Wednesday: 12th August 2020 at 2:40 pm
ਸੰਤ ਬਾਬਾ ਲੱਖਾ ਸਿੰਘ ਦੀ ਪ੍ਰੇਰਨਾ ਸਦਕਾ ਫੌਜੀ ਅਧਿਕਾਰੀਆਂ ਨੇ ਵੀ ਲਾਏ ਪੌਦੇ
ਲੁਧਿਆਣਾ: 12 ਅਗਸਤ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਰਕਾਰਾਂ, ਸਿਆਸਤਾਂ ਅਤੇ ਬਹੁਕੌਮੀ ਕੰਪਨੀਆਂ ਭਾਵੇਂ ਆਏ ਦਿਨ ਹਰੇ ਭਰੇ ਰਸਤਿਆਂ ਨੂੰ ਰੁੰਡ ਮਰੁੰਡ ਕਰਨ ਤੇ ਉਤਾਰੂ ਹਨ ਪਰ ਇਸਦੇ ਬਾਵਜੂਦ ਧਾਰਮਿਕ ਸੰਗਠਨਾਂ ਨੇ ਪੌਦੇ ਲਾਉਣ ਵਾਲੇ ਉਪਰਾਲਿਆਂ ਵਿੱਚ ਖੜੋਤ ਨਹੀਂ ਆਉਣ ਦਿੱਤੀ। ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਦੇ ਆਲੇ ਦੁਆਲੇ ਹੁਣ ਕੋਈ ਦਰਖਤ ਨਹੀਂ ਦਿੱਸਦਾ। ਇਹੀ ਹਾਲ ਬਹੁਤ ਸਾਰੀਆਂ ਹੋਰਨਾਂ ਸੜਕਾਂ ਦਾ ਵੀ ਹੋਇਆ ਅਤੇ ਹੋ ਰਿਹਾ ਹੈ। ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੇ ਬਾਹਰ ਲੱਗੇ ਸਾਰੇ ਹੀ ਦਰਖਤ ਵੱਢ ਦਿੱਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਜਦੋਂ ਆਕਸੀਜ਼ਨ ਨਹੀਂ ਮਿਲਣੀ ਤਾਂ ਪਾਣੀ ਵਾਂਗ ਉਸਦੀਆਂ ਵੀ ਬੋਤਲਾਂ ਵਿਕਿਆ ਕਰਨੀਆਂ ਹਨ। ਇਸ ਭਿਆਨਕ ਸਮੇਂ ਨੂੰ ਦਰਖਰ ਵੱਢਣ ਵਾਲੇ ਕਾਰੋਬਾਰੀ ਵੀ ਦੇਖ ਰਹੇ ਹਨ ਪਰ ਅਣਡਿੱਠ ਕਰ ਰਹੇ ਹਨ। ਇਸਦੇ ਨਾਲ ਧਾਰਮਿਕ ਬਿਰਤੀ ਵਾਲੇ ਸੰਤ ਮਹਾਤਮਾ ਇਸ ਨੂੰ ਦੇਖ ਰਹੇ ਹਨ ਕਿ ਸਮਾਂ ਕਿੰਨਾ ਭਿਆਨਕ ਆਉਣ ਵਾਲਾ ਹੈ। ਉਦੋਂ ਆਮ ਗਰੀਬਾਂ ਅਤੇ ਮੱਧ ਵਰਗੀਆਂ ਨੂੰ ਵੀ ਆਕਸੀਜ਼ਨ ਮੁਫ਼ਤ ਮਿਲ ਸਕੇ ਇਸ ਮਕਸਦ ਲਈ ਉਹਨਾਂ ਨੇ ਦਰਖਤ ਲਾਉਣ ਵਾਲੇ ਹੀਲੀ ਵਸੀਲੇ ਹੋਰ ਤੇਜ਼ ਕੀਤੇ ਹਨ।
ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਵਿਅਕਤੀ ਆਪੋ ਆਪਣੇ ਤੌਰ ਤੇ ਵੱਡੇ ਪੱਧਰ ਤੇ ਰੁੱਖ ਲਗਾਵੇ ਤਾਂ ਕਿ ਸਮੁੱਚੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਮਿਲਟਰੀ ਕੈਂਪ ਬੱਦੋਵਾਲ ਵਿਖੇ ਫੌਜੀ ਅਧਿਕਾਰੀਆਂ ਦੇ ਨਿੱਘੇ ਸਹਿਯੋਗ ਨਾਲ ਆਰੰਭ ਕੀਤੀ ਗਈ ਰੁੱਖ ਲਗਾਉ ਵਾਤਾਵਰਨ ਬਚਾਉ ਦੀ ਮੁਹਿੰਮ ਨੂੰ ਆਰੰਭ ਕਰਨ ਲਈ ਪੁੱਜੇ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਮਨੁੱਖ ਦੀ ਲਾਹਪ੍ਰਵਾਈ ਸਦਕਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ ਜਿਸ ਤੋ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।
ਉਹਨਾਂ ਨੇ ਕਰਨਲ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਜੋ ਨਿੱਘਾ ਸਹਿਯੋਗ ਉਨ੍ਹਾਂ ਦੀ ਅਗਵਾਈ ਹੇਠ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਦਿੱਤਾ ਹੈ ਉਹ ਆਪਣੇ ਆਪ ਵਿੱਚ ਇਕ ਮਿਸਾਲੀ ਕਾਰਜ ਹੈ। ਇਸ ਦੌਰਾਨ ਕਰਨਲ ਕਲਦੀਪ ਸਿੰਘ ਧਾਲੀਵਾਲ ਨੇ ਸੰਤ ਬਾਬਾ ਲੱਖਾ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਆਰੰਭ ਹੋਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਮਿਲਟਰੀ ਕੈਂਪ ਬੱਦੋਵਾਲ ਦੇ ਸਮੁੱਚੇ ਜਵਾਨ ਆਪਣਾ ਭਰਵਾ ਸਹਿਯੋਗ ਦੇਣਗੇ ਅਤੇ ਸਮੁੱਚੇ ਇਲਾਕੇ ਨੂੰ ਹਰਿਆ ਭਰਿਆ ਬਣਾ ਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਕਰਨ ਦੀ ਅਪਣੀ ਭਰਪੂਰ ਕੋਸ਼ਿਸ਼ ਵੀ ਕਰਨਗੇ।
ਇਸ ਤੋਂ ਪਹਿਲਾਂ ਮਿਲਟਰੀ ਕੈਂਪ ਬੱਦੋਵਾਲ ਵਿਖੇ ਸੰਤ ਬਾਬਾ ਲੱਖਾ ਸਿੰਘ ਤੇ.ਕਰਨਲ ਕੁਲਦੀਪ ਸਿੰਘ ਧਾਲੀਵਾਲ ਨੇ ਸਾਂਝੇ ਰੂਪ ਵਿੱਚ ਰੁੱਖ ਲਗਾ ਕੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ, ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ, ਸ.ਪ੍ਰਿਤਪਾਲ ਸਿੰਘ, ਸ.ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਪ੍ਰਿੰਸ,ਸੁਖਪ੍ਰੀਤ ਸਿੰਘ ਮਨੀ, ਮੇਜਰ ਆਸ਼ਾ ਕੂੰਤਲ, ਲੈਫਟੀਨੈਂਟ ਕਰਨਲ ਆਈ.ਐਸ ਪ੍ਰੋਹਿਤ, ਮੇਜਰ ਅਰਪਨਾ ਸਲਵਾਨ, ਸੂਬੇਦਾਰ ਮੇਜਰ ਦਲਬੀਰ ਸਿੰਘ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਹਾਜ਼ਿਰ ਸਨ। ਹੁਣ ਦੇਖਣਾ ਇਹ ਹੈ ਕਿ ਰੁੱਖ ਲਾਉਣ ਦੀ ਮੁਹਿੰਮ ਹੋਰ ਤੇਜ਼ ਕਿਵੇਂ ਹੁੰਦੀ ਹੈ ਅਤੇ ਵਿਕਾਸ ਦੇ ਨਾਂਅ ਹੇਠ ਰੁੱਖ ਵੱਢੇ ਜਾਣ ਦੇ ਮੁੱਖਤਾ ਵਿਰੋਧੀ ਕਾਰੇ ਕਿਵੇਂ ਰੁਕਦੇ ਹਨ! ਅਖੌਤੀ ਵਿਕਾਸ ਦੇ ਨਾਮ ਹੇਠ ਰੁੱਖ ਵੱਢਣ ਦੀਆਂ ਕਾਰੋਬਾਰੀ ਮੁਹਿੰਮਾਂ ਰੁੱਖ ਲਾਉਣ ਦੇ ਉਪਰਾਲਿਆਂ ਨੂੰ ਵੀ ਢਾਹ ਮਾਰ ਸਕਦੀਆਂ ਹਨ।
No comments:
Post a Comment