Jul 27, 2019, 2:28 PM
GCG ਵਿੱਚ ਤੰਦਰੁਸਤੀ ਲਈ ਕਰਾਇਆ ਗਿਆ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ
ਲੁਧਿਆਣਾ: 27 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਸਾਇੰਸ ਸੁਸਾਇਟੀ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਡੇਂਗੂ, ਮਲੇਰੀਆ ਦੀ ਰੋਕਥਾਮ ਅਤੇ ਬਰਸਾਤੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਅਤੇ ਡਾ. ਰਾਮੇਸ਼ ਕੁਮਾਰ, ਜ਼ਿਲ੍ਹਾ ਐਪੀਡਿਮੋਲੋਜਿਸਟ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਡੇਂਗੂ ਅਤੇ ਮਲੇਰੀਆ ਬੁਖਾਰ ਫੈਲਾਉਣ ਵਾਲੇ ਮੱਛਰਾਂ ਦੀਆਂ ਕਿਸਮਾਂ, ਬੁਖਾਰ ਦੇ ਲੱਛਣ ਅਤੇ ਬਚਾਅ ਦੇ ਤਰੀਕੇ ਦੱਸੇ। ਉਹਨਾਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਂਦਿਆਂ ਹੋਇਆ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਡਿਆਂ ਨੂੰ ਸਾਫ ਕਰਕੇ ਸੁੱਕਾ ਰੱਖਣ ਦੀ ਗੁਜ਼ਾਰਿਸ਼ ਕੀਤੀ। ਇਸ ਸਬੰਧ ਵਿੱਚ ਵਿਦਿਆਰਥਣਾਂ ਨੂੰ ਇਸ਼ਤਿਹਾਰ ਵੀ ਵੰਡੇ ਗਏ ਅਤੇ ਪੋਸਟਰ ਲਗਾਏ ਗਏ।ਇਸ ਮੌਕੇ ਤੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਰਾਣੀ ਸ਼ਰਮਾ ਜੀ ਨੇ ਆਖਿਆ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਨਿਵਾਸ ਕਰਦਾ ਹੈ।ਇਸ ਲਈ ਸਾਨੂੰ ਸਾਫ਼ ਸਫਾਈ ਤੇ ਜ਼ੋਰ ਦੇਣਾ ਚਾਹੀਦਾ ਹੈ। ਸਮਾਗਮ ਦੇ ਅੰਤ ਤੇ ਸਾਇੰਸ ਸੁਸਾਇਟੀ ਦੇ ਇੰਚਾਰਜ਼ ਡਾ. ਮਾਧਵੀਂ ਵਸ਼ਿਸ਼ਠ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਵਰਿੰਦਰਜੀਤ ਕੌਰ, ਮੈਂਬਰ ਯੂਥ ਕਲੱਬ, ਮੈਂਬਰ ਰੈੱਡ ਕਰਾਸ ਸੁਸਾਇਟੀ, ਮੈਂਬਰ ਰੋਟਰੈਕਟ ਅਤੇ ਸਾਇੰਸ ਸੁਸਾਇਟੀ ਦੇ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।
No comments:
Post a Comment