Tuesday, August 06, 2019

ਕੈਪਟਨ ਵੱਲੋਂ ਰੋਸ ਪ੍ਰਦਰਸ਼ਨਾਂ 'ਤੇ ਲਗਾਈ ਗਈ ਪਾਬੰਦੀ ਦਾ ਤਿੱਖਾ ਵਿਰੋਧ

Aug 5, 2019, 11:18 PM
ਪੀ.ਐਸ.ਯੂ. ਸੂਬੇ ਭਰ 'ਚ ਕਰੇਗੀ ਦੋ ਰੋਜ਼ਾ ਰੋਸ ਪ੍ਰਦਰਸ਼ਨ

ਲੁਧਿਆਣਾ//ਚੰਡੀਗੜ੍ਹ: 6 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਮੋਦੀ-ਸ਼ਾਹ ਜੋਡ਼ੀ ਵੱਲੋਂ ਧਾਰਾ 370 ਨੂੰ ਹਟਾਉਣ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬੁਖਲਾਹਟ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਰੋਸ ਪ੍ਰਦਰਸ਼ਨਾਂ ਉੱਪਰ ਲਾਈ ਗਈ ਪਾਬੰਦੀ ਦੀ ਪੰਜਾਬ ਸਟੂਡੈਂਟਸ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣਾ ਫਾਸ਼ੀਵਾਦੀ ਚਿਹਰਾ ਨੰਗਾ ਕਰਦੇ ਹੋਏ ਕਸ਼ਮੀਰ ਦੇ ਲੋਕਾਂ ਨੂੰ ਧਾਰਾ 370 ਦੇ ਅਧੀਨ ਮਿਲੇ ਹੋਏ ਅਧਿਕਾਰਾਂ ਨੂੰ ਖਤਮ ਕਰਨ ਲਈ ਬਿੱਲ ਪਾਸ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਫਾਸ਼ੀਵਾਦੀਆਂ ਅੱਗੇ ਪੂਰਨ ਰੂਪ 'ਚ ਗੋਡੇ ਟੇਕਦੇ ਹੋਏ ਬਿੱਲ ਦੀ ਹਮਾਇਤ ਕੀਤੀ ਗਈ। ਪੰਜਾਬ ਸਰਕਾਰ ਨੇ ਇਸਤੋਂ ਅੱਗੇ ਜਾਂਦੇ ਹੋਏ ਪੰਜਾਬ ਵਿੱਚ ਧਾਰਾ 370 ਨੂੰ ਖਤਮ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕਰਨ 'ਤੇ ਪੂਰਨ ਰੂਪ 'ਚ ਪਾਬੰਦੀ ਲਗਾ ਕੇ ਫਾਸ਼ੀਵਾਦੀ ਤਾਕਤਾਂ ਸਾਹਮਣੇ ਗੋਡੇ ਟੇਕੇ ਹਨ। ਉਹਨਾਂ ਕਿਹਾ ਕਿ ਇਹ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ ਹੈ। ਕਸ਼ਮੀਰੀ ਆਵਾਮ ਨੂੰ ਗੋਲੀ ਦੇ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਸਮੂਹ ਜਮਹੂਰੀ ਅਤੇ ਇਨਸਾਫਪਸੰਦ ਤਾਕਤਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਇਸ ਕਾਰਵਾਈ ਦਾ ਜੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾਵੇ।

No comments: