Sunday, March 08, 2020

ਸਮਾਜ ਵਿੱਚ ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾ ਹਾਵੀ ਰਹਿੰਦੀ ਹੈ

3rd March 2020 12:43 PM
ਔਰਤਾਂ ਪ੍ਰਤੀ ਕਾਨੂੰਨਾਂ ਦੀ ਹਕੀਕਤ ਵੀ ਦੱਸਦੀ ਹੈ *ਨਰਿੰਦਰ ਕੌਰ ਸੋਹਲ
ਲੇਖਿਕਾ ਨੇ ਇਸ ਦੇ ਮੰਤਵ ਨੂੰ ਭੁਲਾਉਣ ਦੀ ਸਾਜ਼ਿਸ਼ ਵਿਰੁੱਧ ਵੀ ਸੁਚੇਤ ਕੀਤਾ ਹੈ
ਲੋਕਾਂ ਅਤੇ ਲੀਡਰਾਂ-ਦੋਹਾਂ ਨਾਲ ਨੇੜਤਾ-ਵੱਖ ਵੱਖ ਸਮਿਆਂ ਤੇ ਲੇਖਿਕਾ ਨਰਿੰਦਰ ਸੋਹਲ ਦੇ ਵੱਖ ਵੱਖ ਅੰਦਾਜ਼ 
ਡੇਟਲਾਈਨ ਪੰਜਾਬ: 7 ਮਾਰਚ 2020: (*ਨਰਿੰਦਰ ਕੌਰ ਸੋਹਲ//ਪੰਜਾਬ ਸਕਰੀਨ)::
8 ਮਾਰਚ "ਕੌਮਾਂਤਰੀ ਮਹਿਲਾ ਦਿਵਸ" ਸਾਰੇ ਸੰਸਾਰ ਵਿਚ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵੱਜੋਂ ਮਨਾਇਆ ਜਾਂਦਾ ਹੈ। ਪਰ ਇਹ ਸ਼ੁਰੂ ਕਿਵੇਂ ਤੇ ਕਿਉਂ ਹੋਇਆ? ਬਹੁਤ ਘੱਟ ਲੋਕ ਜਾਣਦੇ ਹਨ। ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ। ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਸ ਦੀ ਸ਼ੁਰੂਆਤ ਸਾਲ 1908 ਵਿੱਚ ਹੋਈ ਜਦੋਂ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਮੰਗ ਇਹ ਸੀ ਕਿ ਉਨ੍ਹਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਵੋਟ ਪਾਉਣ ਦਾ ਹੱਕ ਵੀ ਦਿੱਤਾ ਜਾਵੇ। ਇਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ 'ਸੋਸ਼ਲਿਸਟ ਪਾਰਟੀ' ਨੇ ਇਸ ਦਿਨ ਨੂੰ 'ਕੌਮੀ ਮਹਿਲਾ ਦਿਵਸ' ਐਲਾਨ ਦਿੱਤਾ। ਸੰਨ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ 'ਕੋਪਨਹੇਗਨ' ਵਿੱਚ ਕੰਮਕਾਜੀ ਔਰਤਾਂ ਦੀ ਇੱਕ 'ਕੌਮਾਂਤਰੀ ਕਾਨਫਰੰਸ' ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਉੱਥੇ 17 ਦੇਸਾਂ ਦੀਆਂ ਲਗਭਗ 100 ਔਰਤਾਂ ਹਾਜ਼ਰ ਸਨ ਅਤੇ ਉਹਨਾਂ ਨੇ ਇਸ ਮਤੇ ਦੀ ਪੂਰਨ ਹਮਾਇਤ ਕੀਤੀ। ਸਭ ਤੋਂ ਪਹਿਲਾਂ 1911 ਵਿੱਚ ਆਸਟਰੀਆ,ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਪਹਿਲਾਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ। ਇੱਸੇ ਤਰਾਂ 25 ਮਾਰਚ 1911 ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਫੈਕਟਰੀ ਵਿਚ ਸੁਰੱਖਿਆ ਦੀ ਘਾਟ ਕਾਰਨ 140 ਤੋਂ ਜ਼ਿਆਦਾ ਔਰਤ ਮਜਦੂਰਾਂ ਦੀ ਸੜ ਕੇ ਮੌਤ ਹੋ ਗਈ ਕਿਉਂਕਿ ਕੰਮ ਦੌਰਾਨ ਪ੍ਰਬੰਧਕ ਸਾਰੇ ਦਰਵਾਜ਼ੇ ਬੰਦ ਰੱਖਦੇ ਸਨ, ਜਿਸ ਕਾਰਨ ਅੱਗ ਲੱਗਣ 'ਤੇ ਔਰਤਾਂ ਬਾਹਰ ਨਾ ਨਿਕਲ ਸਕੀਆ। ਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜਿਆਦਾ ਤਨਖਾਹ ਦੇ ਕਾਨੂੰਨ ਦੀ ਮੰਗ, ਹੁਣ ਔਰਤਾਂ ਦੇ ਅੰਦੋਲਨ ਦਾ ਮੁੱਖ ਮੁੱਦਾ ਬਣ ਗਈ। ਇਸ ਨਾਲ ਔਰਤਾਂ ’ਚ ਆਪਣੇ ਕੰਮਕਾਜੀ ਹਾਲਤਾ ਨੂੰ ਲੈ ਕੇ ਬਗਾਵਤ ਹੋਰ ਤੇਜ ਹੋਈ ਤੇ ਔਰਤਾਂ ਲਈ ਵੋਟ ਦੇ ਅਧਿਕਾਰ ਦੀ ਮੰਗ ਵੀ ਤੇਜੀ ਨਾਲ ਉੱਠੀ। ਸੰਨ 1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ "ਬ੍ਰੈਡ ਐਂਡ ਪੀਸ" (ਖਾਣਾ ਤੇ ਸ਼ਾਂਤੀ) ਦੀ ਮੰਗ ਕੀਤੀ। ਉਸ ਸਮੇਂ ਰੂਸ ਵਿੱਚ 'ਜੂਲੀਅਨ ਕੈਲੰਡਰ' ਵਰਤਿਆ ਜਾਂਦਾ ਸੀ, ਜਿਸ ਅਨੁਸਾਰ ਹੜਤਾਲ ਵਾਲੇ ਦਿਨ 23 ਫਰਵਰੀ ਸੀ ਪਰ ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ। ਸੰਨ 1975  ਵਿੱਚ 'ਸੰਯੁਕਤ ਰਾਸ਼ਟਰ ਮਹਾਂਸੰਘ' ਨੇ 8 ਮਾਰਚ ਨੂੰ "ਅੰਤਰਰਾਸ਼ਟਰੀ ਮਹਿਲਾ ਦਿਵਸ" ਘੋਸ਼ਿਤ ਕਰ ਦਿੱਤਾ। ਉਸ ਮਗਰੋਂ ਪੂਰੀ ਦੁਨੀਆ ਵਿੱਚ ਇਹ ਦਿਨ ਮਨਾਇਆ ਜਾਣ ਲੱਗਿਆ ਹੈ। ਕਈ ਦੇਸਾਂ ਵਿੱਚ ਤਾਂ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਰੂਸ ਅਤੇ ਕਈ ਹੋਰ ਦੇਸਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵਧ ਜਾਂਦੀ ਹੈ ਕਿਉਂਕਿ ਔਰਤਾਂ ਤੇ ਮਰਦ ਇੱਕ ਦੂਜੇ ਨੂੰ ਫੁੱਲ ਦਿੰਦੇ ਹਨ। ਚੀਨ ਦੇ ਵਧੇਰੇ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਮਾਰਚ ਦਾ ਪੂਰਾ ਮਹੀਨਾ ਹੀ "ਵਿਮੇਨ ਹਿਸਟਰੀ ਮੰਥ" ਵਜੋਂ ਮਨਾਇਆ ਜਾਂਦਾ ਹੈ।

                  ਬੇਸ਼ੱਕ ਐਨਾ ਕੁੱਝ ਹਾਂ ਪੱਖੀ ਹੋਣ ਦੇ ਬਾਵਜੂਦ ਵੀ ਔਰਤਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਸਮਾਜ ਅੰਦਰ ਘਰ ਕਰੀ ਬੈਠੀ ਔਰਤ ਵਿਰੋਧੀ ਮਾਨਸਿਕਤਾ,ਪਿੱਤਰ ਸੱਤਾ ਅਤੇ ਕੁੱਟਮਾਰ ਕਾਰਨ ਉਸਨੂੰ ਗੁਲਾਮੀ ਸਹਿਣੀ ਪੈਂਦੀ ਹੈ। ਅੱਜ ਵੀ ਉਹਨਾਂ ਦਾ ਸਰੀਰਕ ਤੇ ਮਾਨਸਿਕ ਸੋਸ਼ਣ ਹੁੰਦਾ ਹੈ। ਉਹ ਘਰੇਲੂ ਹਿੰਸਾ, ਅਗਵਾ, ਤੇਜ਼ਾਬੀ ਹਮਲੇ, ਦਾਜ ਅਤੇ ਭਰੂਣ ਹੱਤਿਆ ਆਦਿ ਵਰਗੀਆਂ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ। ਬੇਸ਼ੱਕ ਕੁਦਰਤ ਨੇ ਔਰਤ ਨੂੰ ਜਿੰਦਗੀ ਸਿਰਜਣ, ਪਾਲਣ ਤੇ ਤਰਾਸ਼ਣ ਦਾ ਬਲ ਬਖਸ਼ਿਆ ਹੈ। ਪਰ  ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾ ਹਾਵੀ ਰਹਿੰਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਔਰਤਾਂ ਪੱਖੀ ਬਹੁਤ ਸਾਰੇ ਕਾਨੂੰਨ ਹੋਂਦ ਵਿੱਚ ਆਏ ਹਨ ਪਰ ਉਹ ਕਨੂੰਨ ਵੀ ਸਿਰਫ ਡੱਬਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। 'ਬਲਾਤਕਾਰੀਆਂ ਨੂੰ ਫਾਂਸੀ' ਦੇਣ ਦਾ ਕਨੂੰਨ ਬਣਨ ਦੇ ਬਾਵਜੂਦ ਵੀ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਹੋਇਆ ਹੈ। ਅਪਰਾਧੀਆਂ ਨੂੰ ਸਜ਼ਾਵਾਂ ਦੇਣ ਵਿੱਚ ਕੀਤੀ ਜਾਂਦੀ ਦੇਰੀ ਵੀ ਇਸਦਾ ਮੁੱਖ ਕਾਰਨ ਹੈ। ਸਮਾਜ ਵਿੱਚ ਲੈਂਗਿਕ ਅਸਮਾਨਤਾ,ਘਰੇਲੂ ਹਿੰਸਾ ਅਤੇ ਯੌਨ ਸ਼ੌਸ਼ਣ ਦੇ ਅੰਕੜੇ ਡਰਾਉਣ ਵਾਲੇ ਹਨ। ਦੇਸ਼ ਵਿੱਚ ਧੀਆਂ ਦੀ ਸੁਰੱਖਿਆ ਦੇ ਵਿਸ਼ੇ ’ਤੇ ਚਿੰਤਾ ਅਤੇ ਚਿੰਤਨ ਹੋ ਰਿਹਾ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦਿੱੱਤਾ ਜਾ ਰਿਹਾ,ਪਰ ਹਕੀਕਤ ਬਹੁਤ ਡਰਾਵਨੀ ਹੈ। 
                       ਅਸਲ ਵਿੱਚ ਔਰਤ ਇਕੱਲੇ 'ਪੁਰਸ਼ ਸਮਾਜ' ਦੀ ਗੁਲਾਮ ਨਹੀਂ (ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ) ਸਗੋਂ ਪੂੰਜੀਵਾਦ ਪ੍ਰਬੰਧ ਦੀ ਗੁਲਾਮ ਹੈ। ਇਹ ਸ਼ੋਸ਼ਣ 'ਤੇ ਅਧਾਰਤ ਸਮਾਜ ਔਰਤਾਂ ਨੂੰ ਕਦੇ ਵੀ ਬਰਾਬਰਤਾ ਨਹੀਂ ਦੇ ਸਕਦਾ। ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ। ਇਸ ਲਈ ਇਸ ਪ੍ਰਬੰਧ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਹੁਣ ਜਦੋਂ ਦੇਸ਼ ਵਿੱਚ ਸੀ ਏ ਏ ਵਰਗੇ ਕਾਨੂੰਨਾਂ ਕਾਰਨ ਨਾਗਰਿਕਤਾ ਸਾਬਿਤ ਕਰਨ ਦਾ ਸਵਾਲ ਉਠ ਖੜਾ ਹੋਇਆ ਹੈ ਤਾਂ ਔਰਤਾਂ ਨੇ ਸੰਗਠਤ ਹੋਕੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਦਿੱਲੀ ਦਾ 'ਸ਼ਹੀਨ ਬਾਗ਼' ਇਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਹੁਣ ਪੂਰੇ ਦੇਸ਼ ਵਿੱਚ ਕਈ 'ਸ਼ਹੀਨ ਬਾਗ਼' ਬਣ ਗਏ ਹਨ। ਜੋ ਇਸ ਪ੍ਰਬੰਧ ਲਈ ਇੱਕ ਚਣੌਤੀ ਬਣ ਰਹੇ ਹਨ। ਅੱਜ 8 ਮਾਰਚ ਸੰਘਰਸ਼ੀ ਔਰਤਾਂ ਦਾ ਤਿਉਹਾਰ ਹੈ,ਜਿਸਦੇ ਅਸਲੀ ਰੂਪ ਨੂੰ ਪਿਛਲੇ ਕੁੱਝ ਸਮੇਂ ਤੋਂ ਵਿਗਾੜਨ ਦਾ ਕੰਮ ਕੀਤਾ ਗਿਆ ਹੈ। ਜਿਸ ਨੂੰ ਸਿਰਫ ਤੋਹਫੇ ਦੇਣ ਤੇ ਖਾਣ-ਪੀਣ ਤੱਕ ਸੀਮਤ ਕੀਤਾ ਜਾ ਰਿਹਾ ਹੈ। ਪਰ ਇਸ ਵਾਰ 8 ਮਾਰਚ ਆਪਣਾ ਇਤਿਹਾਸਕ ਰੋਲ ਅਦਾ ਕਰ ਰਿਹਾ ਹੈ। ਜਦੋਂ ਦੇਸ਼ ਭਰ ਦੀਆਂ ਔਰਤਾਂ ਇਕਮੁੱਠ ਹੋ ਕੇ, ਨਿਊਯਾਰਕ ਦੀਆਂ ਔਰਤਾਂ ਵਾਂਗ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਈਆਂ ਹਨ। ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ। 'ਕੌਮਾਂਤਰੀ ਮਹਿਲਾ ਦਿਵਸ' ਦੀਆਂ ਸਭ ਨੂੰ ਢੇਰ ਸਾਰੀਆਂ ਇਨਕਲਾਬੀ ਮੁਬਾਰਕਾਂ। 

*ਨਰਿੰਦਰ ਕੌਰ ਸੋਹਲ ਨੇ ਦਹਿਸ਼ਤਗਰਦੀ, ਫਿਰਕੂ ਜਨੂੰਨ, ਲੋਕਪੱਖੀ ਪੱਤਰਕਾਰਿਤਾ ਅਤੇ ਸਮਾਜਵਾਦੀ ਸਿਆਸਤ ਨੂੰ ਵੀ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਉਸਦੀ ਇਹ ਲਿਖਤ ਜ਼ਿੰਦਗੀ ਦੇ ਇਹਨਾਂ ਰਲੇ ਮਿਲੇ ਰੰਗਾਂ ਦੇ ਅਹਿਸਾਸ ਚੋਂ ਹੀ ਉਪਜੀ ਹੈ। ਮੋਬਾਈਲ ਨੰਬਰ ਹੈ-+91 94641-13255

No comments: