Sunday, May 24, 2020

ਸਰਾਭਾ ਅਤੇ ਹੋਰ ਸ਼ਹੀਦਾਂ ਨੂੰ ਕੌਮੀ ਸ਼ਹੀਦ ਕਿਓਂ ਨਹੀਂ ਮੰਨਦੀ ਭਾਰਤ ਸਰਕਾਰ?

Sunday 24th May 2020 at 1:32 PM
 GSTU ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ 
ਲੁਧਿਆਣਾ: 24 ਮਈ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ):: 
ਦਿਨ ਦਾ ਕਰਫਿਊ ਹਟਣ ਮਗਰੋਂ ਲੋਕ ਪੱਖੀ ਸਰਗਰਮੀਆਂ ਦਾ ਸਿਲਸਿਲਾ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਨੇ ਪੰਜਾਬੀ ਭਵਨ ਤੋਂ ਲੈ ਕੇ ਡੀਸੀ ਦਫਤਰ ਤੱਕ ਰੋਹ ਭਰਿਆ ਰੋਸ ਮਾਰਚ ਕੀਤਾ ਸੀ।  ਅੱਜ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ) ਵੱਲੋਂ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸਦੇ ਨਾਲ ਹੀ ਇੱਕ ਵਾਰ ਫੇਰ ਗਰਮ ਹੋਇਆ ਹੈ ਉਹ ਸੁਆਲ ਕਿ ਭਾਰਤ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਸ਼ਹੀਦਾਂ ਨੂੰ ਕੌਮੀ ਸ਼ਹੀਦ ਕਿਓਂ ਨਹੀਂ ਮੰਨਦੀ? ਆਪਣੇ ਆਪ ਨੂੰ ਵੱਡੇ ਰਾਸ਼ਟਰਵਾਦੀ ਅਖਵਾਉਣ ਵਾਲੇ ਸਿਆਸੀ ਲੀਡਰ ਵੀ ਆਖਿਰ ਇਸ ਮੁੱਦੇ ਤੇ ਆ ਕੇ ਜ਼ੁਬਾਨ ਕਿਓਂ ਨਹੀਂ ਖੋਲਦੇ। ਇਸ ਵਾਰ ਪਿੰਡ ਸਰਾਭਾ ਵਿਖੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮਦਿਨ ਸਿਆਸਤਦਾਨਾਂ ਅਤੇ ਸਰਕਾਰਾਂ ਦੇ ਇਸ ਦੋਗਲੇਪਣ ਨੂੰ ਸ੍ਹਾਮਣੇ ਲਿਆਉਣ ਦੇ ਇੱਕ ਜ਼ਰੂਰੀ ਮਕਸਦ ਨਾਲ ਮਨਾਇਆ ਗਿਆ। 
ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ) ਜਿਲ੍ਹਾ ਲੁਧਿਆਣਾ ਪ੍ਰਧਾਨ ਸੌਦਾਗਰ ਸਿੰਘ ਸਰਾਭਾ ਅਤੇ ਸਰਪ੍ਰਸਤ ਚਰਨ ਸਿੰਘ ਸਰਾਭਾ ਦੀ ਅਗਵਾਈ ਹੇਠ ਭਾਰਤੀ ਅਜ਼ਾਦੀ ਸੰਗਰਾਮ ਦੇ ਪ੍ਰਮੁੱਖ ਤੇ ਗਦਰ ਪਾਰਟੀ ਦੇ ਆਗੂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 125 ਵਾਂ ਜਨਮ ਦਿਨ ਉਹਨਾਂ ਦੇ ਜ਼ੱਦੀ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ ਵਿਖੇ ਮਨਾਇਆ ਗਿਆ।ਉਹਨਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ 19 ਸਾਲ ਦੀ ਉਮਰ ਵਿੱਚ ਹੀ ਸਾਮਰਾਜਵਾਦੀ ਲੁੱਟ ਨੁੰ ਸਮਝਦੇ ਹੋਏ ਤੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਨਿਰਧੜਕ ਯੋਗਦਾਨ ਪਾਉਂਦੇ ਹੋਏੇ ਸ਼ਹਾਦਤ ਦਿੱਤੀ। ਉਹਨਾਂ ਦੀ ਸ਼ਹਾਦਤ ਪੂਰੀ ਨੌਜਵਾਨ ਪੀੜੀ ਤੇ ਮਨੁੱਖਤਾ ਲਈ ਮਿਸਾਲ ਹੈ ਜੋ ਹੱਕ, ਸੱਚ-ਇਨਸਾਫ ਦਾ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਹੈ।ਇਸ ਉਪਰੰਤ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਤੇ ਗੁਰਮੇਲ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਹੋਰ ਸਾਰੇ ਸ਼ਹੀਦਾਂ ਨੇ ਸਾਮਰਾਜਵਾਦੀ ਪ੍ਰਣਾਲੀ ਤੋਂ ਛੁਟਕਾਰਾ ਪਾਉਂਣ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਸਾਡੀਆਂ ਸਰਕਾਰਾਂ ਦੁਆਰਾ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਮੋੜਿਆ ਗਿਆ ਸਗੋਂ 1990-91 ਤੋਂ ਬਾਅਦ ਲਗਾਤਾਰ ਖੁੱਲੀ ਮੰਡੀ ਤੇ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਕੇ ਸਰਕਾਰੀ ਖੇਤਰਾਂ ਦਾ ਨਿੱਜੀਕਰਨ ਕਰਕੇ ਵਪਾਰਿਕ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਸੰਨ 1947 ਤੋਂ ਪਹਿਲਾਂ ਇੱਕ ਈਸਤ ਇੰਡੀਆ ਕੰਪਨੀ ਲੁੱਟ ਰਹੀ ਸੀ ਅੱਜ ਦੇਸ਼ ਨੂੰ ਵੱਡੀਆਂ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਵੱਡੀ ਗਿਣਤੀ ਵਿੱਚ ਦੇਸ਼ ਦਾ ਸਰਮਾਇਆ ਲੁੱਟ ਰਹੀਆਂ ਹਨ।ਜੱਥੇਬੰਦੀ ਮੰਗ ਕਰਦੀ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਅਨੁਸਾਰ ਸਾਰੇ ਖੇਤਰਾਂ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੁਆਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਸਮੇਂ ਬਲਵਿੰਦਰ ਸਿੰਘ, ਚਰਨ ਸਿੰਘ ਤਾਜਪੁਰੀ, ਰਮਨਦੀਪ ਸਿੰਘ ਪੱਖੋਵਾਲ, ਕੁਲਜੀਤ ਸਿੰਘ ਭਮਰਾ,ਸੰਤੋਖ ਸਿੰਘ, ਪਰਦੀਪ ਸਿੰਘ, ਇਕਬਾਲ ਸਿੰਘ ਆਦਿ ਆਗੂ ਹਾਜ਼ਰ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜ ਦਵਾਉਣ ਦੀ ਇਹ ਮੰਗ ਹੁਣ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਵੀ ਵਡੇ ਰੂਪ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ। ਰਾਸ਼ਟਰਵਾਦ ਦੇ ਨਾਂਅ ਤੇ ਜੋਸ਼ੋ ਖਰੋਸ਼ ਨਾਲ ਪ੍ਰਚਾਰ ਕਰਨ ਵਾਲੀ ਭਾਜਪਾ ਸਰਕਾਰ ਵੀ ਇਸ ਮੰਗ ਨੂੰ ਹੁਣ ਕਿਓਂ ਨਹੀਂ ਮੰਨ ਰਹੀ? ਇਸ ਸੁਆਲ ਦਾ ਜੁਆਬ ਲੱਭਦਿਆਂ ਕਈ ਹੋਰ ਹਕੀਕਤਾਂ ਵੀ ਬੇਨਕਾਬ ਹੋਣਗੀਆਂ। ਇਹਸੁਆਲ ਹੁਣ ਘਰ ਘਰ ਵਿੱਚੋਂ ਪੁੱਛਿਆ ਜਾਣਾ ਚਾਹੀਦਾ  ਹੈ ਕਿ ਦੇਸ਼ ਦੀਆਂ ਕੌਮੀ ਅਤੇ ਸੂਬਾਈ ਸਰਕਾਰਾਂ ਸਾਡੇ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜ ਆਖਿਰ ਕਿਓਂ ਨਹੀਂ ਦੇਂਦੀਆਂ? ਕੀ ਰਾਜ਼ ਹੈ ਇਸ ਦੋਗਲੇਪਣ ਪਿੱਛੇ? ਇਹ ਸੁਆਲ ਇਸ ਵਾਰ ਇੱਕ ਨਵੀਂ ਮੁਹਿੰਮ ਬਣਦੀ ਜਾਪਦੀ ਹੈ। 

No comments: