Aug 9, 2019, 8:03 PM
ਫੌਜੀ ਜਵਾਨਾਂ ਲਈ ਭੇਜੀਆਂ ਲੱਖਾਂ ਰੱਖੜੀਆਂ ਅਤੇ ਵਧਾਈ ਕਾਰਡ
ਲੁਧਿਆਣਾ: 9 ਅਗਸਤ 2019:(ਪੰਜਾਬ ਸਕਰੀਨ ਬਿਊਰੋ)::
ਆਮਦਨ ਕਰ ਵਿਭਾਗ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇ 'ਏਕ ਰਿਸ਼ਤਾ ਸਕੂਲ ਸੇ ਸਰਹੱਦ ਤੱਕ' ਤਹਿਤ ਅੱਜ ਦੇਸ਼ ਦੀ ਸੇਵਾ ਕਰਨ ਵਿੱਚ ਲੱਗੇ ਭਾਰਤੀ ਫੌਜ ਦੇ ਜਵਾਨਾਂ ਲਈ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ ਕਾਰਡ ਭੇਜੇ ਗਏ। ਉੱਤਰ ਭਾਰਤੀ ਰਾਜਾਂ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 2300 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹੱਥੀਂ ਤਿਆਰ ਕੀਤੀਆਂ ਗਈਆਂ ਇਹਨਾਂ ਸੌਗਾਤਾਂ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੁਰੱਖਿਆ ਫੌਜਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਵਿੱਚ ਵੰਡਿਆ ਜਾਵੇਗਾ।
ਇਸ ਸੰਬੰਧੀ ਵਿਸ਼ੇਸ਼ ਵਾਹਨਾਂ ਨੂੰ ਅੱਜ ਆਮਦਨ ਕਰ ਵਿਭਾਗ ਦੇ ਮੁੱਖ ਕਮਿਸ਼ਨਰ ਸ੍ਰੀ ਬੀ. ਕੇ. ਝਾਅ ਨੇ ਰਿਸ਼ੀ ਨਗਰ ਸਥਿਤ ਵਿਭਾਗ ਦੇ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਆਮਦਨ ਕਰ ਅਧਿਕਾਰੀ, ਬਾਰ ਐਸੋਸੀਏਸ਼ਨਾਂ ਦੇ ਮੈਂਬਰ ਅਤੇ ਸਟਾਫ਼ ਹਾਜ਼ਰ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਝਾਅ ਨੇ ਦੱਸਿਆ ਕਿ ਉਹਨਾਂ ਨੇ 24 ਜੁਲਾਈ, 2019 ਨੂੰ ਆਮਦਨ ਕਰ ਦਿਵਸ ਮਨਾਇਆ ਸੀ, ਜਿਸ ਦੌਰਾਨ ਵਿਭਾਗ ਦੇ ਅਧਿਕਾਰੀਆਂ, ਸਟਾਫ਼ ਅਤੇ ਬਾਰ ਐਸੋਸੀਏਸ਼ਨਾਂ ਦੇ ਮੈਬਰਾਂ ਨੇ ਵੱਡੀ ਗਿਣਤੀ ਵਿੱਚ ਸਕੂਲਾਂ ਦਾ ਦੌਰਾ ਕੀਤਾ ਸੀ ਅਤੇ ਪੌਦੇ ਲਗਾਏ ਸਨ। ਇਸ ਦੌਰਾਨ ਉਹਨਾਂ ਨੇ ਸਕੂਲ ਪ੍ਰਬੰਧਕਾਂ ਨੂੰ ਫੌਜੀ ਜਵਾਨਾਂ ਲਈ ਇਹ ਕਾਰਡ ਅਤੇ ਰੱਖੜੀਆਂ ਵਿਦਿਆਰਥੀਆਂ ਤੋਂ ਤਿਆਰ ਕਰਾਉਣ ਦੀ ਅਪੀਲ ਕੀਤੀ ਸੀ। ਇਸੇ ਅਪੀਲ 'ਤੇ ਅੱਜ 3.5 ਲੱਖ ਰੱਖੜੀਆਂ ਅਤੇ ਵਧਾਈ ਕਾਰਡ ਤਿਆਰ ਕਰਕੇ ਭੇਜੇ ਗਏ ਹਨ।
ਸ੍ਰੀ ਝਾਅ ਨੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਫੌਜੀ ਭਰਾਵਾਂ 'ਤੇ ਮਾਣ ਹੈ ਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਦੇਸ਼ ਵਾਸੀਆਂ ਨੂੰ ਬਚਾਉਣ ਲਈ ਲੜ ਰਹੇ ਹਨ। ਉਹ ਜਾਗਦੇ ਹਨ ਤਾਂ ਅਸੀਂ ਚੈਨ ਨਾਲ ਸੌਂਦੇ ਹਾਂ। ਉਹਨਾਂ ਕਿਹਾ ਕਿ ਇਸ ਉਪਰਾਲੇ ਨਾਲ ਨਿਸਚੇ ਹੀ ਵਿਦਿਆਰਥੀਆਂ ਵਿੱਚ ਰਾਸ਼ਟਰ ਪਿਆਰ ਦੀ ਭਾਵਨਾ ਦਾ ਵਿਕਾਸ ਹੋਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਲਾਈਟ ਇੰਫੈਂਟਰੀ 103 ਇੰਫੈਂਟਰੀ ਬਟਾਲੀਅਨ ਦੇ ਕਰਨਲ ਕੇ. ਐੱਸ. ਮਾਥੁਰ ਨੇ ਕਿਹਾ ਕਿ ਉਹ ਆਮਦਨ ਕਰ ਵਿਭਾਗ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਦਾ ਬਹੁਤ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਕਾਰਡ ਅਤੇ ਰੱਖੜੀਆਂ ਬਹੁਤ ਹੀ ਵਧੀਆ ਅਤੇ ਮਨ ਨੂੰ ਸਕੂਨ ਦੇਣ ਵਾਲੀਆਂ ਹਨ। ਇਸ ਨਾਲ ਫੌਜੀਆਂ ਦਾ ਮਾਨਸਿਕ ਅਤੇ ਨੈਤਿਕ ਵਿਕਾਸ ਹੋਵੇਗਾ।
No comments:
Post a Comment