Friday, July 19, 2019

ਗੈਰ-ਕਾਨੂੰਨੀ ਖਣਨ ਬੰਦ ਕਰੋ-CPI ਦੇ ਖਾੜਕੂ ਆਗੂ ਬੰਤ ਬਰਾੜ ਦੀ ਦਹਾੜ

Fri, Jul 19, 2019, 17:07
ਅੰਦੋਲਨਕਾਰੀਆਂ ਵਿਰੁਧ ਨਜਾਇਜ਼ ਕੇਸ ਵੀ ਵਾਪਸ ਲੈਣ ਦੀ ਮੰਗ
ਚੰਡੀਗੜ੍ਹ: 19 ਜੁਲਾਈ 2019 : (ਪੰਜਾਬ ਸਕਰੀਨ ਬਿਊਰੋ)::
ਸੀਪੀਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਫਾਜ਼ਿਲਕਾ ਜ਼ਿਲੇ ਵਿਚ ਹੋ ਰਹੇ ਗੈਰ-ਕਾਨੂੰਨੀ ਖਣਨ ਦਾ ਸੀਪੀਆਈ ਦੀ ਅਗਵਾਈ ਵਿਚ ਲੋਕਾਂ ਵਲੋਂ ਵਿਰੋਧ ਦਾ ਪੁਰਜ਼ੋਰ ਸਮਰਥਨ ਕੀਤਾ ਅਤੇ ਇਸ ਅੰਦੋਲਨ ਵਿਚ ਸਰਗਰਮ ਕੰਮ ਕਰਕੇ ਪਾਰਟੀ ਆਗੂਆਂ ਉਤੇ ਨਜਾਇਜ਼ ਕੇਸ ਪਾਉਣ ਦੀ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ।
ਸਾਥੀ ਬਰਾੜ ਨੇ ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਗੈਰ-ਕਾਨੂੰਨੀ ਖਣਨ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਹੈ, ਪੁਲਿਸ ਨੂੰ ਹੈ, ਇਸ ਖਣਨ ਬਾਰੇ ਅਖਬਾਰਾਂ ਵਿਚ ਰਿਪੋਰਟਾਂ ਛਪੀਆਂ ਹਨ। ਦਸ ਫੁਟ ਤਕ ਰੇਤਾ ਪੁਟਿਆ ਜਾ ਸਕਦਾ ਹੈ, ਪਰ ਰਿਪੋਰਟਾਂ ਮੁਤਾਬਕ 50 ਫੁਟ ਜ਼ਮੀਨ ਪੁਟੀ ਜਾ ਰਹੀ ਹੈ ਜਿਸ ਵਿਰੁਧ ਸੀਪੀਆਈ ਦੀ ਅਗਵਾਈ ਵਿਚ ਸਥਾਨਕ ਲੋਕ ਅੰਦੋਲਨ ਕਰਦੇ ਆ ਰਹੇ ਹਨ। ਉਹਨਾਂ ਸੜਕ ਵੀ ਜਾਮ ਕੀਤੀ, ਪਰ ਨਾਲ ਹੀ ਐਮਰਜੰਸੀ ਵਾਲੇ ਮਰੀਜ਼ਾਂ ਦੀਆਂ ਗੱਡੀਆਂ ਆਪ ਲੰਘਾਈਆਂ, ਫਿਰ ਵੀ ਪੁਲਿਸ ਨੇ ਪਾਰਟੀ ਦੇ ਸੂਬਾ ਕਾਰਜਕਾਰਣੀ ਮੈਂਬਰ ਅਤੇ ਜ਼ਿਲਾ ਸਕੱਤਰ ਸਾਥੀ ਹੰਸਰਾਜ ਗੋਲਡਨ ਸਮੇਤ ਕਈ ਹੋਰ ਪਾਰਟੀ ਆਗੂਆਂ ਵਿਰੁਧ ਕੇਸ ਦਰਜ ਕਰ ਲਏ ਹਨ। ਗੈਰ-ਕਾਨੂੰਨੀ ਖਣਨ ਰੋਕਣ ਦੀ ਬਜਾਏ ਉਲਟਾ ਜਮਹੂਰੀ ਅੰਦੋਲਨ ਕਰ ਰਹੇ ਲੋਕਾਂ ਉਤੇ ਕੇ ਮੜ੍ਹ ਦਿਤੇ ਹਨ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸਪਸ਼ਟ ਸੰਕੇਤ ਦੇ ਰਿਹਾ ਹੈ ਕਿ ਗੈਰ-ਕਾਨੂੰਨੀ ਖਣਨ  ਵਾਲੇ ਪਹੁੰਚ ਵਾਲੇ ਅੰਸ਼ਾਂ ਦੇ ਖਿਲਾਫ ਕਾਰਵਾਈ ਨਹੀਂ ਕਰੇਗਾ। ਚੇਤੇ ਰਹੇ ਪਹਿਲਾਂ ਲੋਕਾਂ ਤੇ ਮੀਡੀਏ ਦੇ ਸਖਤ ਵਿਰੋਧ ਕਾਰਨ ਕਾਂਗਰਸ ਦੇ ਇਕ ਸੀਨੀਅਰ ਮੰਤਰੀ ਨੂੰ ਗੈਰ-ਕਾਨੂੰਨੀ ਖਣਨ ਕਰਕੇ ਅਸਤੀਫਾ  ਦੇਣਾ ਪਿਆ ਸੀ।  
ਸਾਥੀ ਬਰਾੜ ਨੇ ਮੰਗ ਕੀਤੀ ਕਿ ਕਮਿਊਨਿਸਟ ਆਗੂਆਂ ਤੇ ਅੰਦੋਲਨ ਕਰ ਰਹੇ ਦੂਜੇ ਆਗੂਆਂ ਖਿਲਾਫ ਦਰਜ ਕੀਤੇ ਝੂਠੇ ਕੇਸ ਵਾਪਸ ਲਏ ਜਾਣ, ਲੋਕਾਂ ਦੇ ਜਮਹੂਰੀ ਰੋਸ ਕਰਨ ਦੇ ਹੱਕਾਂ ਨੂੰ ਤਸਲੀਮ ਕੀਤਾ ਜਾਵੇ ਅਤੇ ਗੈਰ-ਕਾਨੂੰਨੀ ਖਣਨ ਵਿਚ ਸ਼ਾਮਲ ਅੰਸ਼ਾਂ ਅਤੇ ਉਹਨਾਂ ਨਾਲ ਮਿਲੀਭੁਗਤ ਕਰਦੇ ਸਿਆਸੀ ਆਗੂਆਂ ਅਤੇ ਪੁਲਿਸ ਅਫਸਰਾਂ ਵਿਰੁਧ ਕਾਰਵਾਈ ਕੀਤੀ ਜਾਵੇ।

No comments: