Monday, April 13, 2020

ਕੋਰੋਨਾ ਨਾਲ ਜੰਗ ਲੜ ਰਹੇ ਯੋਧਿਆਂ ਨੂੰ ਕਿਸਾਨ ਸੰਗਠਨਾਂ ਵੱਲੋਂ ਸਲਾਮ

 ਯੋਧਿਆਂ ਨੂੰ ਸਾਜ਼ੋ-ਸਾਮਾਨ ਦੀ ਕਮੀ ਨਾ ਆਉਣ ਦਿੱਤੀ ਜਾਏ 
ਲੁਧਿਆਣਾ: 13 ਅਪ੍ਰੈਲ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਕੋਰੋਨਾ ਦੇ ਖਿਲਾਫ਼ ਜੰਗ ਲੜ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਅਤੇ ਦਰਜਾਚਾਰ ਕਰਮਚਾਰੀਆਂ ਨੂੰ ਸੰਘਰਸ਼ੀਲ ਕਿਸਾਨ ਸੰਗਠਨਾਂ ਨੇ ਸਲਾਮ ਆਖੀ ਹੈ। ਇਹਨਾਂ ਕਿਸਾਨ ਜੱਥੇਬੰਦੀਆਂ ਨੇ ਕਿਹਾ ਹੈ ਕਿ ਅਜਿਹੇ ਨਾਜ਼ੁਕ ਹਾਲਾਤ ਵਿੱਚ ਪੀਪੀਈ ਅਤੇ ਹੋਰ ਲੁੜੀਂਦੇ ਸਾਜ਼ੋ ਸਾਮਾਨ ਤੋਂ ਬਿਨਾ ਵੀ ਏਨੀ ਸ਼ਿੱਦਤ ਨਾਲ ਲੜਨਾ ਬਹੁਤ ਵੱਡੀ ਗੱਲ ਹੈ। 
ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਬਰ, ਬੀਕੇਯੂ (ਡਕੌਂਦਾ) ਦੇ  ਸੂਬਾਈ ਜਨਰਲ ਸਕੱਤਰ-ਜਗਮੋਹਨ ਸਿੰਘ, ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਨਿਰਭੈ ਸਿੰਘ ਢੁੱਢੀਕੇ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੰਦਰਜੀਤ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾਕਟਰ ਦਰਸ਼ਨਪਾਲ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਕੋਰੋਨਾ ਨਾਲ ਜੰਗ ਲੜ ਰਹੇ ਇਹਨਾਂ ਯੋਧਿਆਂ ਨੂੰ ਤੁਰੰਤ ਹਰ ਲੁੜੀਂਦੀ ਚੀਜ਼ ਮੁਹਈਆ ਕਰਾਈ ਜਾਏ।  ਇਹਨਾਂ ਦੀ ਸੁਰੱਖਿਆ ਸੁਨਿਸਚਿਤ ਕਰਨ ਲਈ ਸਾਰੇ ਕਦਮ ਚੁੱਕੇ ਜਾਣ।  ਸਟਾਫ ਦੀ ਘਾਟ ਲਈ ਖਾਲੀ ਪਈਆਂ ਅਸਾਮੀਆਂ ਨੂੰ ਫੌਰੀ ਭਰਿਆ ਜਾਏ। 
ਇਹਨਾਂ ਸਾਰੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਅਤੇ ਡਾਕਟਰੀ ਸਟਾਫ ਦੀ ਮਦਦ ਨਾਲ ਹੀ ਦੇਸ਼ ਨੂੰ ਅੰਨ ਦੇ ਮਾਮਲੇ ਵਿੱਚ ਲਗਾਤਾਰ ਆਤਮਨਿਰਭਰ  ਰੱਖਿਆ ਜਾ ਸਕਦਾ ਹੈ। ਕਿਸਾਨਾਂ ਅਤੇ ਖੇਤੀ ਮਾਹਰਾਂ ਦੇ ਸੁਮੇਲ ਕਾਰਨ ਹੀ ਅੱਜ ਦੇਸ਼ ਕੋਲ ਅਨਾਜ, ਦਾਲਾਂ, ਖੰਡ ਅਤੇ ਹੋਰਨਾਂ ਲੁੜੀਂਦੀਆਂ ਚੀਜ਼ਾਂ ਦੇ ਅਥਾਹ ਭੰਡਾਰ ਮੌਜੂਦ ਹਨ। ਇਸ ਲਈ ਸਿਹਤ ਮੁਲਾਜ਼ਮਾਂ ਅਤੇ ਹਿਰਨਾਂ ਵਰਗਾਂ ਨਾਲ ਸਬੰਧਤ ਉਹਨਾਂ ਸਾਰੇ ਯੋਧਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜਿਹੜੇ ਇਸ ਜੰਗ ਨੂੰ ਲੜ ਰਹੇ ਹਨ।  

No comments: