Dec 7, 2019, 5:25 PM
ਨਾਮਧਾਰੀਆਂ ਨੇ ਲੋੜਵੰਦ ਬੱਚਿਆਂ ਨੂੰ ਵੰਡੇ ਬੂਟ-ਜੁਰਾਬਾਂ
ਸਤਿਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਸਤਿਸੰਗ ਸਭਾ ਲੁਧਿਆਣਾ ਵੱਲੋਂ ਮਨਾਇਆ ਗਿਆ
ਗੁਰਦੀਪ ਸਿੰਘ ਗੋਸ਼ਾ ਅਤੇ ਨਾਮਧਾਰੀ ਆਗੂ ਨਵਤੇਜ ਸਿੰਘ ਬੱਚਿਆਂ ਨੂੰ ਬੂਟ-ਜੁਰਾਬਾਂ ਪਾਉਂਦੇ ਹੋਏ |
ਲੁਧਿਆਣਾ: 7 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਈਸਾਈ ਸੰਗਠਨਾਂ ਨੇ ਲੰਮਾ ਅਰਸਾ ਪਹਿਲਾਂ ਹੀ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਗਰੀਬ ਬੱਚਿਆਂ ਅਤੇ ਗਰੀਬ ਪਰਿਵਾਰਾਂ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਸੀ। ਦੇਸ਼ ਵਿੱਚ ਬਹੁਤ ਸਾਰੇ ਸੰਗਠਨ ਹਨ ਜਿਹੜੇ ਈਸਾਈਆਂ ਦੇ ਇਸ ਕੰਮ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦੇ ਰਹੇ ਅਤੇ ਆਖਦੇ ਰਹੇ ਕਿ ਈਸਾਈਆਂ ਵੱਲੋਂ ਇਹ ਸਭ ਕੁਝ ਆਪਣੇ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਧਾਉਣ ਲਈ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਦੇ ਬਾਵਜੂਦ ਇਹਨਾਂ ਹਿੰਦੂ ਸੰਗਠਨਾਂ ਅਤੇ ਸਿੱਖ ਸੰਸਥਾਵਾਂ ਨੇ ਅਣਗਿਣਤ ਆਮਦਨ ਹੋਣ ਦੇ ਬਾਵਜੂਦ ਈਸਾਈਆਂ ਵਾਂਗ ਲੋਕ ਭਲਾਈ ਦੇ ਕੰਮਾਂ ਦੀ ਖੁਦ ਕੋਈ ਸ਼ੁਰੂਆਤ ਨਾ ਕੀਤੀ। ਕਦੇ ਵੀ ਇਸ ਮਾਮਲੇ ਵਿੱਚ ਕੋਈ ਮਿਸਾਲੀ ਕੰਮ ਨਾ ਕੀਤਾ। ਇਹ ਸਭ ਕੁਝ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਹੁਰਾਂ ਨੇ ਵੀ ਦੇਖਿਆ ਅਤੇ ਇਸਦਾ ਗੰਭੀਰਤਾ ਨਾਲ ਨੋਟਿਸ ਵੀ ਲਿਆ। ਇਸਦੇ ਨਾਲ ਹੀ ਠਾਕੁਰ ਜੀ ਕਿਸੇ ਨੂੰ ਕੁਝ ਆਖਣ ਦੀ ਬਜਾਏ ਖੁਦ ਹੀ ਝੁੱਗੀਆਂ ਝੌਂਪੜੀਆਂ ਵਿੱਚ ਪਹੁੰਚਣ ਲੱਗੇ। ਉਹਨਾਂ ਨੇ ਇਹਨਾਂ ਗੁਰਬਤ ਮਾਰੇ ਇਲਾਕਿਆਂ ਵਿੱਚ ਰਹਿੰਦੇ ਪਰਿਵਾਰਾਂ ਦਾ ਹਾਲ ਬਹੁਤ ਨੇੜਿਓਂ ਜਾ ਕੇ ਦੇਖਿਆ। ਜਿਹਨਾਂ ਬੱਚਿਆਂ ਨੂੰ ਵੱਡਿਆਂ ਜਾਤਾਂ ਵਾਲੇ ਅਮੀਰ ਨਫਰਤ ਨਾਲ ਦੇਖਦੇ ਸਨ ਠਾਕੁਰ ਜੀ ਨੇ ਉਹਨਾਂ ਬੱਚਿਆਂ ਨੂੰ ਗੱਲ ਨਾਲ ਲਾਇਆ। ਉਹ ਸਮੇਂ ਸਮੇਂ ਤੇ ਖੁਦ ਇਹਨਾਂ ਝੁੱਗੀਆਂ ਵਿੱਚ ਜਾਂਦੇ ਰਹੇ। ਕਦੇ ਬਰਸਾਤਾਂ ਵਿੱਚ ਤੇ ਕਦੇ ਕੜਕਦੀਆਂ ਧੁੱਪਾਂ ਵਿੱਚ। ਕਦੇ ਅੰਮ੍ਰਿਤਸਰ ਵਿੱਚ ਤੇ ਕਦੇ ਜਲੰਧਰ। ਕਦੇ ਦਿੱਲੀ ਤੇ ਕਦੇ ਲੁਧਿਆਣਾ। ਅਣਗਿਣਤ ਥਾਂਵਾਂ ਤੇ ਠਾਕੁਰ ਦਲੀਪ ਸਿੰਘ ਖੁਦ ਪੁੱਜੇ। ਉਹਨਾਂ ਥਾਂਵਾਂ ਤੇ ਵੀ ਪਹੁੰਚੇ ਜਿੱਥੇ ਚਿੱਕੜ ਕਾਰਨ ਪੈਦਲ ਜਾ ਸਕਣਾ ਵੀ ਮੁਸ਼ਕਿਲ ਸੀ। ਆਪਣੇ ਸਤਿਗੁਰਾਂ ਦੇ ਇਸ ਦ੍ਰਿਸ਼ ਨੂੰ ਦੇਖ ਕੇ ਨਾਮਧਾਰੀ ਸੰਗਤ ਵੀ ਸੇਵਾ ਦੇ ਇਸ ਰਾਹ ਤੇ ਤੇਜ਼ੀ ਨਾਲ ਤੁਰ ਪਈ। ਇਹ ਸੰਗਤ ਕਦੇ ਆਪਣੇ ਸੁੱਖਾਂ ਨੂੰ ਛੱਡ ਕੇ ਤੁਰੀ ਛੋਟੀ ਜਿਹੀ ਉਮਰ ਦੀ ਬੱਚੀ ਹਰਪ੍ਰੀਤ ਕੌਰ ਪ੍ਰੀਤ ਨਾਲ ਤੁਰੀ। ਕਦੇ ਭਾਈ ਮੰਨਾ ਸਿੰਘ ਇਲਾਕੇ ਵਿੱਚ ਰਹਿੰਦੀ ਬੀਬੀ ਰਣਜੀਤ ਕੌਰ ਨਾਲ ਤੁਰੀ। ਕਦੇ ਜਲੰਧਰ ਦੀ ਬੀਬੀ ਰਾਜਪਾਲ ਕੌਰ ਨਾਲ ਤੇ ਆਪਣੇ ਕਾਰੋਬਾਰਾਂ ਨੂੰ ਛੱਡ ਕੇ ਠਾਕੁਰ ਇੰਜ ਦੇ ਲੜ ਲੱਗੇ ਨਾਮਧਾਰੀ ਨਵਤੇਜ ਸਿੰਘ ਅਤੇ ਨਾਮਧਾਰੀ ਅਰਵਿੰਦਰ ਸਿੰਘ ਲਾਡੀ ਹੁਰਾਂ ਨਾਲ। ਨਾਮਧਾਰੀ ਸੰਗਤਾਂ ਦੇ ਨਾਲ ਨਾਲ ਗੈਰ ਨਾਮਧਾਰੀ ਸੰਗਤਾਂ ਨੇ ਠਾਕੁਰ ਜੀ ਦੀਆਂ ਇਹਨਾਂ ਲੋਕ ਭਲਾਈ ਵਾਲਿਆਂ ਸਰਗਰਮੀਆਂ ਨੂੰ ਅੱਖੀਂ ਦੇਖਿਆ। ਵਿਘਨ ਵੀ ਬਹੁਤ ਪੈ ਅਤੇ ਮੁਸ਼ਕਲਾਂ ਵੀ ਬਹੁਤ ਪਈਆਂ ਰ ਇਹ ਨਾਮਧਾਰੀ ਕਾਫ਼ਿਲਾ ਚੱਲਦਾ ਰਿਹਾ। ਅੱਜ ਸਿਆਸੀ ਲੀਡਰ ਵੀ ਇਹਨਾਂ ਰਾਹਾਂ ਤੇ ਨਾਮਧਾਰੀਆਂ ਦੇ ਨਾਲ ਤੁਰ ਰਹੇ ਹਨ। ਉਹ ਵੀ ਬਿਨਾ ਕਿਸੇ ਭੇਦਭਾਵ ਤੋਂ। ਤਕਰੀਬਨ ਹਰ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਠਾਕੁਰ ਜੀ ਦੇ ਅਸ਼ੀਰਵਾਦ ਲੈ ਚੁੱਕਿਆ ਹੈ। ਇਹਨਾਂ ਨਾਮਧਾਰੀ ਸੰਗਤਾਂ ਨੇ ਲੋਕ ਭਲਾਈ ਵਾਲੇ ਇਹ ਕੰਮ ਉਹਨਾਂ ਹਲਕਿਆਂ ਵਿੱਚ ਜਾ ਕੇ ਵੀ ਕੀਤੇ ਜਿਹਨਾਂ ਨੂੰ ਈਸਾਈਆਂ ਦਾ ਗੜ੍ਹ ਸਮਝਿਆ ਜਾਂਦਾ ਹੈ। ਠਾਕੁਰ ਜੀ ਨੇ ਪ੍ਰੇਮ ਦੀ ਗੰਗਾ ਵਹਾਉਂਦਿਆਂ ਨਫਰਤ ਦੀ ਹਰ ਅਗਨੀ ਨੂੰ ਸ਼ਾਂਤ ਕਰ ਦਿੱਤਾ। ਐਤਕੀਂ ਦਾ ਸਮਾਗਮ ਭਾਈ ਮੰਨਾ ਸਿੰਘ ਨਗਰ ਵਿਖੇ ਹੋਇਆ। ਇਸ ਇਲਾਕੇ ਵਿਚਲੀਆਂ ਝੁੱਗੀਆਂ ਝੌਂਪੜੀਆਂ ਦੇ ਵਸਨੀਕਾਂ ਨੂੰ ਸਿਆਸੀ ਆਗੂਆਂ ਨੇ ਸਿਰਫ ਆਪਣੀਆਂ ਵੋਟਾਂ ਲਈ ਤਾਂ ਵਰਤਿਆ ਪਰ ਕਦੇ ਵੀ ਇਹਨਾਂ ਦੇ ਭਲੇ ਲਈ ਕੋਈ ਠੋਸ ਕਦਮ ਨਹੀਂ ਸੀ ਚੁੱਕਿਆ। ਠਾਕੁਰ ਦਲੀਪ ਸਿੰਘ ਜੀ ਦੇ ਸੇਵਕਾਂ ਨੇ ਇਹਨਾਂ ਨਿਆਸਰਿਆਂ ਦੀ ਸਾਰ ਲਈ। ਸਮਾਜ ਵੱਲੋਂ ਠੁਕਰਾਏ ਇਹਨਾਂ ਮਾਸੂਮਾਂ ਨੂੰ ਗਲੇ ਨਾਲ ਲਾਇਆ।
ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਵਿਸ਼ਵ ਸਤਿਸੰਗ ਸਭਾ ਲੁਧਿਆਣਾ (ਇਕਾਈ) ਵੱਲੋਂ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਨਾ ਸਿੰਘ ਨਗਰ, ਲੁਧਿਆਣਾ ਵਿਖੇ ਨਿਵੈਕਲੇ ਤਰੀਕੇ ਨਾਲ ਮਾਨਇਆ ਗਿਆ।ਸੰਸਥਾ ਵੱਲੋਂ ਆਉਣ ਵਾਲੀ ਸਰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਝੁੱਗੀਆਂ ਵਿੱਚ ਹਰ ਰੋਜ਼ ਪਡ਼੍ਹ ਰਹੇ ਬੱਚਿਆਂ ਨੂੰ ਬੂਟ ਅਤੇ ਜ਼ੁਰਾਬਾਂ ਬਹੁਤ ਹੀ ਸ਼ਰਧਾ ਨਾਲ ਪਹਿਨਾਈਆਂ ਗਈਆਂ।
ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਵੀ ਸ਼ਾਮਲ ਹੋਏ। ਉਹਨਾਂ ਨੇ ਇਸ ਗੱਲ ਦੀ ਪ੍ਰਸੰਸਾ ਕੀਤੀ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਵਿੱਦਿਆਦਾਤੇ ਦਸ਼ਮੇਸ਼, ਪ੍ਰਗਟੇ ਆਪ ਪ੍ਰਮੇਸ਼! ਦੇ ਨਾਅਰੇ ਨੂੰ ਤੇਜ਼ੀ ਨਾਲ ਝੁੱਗੀਆਂ ਦੇ ਉਹਨਾਂ ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਹੜੇ ਅਕਸਰ ਵਿੱਦਿਆ ਤੋਂ ਵਾਂਝੇ ਰਹੀ ਜਾਂਦੇ ਹਨ।ਅਕਾਲੀ ਆਗੂ ਗੋਸ਼ਾ ਨੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਠਾਕੁਰ ਦਲੀਪ ਸਿੰਘ ਜੀ ਦੇ ਸੇਵਕਾਂ ਵੱਲੋਂ ਠਾਕੁਰ ਜੀ ਦੇ ਬਚਨਾਂ 'ਤੇ ਪਹਿਰਾ ਦੇ ਕੇ ਜੋ ਜ਼ਰੂਰਤਮੰਦ ਬੱਚਿਆਂ ਨੂੰ ਝੁੱਗੀਆਂ-ਝੋਪੜੀਆਂ ਵਿੱਚ ਜਾ ਕੇ ਫਰੀ ਵਿੱਦਿਆ ਦਾ ਦਿੱਤੀ ਜਾ ਰਹੀ ਹੈ ਉਹ ਬਹੁਤ ਹੀ ਦੂਰ ਅੰਦੇਸ਼ੀ ਵਾਲੀ ਗੱਲ ਹੈ। ਇਹ ਸਿਲਸਿਲਾ ਗਰੀਬ ਬੱਚਿਆਂ ਦੀ ਪਡ਼੍ਹਾਈ ਲਈ ਬਹੁਤ ਵੱਡਾ ਉਪਰਾਲਾ ਸਿੱਧ ਹੋ ਰਿਹਾ ਹੈ ਅਤੇ ਬੱਚਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਅਤੇ ਉਹਨਾਂ ਦੇ ਪ੍ਰਵਚਨ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਨਾਮਧਾਰੀ ਸੇਵਕਾਂ ਵਿੱਚੋਂ ਰਣਜੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ, ਸ਼ਮਿੰਦਰ ਕੌਰ ਜੰਮੂ, ਦੀਪ ਸੱਗੂ, ਡਾ. ਕਰਮਜੀਤ ਸਿੰਘ, ਜਸਪਾਲ ਸਿੰਘ, ਗੁਲਾਬ ਸਿੰਘ, ਰਾਜਵੰਤ ਸਿੰਘ, ਹਰਵਿੰਦਰ ਸਿੰਘ ਨਾਮਧਾਰੀ (ਗੱਗੀ), ਮਨਸਾ ਸਿੰਘ, ਹਰਵੇਲ ਸਿੰਘ, ਕੁਲਵਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਲਾਡੀ ਸ਼ਾਮਲ ਸਨ। ਇਹਨਾਂ ਬੱਚਿਆਂ ਉੱਤੇ ਉੱਚੇ ਸੁੱਚੇ ਸੰਸਕਾਰਾਂ ਵਾਲਾ ਰੰਗ ਵੀ ਚੜ੍ਹ ਰਿਹਾ ਹੈ।
ਹੁਣ ਇਹ ਬੱਚੇ ਸਰ ਸਕੂਲੀ ਪੜ੍ਹਾਈ ਹੀ ਨਹੀਂ ਕਰਦੇ ਬਲਕਿ ਨਾਮ ਵੀ ਜਪਦੇ ਹਨ। ਸਿੱਖੀ ਵਾਲੀ ਰਹਿਣੀ ਬਹਿਣੀ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ। ਹੁਣ ਇਹ ਬੱਚੇ ਸਿੱਖ ਇਤਿਹਾਸ ਵੀ ਪੜ੍ਹਦੇ ਹਨ ਅਤੇ ਬਹਾਦਰ ਸਿੱਖ ਨਾਇਕਾਂ ਨੂੰ ਆਪਣਾ ਆਦਰਸ਼ ਵੀ ਬਣਾਉਂਦੇ ਹਨ। ਲੱਗਦਾ ਹੈ ਇਹਨਾਂ ਝੁੱਗੀਆਂ ਵਿਚੋਂ ਗੁਰਸਿੱਖਾਂ ਦੀ ਬਹੁਤ ਵੱਡੀ ਗਿਣਤੀ ਤਿਆਰ ਹੋਵੇਗੀ ਜਿਹੜੀ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਸਮਰਪਿਤ ਹੋ ਕੇ ਦੇਸ਼ ਅਤੇ ਸਮਾਜ ਦਾ ਵੀ ਬਹੁਤ ਕੁਝ ਸੁਧਾਰਗੀ।
No comments:
Post a Comment