Saturday, April 18, 2020

ਕੋਰੋਨਾ ਜੰਗ ਦੇ ਦੋਹਾਂ ਯੋਧਿਆਂ ਦੇ ਵਾਰਸਾਂ ਲਈ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ

Saturday: 18th Apr 2020 at 9:07 PM
ਕੈਪਟਨ ਅਮਰਿੰਦਰ ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 
ਕੋਵਿਡ-19 ਕਾਰਨ ਏ.ਸੀ.ਪੀ. ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੀ ਹੋਈ ਮੌਤ 'ਤੇ ਸੋਗ ਦੀ ਲਹਿਰ 
ਲੁਧਿਆਣਾ: 18 ਅਪਰੈਲ 2020: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਏ.ਸੀ.ਪੀ. ਉਤਰੀ ਲੁਧਿਆਣਾ ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਦੋਵੇਂ ਅਧਿਕਾਰੀ ਕੋਵਿਡ-19 ਤੋਂ ਪੀੜਤ ਸਨ।
ਮੁੱਖ ਮੰਤਰੀ ਨੇ ਦੋਵਾਂ ਅਧਿਕਾਰੀਆਂ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਕੋਰੋਨਾਵਾਇਰਸ ਕਰਕੇ ਕਿਸੇ ਵੀ ਅਧਿਕਾਰੀ ਦੀ ਡਿਊਟੀ ਦੌਰਾਨ ਮੌਤ ਹੋਣ 'ਤੇ ਉਸਦੇ ਮੈਂਬਰਾਂ ਨੂੰ ਇੰਨੀ ਹੀ ਰਾਸ਼ੀ ਅਦਾ ਕੀਤੀ ਜਾਵੇਗੀ।
ਉਹਨਾਂ ਟਵੀਟ ਕਰਦਿਆਂ ਕਿਹਾ, ''“ਕੋਵਿਡ-19 ਕਰਕੇ ਆਪਣੇ ਦੋ ਅਧਿਕਾਰੀਆਂ ਨੂੰ ਗੁਆਉਣ ਦਾ ਗਹਿਰਾ ਦੁੱਖ ਹੋਇਆ। ਇਹਨਾਂ ਅਧਿਕਾਰੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਫੈਸਲਾ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਅਜਿਹੀ ਕੋਈ ਘਟਨਾ ਨਾ ਵਾਪਰੇ ਪਰ ਜੇ ਅਜਿਹਾ ਹੁੰਦਾ ਹੈ ਤਾਂ ਸੂਬਾ ਸਰਕਾਰ ਵੱਲੋਂ ਕੋਵਿਡ-19 ਕਰਕੇ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਅਧਿਕਾਰੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦਿੱਤੇ ਜਾਣਗੇ।''
ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਏ.ਸੀ.ਪੀ. ਨੂੰ ਇੱਕ ਦਲੇਰ ਅਧਿਕਾਰੀ ਵਜੋਂ ਯਾਦ ਕੀਤਾ, ਜਿਹਨਾਂ ਨੇ ਹਮੇਸ਼ਾ ਪੂਰੀ ਲਗਨ, ਇਮਾਨਦਾਰੀ ਅਤੇ ਪੇਸ਼ੇਵਾਰ ਵਚਨਬੱਧਤਾ ਨਾਲ ਆਪਣੇ ਫ਼ਰਜ਼ ਨਿਭਾਏ। ਪੰਜਾਬ ਪੁਲਿਸ ਫੋਰਸ ਵਿਚ ਉਹਨਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕੋਹਲੀ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਣਾ ਬਣੇ ਰਹਿਣਗੇ। ਏ.ਸੀ.ਪੀ. ਅਨਿਲ ਕੋਹਲੀ ਨੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਆਖ਼ਰੀ ਸਾਹ ਲਿਆ ਜਿਹਨਾਂ ਦੀ ਅੱਜ ਦੁਪਿਹਰ ਕੋਵਿਡ-19 ਕਰਕੇ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ।
ਇਸ ਦੌਰਾਨ ਇੱਕ ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਅਸੀਂ ਕੋਵਿਡ-19 ਕਰਕੇ ਬੀਤੇ ਦਿਨ ਗੁਰਮੇਲ ਸਿੰਘ ਕਾਨੂੰਗੋ ਅਤੇ ਅੱਜ ਲੁਧਿਆਣਾ ਵਿਖੇ ਏ.ਸੀ.ਪੀ. ਅਨਿਲ ਕੋਹਲੀ ਨੂੰ ਗੁਆ ਲਿਆ ਹੈ। ਸੰਕਟ ਦੀ ਇਸ ਘੜੀ ਵਿੱਚ ਸਾਡੇ ਕੋਰੋਨਾ ਜੰਗ ਦੇ ਯੋਧਿਆਂ ਨੂੰ ਗੁਆਉਣਾ ਸੂਬੇ ਲਈ ਇੱਕ ਵੱਡਾ ਨੁਕਸਾਨ ਹੈ। ਮੈਂ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰਾਂ ਨਾਲ ਸ਼ਰੀਕ ਹਾਂ ਅਤੇ ਭਰੋਸਾ ਦਿੰਦਾ ਹਾਂ ਕਿ ਪੰਜਾਬ ਉਹਨਾਂ ਨਾਲ ਖੜਾ ਹੈ।''
ਏ.ਸੀ.ਪੀ. ਕੋਹਲੀ ਦੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਏ.ਸੀ.ਪੀ.ਅਨਿਲ ਕੋਹਲੀ ਦੇ ਦੇਹਾਂਤ ਨਾਲ ਪੰਜਾਬ ਪੁਲਿਸ ਨੇ ਇਕ ਦਲੇਰ ਅਤੇ ਜੋਸ਼ੀਲਾ ਅਧਿਕਾਰੀ ਖੋਹ ਦਿੱਤਾ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀ ਕੋਹਲੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਬੇਟੇ ਪਾਰਸ ਕੋਹਲੀ ਨੇ ਲੁਧਿਆਣਾ ਦੇ ਗੈਸ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ। ਉਹਨਾਂ ਦੇ ਸਸਕਾਰ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਦੇ ਹੋਰ ਕਈ ਚੁਣੇ ਹੋਏ ਨੁਮਾਇੰਦੇ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਜਲੰਧਰ ਵਿਚ ਜੰਮੇ-ਪਲੇ ਅਨਿਲ ਕੋਹਲੀ (38/ਪੀਆਰ) ਸਾਲ 1989 ਵਿਚ ਬੀ.ਏ. ਕਰਨ ਤੋਂ ਬਾਅਦ 19 ਫਰਵਰੀ 1990 ਨੂੰ ਜ਼ਿਲਾ ਪਟਿਆਲਾ ਵਿਚ ਪੰਜਾਬ ਪੁਲਿਸ ਵਿਚ ਸਹਾਇਕ ਸਬ ਇੰਸਪੈਕਟਰ ਵਜੋਂ ਭਰਤੀ ਹੋਏ, ਜਦੋਂ ਅਤਿਵਾਦ ਸਿਖਰਾਂ 'ਤੇ ਸੀ। ਉਹਨਾਂ  ਆਪਣੀ ਮੁੱਢਲੀ ਸਿਖਲਾਈ 1990-91 ਦੌਰਾਨ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪੂਰੀ ਕੀਤੀ।
ਆਪਣੇ ਸ਼ੁਰੂਆਤੀ ਸੇਵਾ ਕਾਲ ਦੌਰਾਨ ਉਹਨਾਂ ਅਤਿਵਾਦ ਵਿਰੁੱਧ ਬਹਾਦਰੀ ਨਾਲ ਜੰਗ ਲੜੀ। ਉਹਨਾਂ ਸਬ ਇੰਸਪੈਕਟਰ ਅਤੇ ਇੰਸਪੈਕਟਰ ਵਜੋਂ ਤਰੱਕੀ ਮਿਲਣ ਤੋਂ ਬਾਅਦ ਸੂਬੇ ਭਰ ਦੇ ਕਈ ਪ੍ਰਮੁੱਖ ਥਾਣਿਆਂ ਵਿੱਚ ਐਸ.ਐਚ.ਓ. ਵਜੋਂ ਸੇਵਾ ਨਿਭਾਈ। ਸ੍ਰੀ ਕੋਹਲੀ ਦਾ 30 ਸਾਲ ਤੋਂ ਵੱਧ ਦਾ ਬੇਮਿਸਾਲ ਪੁਲਿਸ ਕਰੀਅਰ ਸੀ ਜਿਸ ਦੌਰਾਨ ਉਹਨਾਂ ਆਪਣੀ ਸਖਤ ਮਿਹਨਤ ਅਤੇ ਜੋਸ਼ ਸਦਕਾ ਬਹੁਤ ਸਾਰੇ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ। ਉਹਨਾਂ ਨੂੰ 29 ਅਪਰੈਲ, 2016 ਨੂੰ ਡੀ.ਐਸ.ਪੀ. ਵਜੋਂ ਤਰੱਕੀ ਮਿਲੀ ਅਤੇ ਉਹਨਾਂ  ਜ਼ਿਲਾ ਖੰਨਾ, ਫਿਰੋਜ਼ਪੁਰ, ਪਟਿਆਲਾ, ਫਤਿਹਗੜ• ਸਾਹਿਬ, ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਅਤੇ ਲੁਧਿਆਣਾ ਸ਼ਹਿਰ ਵਿੱਚ ਡੀਐਸਪੀ ਵਜੋਂ ਸੇਵਾ ਨਿਭਾਈ।

No comments: