Friday, July 19, 2019

ਨਿਊਜ਼ੀਲੈਂਡ ਵਿੱਚ ਗੈਸ ਧਮਾਕਾ-ਸੱਤ ਜ਼ਖਮੀ

ਧਮਾਕਾ ਹੋਣ 'ਤੇ ਤੁਰੰਤ 50 ਘਰਾਂ ਨੂੰ ਖਾਲੀ ਕਰਵਾਇਆ ਗਿਆ 
ਆਕਲੈਂਡ: 19 ਜੁਲਾਈ 2019: (ਪੰਜਾਬ ਸਕਰੀਨ ਬਿਊਰੋ//ਇੰਟਰਨੈਟ):: 
ਵਿਗਿਆਨਕ ਤਰੱਕੀਆਂ ਦੇ ਬਾਵਜੂਦ ਜ਼ਿੰਦਗੀ ਅਜੇ ਵੀ ਪੂਰੀ ਤਰਾਂ ਸੁਰੱਖਿਅਤ ਨਹੀਂ। ਪਤਾ ਨਹੀਂ ਕਦੋਂ ਕਿਹੜਾ ਪਲ ਆਖ਼ਿਰੀ ਹੋ ਜਾਏ। ਕਿਹੜੇ ਵੇਲੇ ਕਿਹੜਾ ਧਮਾਕਾ ਮੌਤ ਦੀ ਨੇੜਤਾ ਦਾ ਅਹਿਸਾਸ ਕਰਾ ਦੇਵੇ। ਮਨੁੱਖੀ ਜ਼ਿੰਦਗੀ ਦੀ ਬੇਹੱਦ ਕਦਰ ਕਰਨਾ ਵਾਲੇ ਨਿਊਜ਼ੀਲੈਂਡ ਵਰਗੇ ਦੇਸ਼ ਵੀ ਅਜਿਹਾ ਸੰਭਵ ਹੈ। ਉੱਥੇ ਹੋਇਆ ਜ਼ੋਰਦਾਰ ਧਮਾਕਾ ਘਟੋਘੱਟ ਇਹੀ ਅਹਿਸਾਸ ਕਰਾਉਂਦਾ ਹੈ ਕਿ ਹਾਦਸਾ ਕਦੇ ਵੀ ਅਤੇ ਕਿਸੇ ਵੀ ਥਾਂ ਵਾਪਰ ਸਕਦਾ ਹੈ। ਕਰਾਈਸਚਰਚ ਹਾਊਸ ਵਿੱਚ ਹੋਏ ਗੈਸ ਧਮਾਕੇ ਨੇ ਇੱਕ ਵਾਰ ਫਿਰ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਮੌਜੂਦ ਅਸੁਰੱਖਿਆ ਦੇ ਸੁਆਲ ਨੂੰ ਉਭਾਰਿਆ ਹੈ। 
ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਹਨ ਅਤੇ ਇੱਕ ਘਰ ਪੂਰੀ ਤਰਾਂ ਤਬਾਹ ਹੋ ਗਿਆ ਹੈ, ਜਦਕਿ ਪੰਜ ਹੋਰਨਾਂ ਘਰਾਂ ਨੂੰ ਨੁਕਸਾਨ ਹੋਇਆ ਹੈ।ਇਹ ਘਟਨਾ ਨਿਊਜ਼ੀਲੈਂਡ ਸਮੇਂ ਅਨੁਸਾਰ ਅੱਜ ਸ਼ੁੱਕਰਵਾਰ ਨੂੰ ਲਗਭਗ 10.20 ਸਵੇਰੇ ਵਜੇ ਦੀ ਹੈ। ਜ਼ਖ਼ਮੀਆਂ ਨੂੰ ਕਰਾਈਸਚਰਚ ਹਸਪਤਾਲ ਲਿਜਾਇਆ ਗਿਆ ਹੈ। ਛੇ ਵਿਅਕਤੀਆਂ ਨੂੰ ਹਸਪਤਾਲ ਭੇਜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂ ਇਹ ਧਮਾਕਾ ਹੋਇਆ ਉਦੋਂ ਘਰ ਦਾ ਮਲਬਾ ਚਾਰ ਚੁਫੇਰੇ 100 ਮੀਟਰ ਤੱਕ ਉੱਡਿਆ। ਇਸ ਧਮਾਕੇ ਮੌਕੇ 50 ਘਰਾਂ ਨੂੰ ਤੁਰੰਤ ਖਾਲੀ ਕਰਵਾ ਕੇ ਪਰਿਵਾਰਾਂ ਨੂੰ ਅਰਜ਼ੀ ਤੌਰ 'ਤੇ ਇੱਕ ਕਲੱਬ ਵਿੱਚ ਭੇਜਿਆ ਗਿਆ ਜਿੱਥੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਗੈਸ ਫਿੱਟ ਕਰਨ ਵਾਲਿਆਂ ਦੇ ਸੰਗਠਨ ਨੇ ਕਿਹਾ ਹੈ ਕਿ ਸ਼ਾਇਦ ਇਹ ਧਮਕਾ ਕਿਤਿਓਂ ਨਾ ਕਿਤਿਓਂ ਗੈਸ ਲੀਕ ਹੋਣ ਕਾਰਨ ਹੋਇਆ ਹੈ। ਸੰਗਠਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਸ ਧਮਾਕੇ ਨੂੰ ਇੱਕ ਚੇਤਾਵਨੀ ਵੱਜੋਂ ਲਿਆ ਜਾਣਾ ਚਾਹੀਦਾ ਹੈ ਕਿ ਗੈਸ ਜਲਾਉਣ ਤੋਂ ਪਹਿਲਾਂ ਗੈਸ ਦੇ ਯੰਤਰਾਂ ਦੀ ਫਿਟਿੰਗ ਨੂੰ ਹਰ ਵਾਰ ਪੂਰੀ ਤਰਾਂ ਚੈਕ ਕੀਤਾ ਜਾਵੇ ਤਾਂਕਿ ਅਜਿਹਾ ਹਾਦਸਾ ਦੋਬਾਰਾ ਨ ਵਾਪਰ ਸਕੇ। ਜ਼ਿਕਰਯੋਗ ਹੈ ਕਿ ਕਈ ਵਾਰ ਕੋਈ ਨ ਕੋਈ ਵਾਲਵ ਨੁਕਸਦਾਰ ਜਾਂ ਢਿੱਲਾ ਹੋ ਜਾਣ ਤੇ ਵੀ ਗੈਸ ਲੀਕ ਹੋ ਸਕਦੀ ਹੈ। ਅੱਗ ਬੁਝਾਊ ਸੇਵਾਵਾਂ, ਜਾਂ ਚ ਏਜੰਸੀਆਂ ਅਤੇ ਹੋਰ ਸਬੰਧਤ ਅਦਾਰਿਆਂ ਦੇ ਮੈਂਬਰਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। 

No comments: