ਨੋਵੇਲ ਕੋਰੋਨਾ ਵਾਇਰਸ (ਕੋਵਿਡ 19) Saturday: 2nd May 2020 at 9:30 PM
ਹੋਰਨਾਂ ਸੂਬਿਆਂ ਨੂੰ ਪਰਤਣ ਲਈ ਵਿਸ਼ੇਸ਼ ਆਨਲਾਈਨ ਪ੍ਰਬੰਧ
ਲੁਧਿਆਣਾ: 2 ਮਈ 2020:(ਮੀਡੀਆ ਲਿੰਕ//ਪੰਜਾਬ ਸਕਰੀਨ)::
ਭੁੱਖ ਦੇ ਸਤਾਏ ਮਜ਼ਦੂਰ ਆਖਿਰ ਟਰੇਡ ਯੂਨੀਅਨਾਂ ਦੀ ਸ਼ਰਨ ਵਿੱਚ ਪੁੱਜੇ |
ਲੁਧਿਆਣਾ ਵਿੱਚ ਵੀ ਅਜਿਹੇ ਬਹੁਤ ਸਾਰੇ ਮਜ਼ਦੂਰ ਹਨ ਜਿਹੜੇ ਕਿਧਰੇ ਵੀ ਰਜਿਸਟਰਡ ਨਹੀਂ ਹਨ। ਇਸ ਲਈ ਇਹਨਾਂ ਮਜ਼ਦੂਰਾਂ ਨੂੰ ਰਾਸ਼ਨ ਵਗੈਰਾ ਦਾ ਵੀ ਲਾਭ ਨਹੀਂ ਮਿਲ ਰਿਹਾ। ਏਟਕ ਅਤੇ ਮੋਲਡਰ ਸਟੀਲ ਵਰਕਟਜ਼ ਯੂਨੀਅਨ ਵਰਗੀਆਂ ਕਈ ਜਨਤਕ ਜੱਥੇਬੰਦੀਆਂ ਨੇ ਇਹਨਾਂ ਮਜ਼ਦੂਰਾਂ ਦੇ ਪ੍ਰਤੀਨਿਧਾਂ ਨੂੰ ਮੀਡੀਆ ਸਾਹਮਣੇ ਵੀ ਪੇਸ਼ ਕੀਤਾ ਸੀ। ਹਾਲ ਹੀ ਵਿੱਚ ਲੰਘੀ 2 ਅਪ੍ਰੈਲ ਨੂੰ ਰਾਸ਼ਨ ਖੁਣੋਂ ਮਾਯੂਸ ਹੋਏ 485 ਮਜ਼ਦੂਰਾਂ ਦੀ ਲਿਸਟ ਏਟਕ ਲੀਡਰਾਂ ਕੋਲ ਮੌਜੂਦ ਸੀ ਅਤੇ 400 ਤੋਂ ਵੱਧ ਮਜ਼ਦੂਰਾਂ ਦਾ ਵੇਰਵਾ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਵੀ ਆਪਣੇ ਕੋਲ ਹੋਣ ਦਾ ਦਾਅਵਾ ਕੀਤਾ ਸੀ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਇਹਨਾਂ ਖਬਰਾਂ ਦਾ ਨੋਟਿਸ ਲਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫਿਊ ਲੌਕਡਾਊਨ ਦੇ ਚੱਲਦਿਆਂ ਜੇਕਰ ਹੋਰਨਾਂ ਰਾਜਾਂ ਦੇ ਲੋਕ ਪੰਜਾਬ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਉਹ ਮਕਸਦ ਲਈ ਤਿਆਰ ਵਿਸ਼ੇਸ਼ ਪ੍ਰਬੰਧਾਂ ਵਾਲੀ ਵੈੱਬਸਾਈਟ www.covidhelp.punjab.gov.in 'ਤੇ ਅਪਲਾਈ ਕਰ ਸਕਦੇ ਹਨ। ਇਹ ਸਹੂਲਤ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਕੋਵਾ ਐਪ 'ਤੇ ਵੀ ਉਪਲਬਧ ਹੈ।
ਉਹਨਾਂ ਦੱਸਿਆ ਕਿ ਇੱਕ ਫਾਰਮ 'ਤੇ ਤਕਰੀਬਨ 25 ਵਿਅਕਤੀਆਂ ਦੀ ਡਿਟੇਲ ਭਰੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਦੇ 58 ਹਜ਼ਾਰ ਦੇ ਕਰੀਬ ਪ੍ਰਵਾਸੀ ਪਰਿਵਾਰਾਂ ਨੇ ਆਪਣੇ-ਆਪਣੇ ਸੂਬੇ ਵਿੱਚ ਜਾਣ ਲਈ ਅਪਲਾਈ ਕੀਤਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਇਸ ਲਿੰਕ 'ਤੇ ਕਲਿੱਕ ਕਰਕੇ ਅਪਲਾਈ ਕਰ ਦੇਣ। ਜ਼ਿਲਾ ਪ੍ਰਸਾਸ਼ਨ ਵੱਲੋਂ ਜਦ ਵੀ ਉਹਨਾਂ ਦੇ ਰਾਜਾਂ ਨਾਲ ਰਾਬਤਾ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਪੂਰੀ ਸਹੂਲਤ ਨਾਲ ਇਥੋਂ ਭਿਜਵਾ ਦਿੱਤਾ ਜਾਵੇਗਾ।
ਇਸ ਸੰਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੂਵਮੈਂਟ ਤਾਂ ਹੀ ਸੰਭਵ ਹੋ ਸਕੇਗੀ, ਜੇਕਰ ਦੋਹਾਂ ਰਾਜਾਂ ਦੀਆਂ ਸਰਕਾਰਾਂ ਆਪਸ ਵਿੱਚ ਸਹਿਮਤ ਹੋਣਗੀਆਂ। ਮੂਵਮੈਂਟ ਕਰਾਉਣ ਤੋਂ ਪਹਿਲਾਂ ਸਾਰੇ ਲੋਕਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ, ਜੇਕਰ ਵਿਅਕਤੀ ਸਫ਼ਰ ਲਈ ਫਿੱਟ ਹੋਇਆ ਉਸਨੂੰ ਤਾਂ ਹੀ ਜਾਣ ਦਿੱਤਾ ਜਾਵੇਗਾ। ਇਹਨਾਂ ਲੋਕਾਂ ਦੀ ਮੂਵਮੈਂਟ ਕਿਵੇਂ ਕਰਵਾਈ ਜਾਣੀ ਹੈ, ਉਸ ਬਾਰੇ ਹਦਾਇਤਾਂ ਭਾਰਤ ਸਰਕਾਰ ਵੱਲੋਂ ਜਲਦੀ ਜਾਰੀ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਕੇਰਲਾ ਅਤੇ ਤਾਮਿਲਨਾਡੂ ਨਾਲ ਸੰਬੰਧਤ ਲੋਕਾਂ ਦੀ ਸਹੂਲਤ ਲਈ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਵੈੱਬ ਲਿੰਕ ਜਾਰੀ ਕੀਤੇ ਹਨ, ਜਿਹਨਾਂ ਦੀ ਵਰਤੋਂ ਕਰਕੇ ਉਥੋਂ ਦੇ ਵਸਨੀਕ ਆਪਣੇ ਰਾਜਾਂ ਨੂੰ ਵਾਪਸ ਜਾ ਸਕਣਗੇ। ਉਹਨਾਂ ਦੱਸਿਆ ਕਿ ਕੇਰਲਾ ਨਾਲ ਸੰਬੰਧਤ ਵਿਅਕਤੀ ਵੈੱਬ ਲਿੰਕ https://www. registernorkaroots.org/ 'ਤੇ ਅਤੇ ਤਾਮਿਲਨਾਡੂ ਨਾਲ ਸੰਬੰਧਤ ਲੋਕ ਵੈੱਬ ਲਿੰਕ tnepass.tnega.org 'ਤੇ ਅਪਲਾਈ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਬਿਹਾਰ ਰਾਜ ਵੱਲੋਂ ਆਪਣੇ ਨਾਗਰਿਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਾਉਣ ਲਈ ਵੈੱਬਸਾਈਟ www.aapda.bih.nic.in ਤਿਆਰ ਕੀਤੀ ਹੈ। ਇਸ ਵੈੱਬਸਾਈਟ 'ਤੇ ਅਪਲਾਈ ਕਰਨ ਨਾਲ ਬਿਹਾਰ ਸਰਕਾਰ ਵੱਲੋਂ ਆਪਣੇ ਲੋਕਾਂ ਦੇ ਖ਼ਾਤਿਆਂ ਵਿੱਚ ਪ੍ਰਤੀ ਵਿਅਕਤੀ 1000 ਰੁਪਏ ਭੇਜੇ ਜਾ ਰਹੇ ਹਨ। ਇਸਤਰਾਂ ਸੂਬਾ ਅਤੇ ਕੇਂਦਰ ਸਰਕਾਰਾਂ ਰਲ ਕੇ ਆਮ ਲੋਕਾਂ ਦੀ ਹਰ ਸੰਭਵ ਸਹਾਇਤਾ ਕਰ ਰਹੀਆਂ ਹਨ।
No comments:
Post a Comment