤ ਖੋਜ ਮੰਤਰਾਲੇ ਦੇ ਸਕੱਤਰ-ਕਮ-ਭਾਰਤੀ ਮੈਡੀਕਲ ਖੋਜ ਕੌਂਸਲ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ (ਡਾਕਟਰ) ਬਲਰਾਮ ਭਾਰਗਵ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਸਿਧਾਂਤਕ ਮਨਜ਼ੂਰੀ ਦਾ ਪੱਤਰ ਦਿੱਤਾ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਲਗਪਗ 25 ਏਕੜ ਜ਼ਮੀਨ ਦੀ ਸ਼ਨਾਖ਼ਤ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਮੈਡੀਕਲ ਖੋਜ ਕੌਂਸਲ ਛੇਤੀ ਤੋਂ ਛੇਤੀ ਇਸ ਅਹਿਮ ਪ੍ਰਾਜੈਕਟ ਦੀ ਸਥਾਪਨਾ ਕਰ ਸਕੇ।
ਬੀਐੱਸਐੱਲ-3 ਫੈਸਿਲਟੀ ਨਾਲ ਇਹ ਕੇਂਦਰ ਸਥਾਪਤ ਕਰਨ ਲਈ ਲਗਪਗ 400 ਕਰੋੜ ਰੁਪਏ ਅਤੇ ਬੀਐੱਸਐੱਲ-4 ਫੈਸਿਲਟੀ ਲਈ ਹੋਰ 150 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਕੋਵਿਡ-19 ਦੌਰਾਨ ਮੁਲਕ ਦੀ ਅਣਕਿਆਸੀ ਸੰਕਟਕਾਲੀਨ ਸਥਿਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਕੇਂਦਰ ਵਾਇਰੋਲੋਜੀ ਦੀ ਖੋਜ ਤੇ ਜਾਂਚ ਦੇ ਨਾਲ-ਨਾਲ ਇਸ ਖੇਤਰ ਵਿੱਚ ਸਮਰੱਥਾ ਨਿਰਮਾਣ ਲਈ ਕਾਰਗਰ ਸਿੱਧ ਹੋਵੇਗਾ। ਬਾਇਓਲੋਜੀਕਲ ਵਾਰ ਦੇ ਸੰਭਾਵੀ ਖਤਰਿਆਂ ਅਤੇ ਇਸਨੂੰ ਕਿਰਤੀ ਵਰਗ ਦੇ ਨਾਲ ਨਾਲਘੱਟ ਗਿਣਤੀਆਂ ਦੇ ਖਿਲਾਫ ਵਰਤੇ ਜਾਣ ਦੇ ਖਦਸ਼ਿਆਂ ਨੇ ਇਸ ਸਾਰੇ ਮਾਮਲੇ ਨੂੰ ਬੇਹੱਦ ਗੰਭੀਰ ਬਣਾ ਦਿੱਤਾ ਹੈ। 

No comments: