21st February 2020 at 5:13 PM
ਹਰ ਪੰਜਾਬੀ ਹਿਤੈਸ਼ੀ ਦੇ ਡਰਾਇੰਗ ਰੂਮ ਦਾ ਸ਼ਿੰਗਾਰ ਬਣੇ ਇਹ ਪੰਜਾਬੀ ਫੱਟੀ
ਲੁਧਿਆਣਾ: 21 ਫਰਵਰੀ 2020: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਪੰਜਾਬੀ ਨੂੰ ਏਨਾ ਖਤਰਾ ਪੰਜਾਬੀ ਦੇ ਉਹਨਾਂ ਦੁਸ਼ਮਨਾਂ ਤੋਂ ਨਹੀਂ ਜਿਹੜੇ ਹਿੰਦੀ ਜਾਂ ਅੰਗ੍ਰੇਜ਼ੀ ਨੂੰ ਹਥਿਆਰ ਬਣਾ ਕੇ ਆਪੋ ਆਪਣੀ ਸਿਆਸਤ ਚਲਾ ਰਹੇ ਹਨ। ਪੰਜਾਬੀ ਨੂੰ ਖਤਰਾ ਉਹਨਾਂ ਤੋਂ ਹੈ ਜਿਹਨਾਂ ਨੂੰ ਪੰਜਾਬੀ ਹੋਣ ਦੇ ਬਾਵਜੂਦ ਆਪਣੇ ਘਰਾਂ ਵਿੱਚ ਪੰਜਾਬੀ ਬੋਲਦਿਆਂ ਸ਼ਰਮ ਆਉਂਦੀ ਹੈ। ਉਹ ਆਪਣੇ ਬੱਚਿਆਂ ਨੂੰ ਵੀ ਅਕਸਰ ਇਹੀ ਸਿਖਾਉਂਦੇ ਹਨ ਬੇਟਾ ਐਸੇ ਨਹੀਂ ਐਸੇ ਬੋਲਤੇ ਹੈਂ। ਐਸਾ ਨਹੀਂ ਐਸਾ ਕਰਤੇ ਹੈਂ। ਦਿਲਚਸਪ ਗੱਲ ਇਹ ਵੀ ਕਿ ਆਪਣੇ ਘਰਾਂ ਵਿੱਚ ਇਹ ਕੁਝ ਕਰਨ ਵਾਲੇ ਜਦੋਂ ਘਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਫਿਰ ਪੰਜਾਬੀ ਜਾਂ ਗੁਰਮੁਖੀ ਨੂੰ ਆਪਣਾ ਹਥਿਆਰ ਬਣਾ ਕੇ ਆਪਣੀ ਸਿਆਸਤ ਸ਼ੁਰੂ ਕਰ ਦੇਂਦੇ ਹਨ ਅਤੇ ਫਿਰ ਉੱਚੀ ਉੱਚੀ ਬੋਲ ਕੇ ਇਹੀ ਜਤਾਉਂਦੇ ਹਨ ਕਿ ਪੰਜਾਬੀ ਖਤਰਿਆਂ ਵਿੱਚ ਹੈ ਅਤੇ ਅਸੀਂ ਪੰਜਾਬੀ ਨੂੰ ਬਚਾਉਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੇ ਹਾਂ। ਇਹੋ ਜਿਹੀਆਂ ਹਨੇਰੀਆਂ ਦੇ ਬਾਵਜੂਦ ਕੁਝ ਲੋਕ ਅਜਿਹੇ ਵੀ ਹਨ ਜੋ ਬੜੀ ਖਾਮੋਸ਼ੀ ਨਾਲ ਪੰਜਾਬੀ ਲਈ ਬਹੁਤ ਕੁਝ ਕਰ ਰਹੇ ਹਨ ਅਤੇ ਉਹ ਵੀ ਬਿਨਾ ਕਿਸੇ ਹੋਰ ਭਾਸ਼ਾ ਨੂੰ ਮੰਦਾ ਆਖਿਆਂ।
ਪੰਜਾਬੀ ਦੇ ਅਜਿਹੇ ਖਾਮੋਸ਼ ਹਿਤੈਸ਼ੀਆਂ ਵਿੱਚੋਂ ਇੱਕ ਜਨਮੇਜਾ ਸਿੰਘ ਜੋਹਲ ਸਾਹਿਬ ਵੀ ਹਨ। ਜਦੋਂ ਆਮ ਲੋਕਾਂ ਨੇ ਕੰਪਿਊਟਰ ਦੀ ਸ਼ਕਲ ਵੀ ਨਹੀਂ ਸੀ ਦੇਖੀ ਉਦੋਂ ਜਨਮੇਜਾ ਸਿੰਘ ਜੋਹਲ ਨੇ ਕੰਪਿਊਟਰ 'ਤੇ ਪੰਜਾਬੀ ਟਾਈਪ ਕਰਨ ਦੇ ਜੁਗਾੜ ਲਭਣੇ ਸ਼ੁਰੂ ਕਰ ਦਿੱਤੇ ਸਨ। ਇਹਨਾਂ ਜੁਗਾੜਾਂ ਨੂੰ ਮਗਰੋਂ ਮਾਣ ਸਤਿਕਾਰ ਵੀ ਮਿਲਿਆ। ਇਹਨਾਂ ਖੋਜਾਂ ਨੂੰ ਜਨਮੇਜਾ ਸਾਹਿਬ ਨੇ ਬਿਨਾ ਕਿਸੇ ਮਾਇਕ ਵਸੂਲੀ ਤੋਂ ਹਰ ਉਸ ਵਿਅਕਤੀ ਨੂੰ ਵੀ ਸਿਖਾਇਆ ਜਿਸਨੇ ਵੀ ਇਹਨਾਂ ਨੂੰ ਸਿੱਖਣ ਦੀ ਇਛਾ ਪ੍ਰਗਟ ਕੀਤੀ।
ਫਿਰ ਆਇਆ ਮੋਬਾਈਲਾਂ ਫੋਨਾਂ ਦਾ ਯੁਗ। ਬਹੁਤੇ ਲੋਕਾਂ ਨੂੰ ਘਰ ਪਿਆ ਡੈਸਕਟੋਪ ਵਾਲਾ ਕੰਪਿਊਟਰ ਗੁਜ਼ਰੇ ਜ਼ਮਾਨੇ ਦੀ ਗੱਲ ਜਾਪਣ ਲੱਗ ਪਿਆ ਹਾਲਾਂਕਿ ਅਜਿਹਾ ਹੈ ਨਹੀਂ। ਡੈਸਕਟੋਪ ਵਾਲੇ ਕੰਪਿਊਟਰ ਤੇ ਕੰਮ ਕਰਨ ਦਾ ਆਪਣਾ ਵੱਖਰਾ ਹੀ ਮਜ਼ਾ ਹੈ। ਪੀਸੀ ਅਰਥਾਤ ਪਰਸਨਲ ਕੰਪਿਊਟਰ ਲਿਖਣ ਪੜ੍ਹਨ ਦੇ ਕੰਮਕਾਜ ਦੌਰਾਨ ਵੱਖਰੀ ਤਰਾਂ ਦੀ ਆਜ਼ਾਦੀ ਅਤੇ ਨਵੀਆਂ ਨਵੀਆਂ ਸਹੂਲਤਾਂ ਦੇਂਦਾ ਹੈ। ਇਸਦੇ ਬਾਵਜੂਦ ਅਜਕਲ ਮੋਬਾਈਲ ਫੋਨਾਂ ਵਾਲਾ ਰਿਵਾਜ ਵਧ ਗਿਆ ਹੈ। ਹੁਣ ਤਾਂ ਬਹੁਤੇ ਸੈਟਾਂ ਵਿੱਚ ਪੰਜਾਬੀ ਟਾਈਪਿੰਗ ਦੀ ਸਹੂਲਤ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ। ਜੇ ਨਾ ਵੀ ਹੋਵੇ ਤਾਂ ਉਸਨੂੰ ਦੋ ਚਾਰ ਮਿੰਟਾਂ ਵਿੱਚ ਇੰਸਟਾਲ ਜਾਂ ਐਕਟੀਵੇਟ ਕੀਤਾ ਜਾ ਸਕਦਾ ਹੈ। ਥੋਹੜਾ ਬਹੁਤ ਕੰਮ ਕਰਨ ਲਈ ਮੋਬਾਈਲ ਫੋਨ ਮਾੜਾ ਨਹੀਂ ਪਰ ਲੰਮਾ ਅਤੇ ਜਿਆਦਾ ਕੰਮ ਪੀਸੀ ਜਾਂ ਲੈਪਟੋਪ ਤੇ ਹੀ ਠੀਕ ਰਹਿੰਦਾ ਹੈ। ਜਾਂ ਇਹ ਕਹਿ ਲਓ ਕੀ ਮੈਨੂੰ ਅਜਿਹਾ ਕਰਨਾ ਚੰਗਾ ਲੱਗਦਾ ਹੈ। ਤਕਨੀਕੀ ਵਿਕਾਸ ਨੇ ਪੰਜਾਬੀ ਨੂੰ ਵੀ ਫਾਇਦਾ ਪਹੁੰਚਾਇਆ ਹੈ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਪੰਜਾਬੀ ਰਾਹੀਂ ਲਿਖਣ ਅਤੇ ਮੀਡੀਆ ਦਾ ਕੰਮ ਕਾਫੀ ਵਧਿਆ ਹੈ। ਇਸਦੇ ਬਾਵਜੂਦ ਪੰਜਾਬੀ ਦੇ ਸੰਕਟਾਂ ਵਾਲੀ ਗੱਲ ਟਲੀ ਨਹੀਂ।
ਅੱਜ ਵੀ ਬਹੁਤ ਸਾਰੇ ਪੰਜਾਬੀ ਅਜਿਹੇ ਹਨ ਜਿਹਨਾਂ ਨੇ ਅਧਿ ਤੋਂ ਵਧ ਲੰਘਾ ਲਈ ਹੈ ਪਰ ਉਹਨਾਂ ਨੂੰ ਅਜੇ ਤੱਕ ਪੂਰੀ ਪੈਂਤੀ ਨਹੀਂ ਆਉਂਦੀ। ਊੜਾ ਐੜਾ ਪੂਰਾ ਪੜ੍ਹਨਾ ਅਜੇ ਵੀ ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਚੰਗਾ ਹੋਵੇ ਜੇ ਇਹਨਾਂ ਨੂੰ ਮੁੜ੍ਹ ਤੋਂ ਪੰਜਾਬ ਪੜ੍ਹਨ ਦੀ ਲਗਨ ਲਾਈ ਜਾਵੇ। ਮੈਂ ਬੜੇ ਚਿਰਾਂ ਤੋਂ ਸੋਚ ਰਿਹਾ ਸਾਂ ਕੀ ਇਹ ਕੰਮ ਕਿਵੇਂ ਹੋਵੇ? ਅਚਾਨਕ ਜਨਮੇਜਾ ਸਾਹਿਬ ਪੰਜਾਬੀ ਭਵਨ ਵਾਲੀ ਸਾਹਿਤਿਕ ਮਾਰਕੀਟ ਵਿੱਚ ਮਿਲੇ। ਕਿਤਾਬਾਂ ਵਾਲੀ ਕਿਸੇ ਦੁਕਾਨ ਤੇ ਆਪਣੀ ਬਣਾਈ ਫੱਟੀ ਤੰਗ ਰਹੇ ਸਨ। ਇਹ ਗੱਲ ਸ਼ਾਇਦ ਡੇੜ ਦੋ ਮਹੀਨਿਆਂ ਦੀ ਹੈ। ਮੈਂ ਆਖਿਆ ਇੱਕ ਫੋਟੋ ਇਸ ਫੱਟੀ ਨੂੰ ਆਪਣੇ ਹਥ੍ਥ ਵਿੱਚ ਫੜ ਕੇ ਖਿਚਵਾਓ। ਕਹਿਣ ਲੱਗੇ ਅਜੇ ਨਹੀਂ। ਇਸ ਵਿੱਚ ਅਜੇ ਕੁਝ ਕਮੀਆਂ ਪੇਸ਼ੀਆਂ ਹਨ ਪਹਿਲਾਂ ਉਹ ਠੀਕ ਕਰ ਲਈਏ। ਗੱਲ ਆਈ ਗਈ ਹੋ ਗਈ। ਫਿਰ ਅਚਾਨਕ ਅੱਜ ਇੱਕ ਮੇਲ ਮਿਲੀ। ਇੱਕ ਤਸਵੀਰ ਹੈ ਜਿਸ ਵਿੱਚ ਉਹੀ ਫੱਟੀ ਨਜਰ ਆਉਂਦੀ ਹੈ। ਸ਼ਾਇਦ ਪਟਿਆਲਾ ਵਿੱਚ ਸੁਲਤਾਨਾ ਬੇਗਮ ਹੁਰਾਂ ਦਾ ਨਿਵਾਸ ਅਸਥਾਨ ਹੈ। ਅੱਜ ਮਾਤ ਭਾਸ਼ਾ ਦਿਵਸ ਤੇ ਮੈਡਮ ਸੁਲਤਾਨਾ ਬੇਗਮ ਨੇ ਹਰ ਘਰ ਦਾ ਸ਼ਿੰਗਾਰ ਪੰਜਾਬੀ ਫੱਟੀ ਪਟਿਆਲਾ ਵਿਖੇ ਜਾਰੀ ਕੀਤੀ। ਜਨਮੇਜਾ ਸਿੰਘ ਵਲੋਂ ਤਿਆਰ ਕੀਤੀ ਫੱਟੀ ਜਾਰੀ ਕਰਨ ਵੇਲੇ ਅਮਰੀਕਾ ਤੋਂ ਜਗਰੂਪ ਬਾਠ ਵੀ ਹਾਜ਼ਰ ਸਨ। ਚੰਗਾ ਹੋਵੇ ਜੇ ਇਹ ਫੱਟੀ ਹਰ ਸਕੂਲ ਦੇ ਹਰ ਬੱਚੇ ਤਕ ਪਹੁੰਚੇ। ਸਾਡੇ ਡਰਾਇੰਗ ਰੂਮ ਦਾ ਸ਼ਿਗਾਰ ਵੀ ਬਣੇ ,ਅਸੀਂ ਇਸ ਦੀਆਂ ਸੌਗਾਤਾਂ ਵੀ ਦੇਈਏ। ਇਸ ਫੱਟੀ ਨੂੰ ਅੱਜ ਪੰਜਾਬੀ ਹਿਤੈਸ਼ੀਆਂ ਵੱਲੋਂ ਇੱਕ ਰਿਵਾਜ ਬਣਾਇਆ ਜਾਣਾ ਚਾਹੀਦਾ ਹੈ।
No comments:
Post a Comment