Jul 4, 2019, 6:56 PM
ਠਾਕੁਰ ਸ੍ਰੀ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਯੋਗ ਅਭਿਆਸ ਵੀ ਕਰਾਇਆ
ਲੁਧਿਆਣਾ: 4 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਅੱਜ ਦੇ ਬੱਚੇ ਕੱਲ੍ਹ ਕੇ ਨੇਤਾ-ਇਹ ਨਾਅਰੇ ਲਾਉਣਾ ਵੀ ਬੜਾ ਸੌਖਾ ਹੈ ਅਤੇ ਇਸ ਤਰਾਂ ਦੇ ਗੀਤ ਗਾਉਣਾ ਵੀ ਬਹੁਤ ਆਸਾਨ ਪਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਨੇੜਿਉਂ ਦੇਖ ਕੇ ਇਨਸਾਨ ਹਿੱਲ ਜਾਂਦਾ ਹੈ। ਵਿਕਾਸ ਦੇ ਦਾਅਵਿਆਂ ਵਿਚਲਾ ਖੋਖਲਾਪਨ ਨਜ਼ਰ ਆਉਂਦਾ ਹੈ ਇਹਨਾਂ ਪਰਿਵਾਰਾਂ ਦਾ ਜੀਵਨ ਦੇਖ ਕੇ। ਜਦੋਂ ਸਿਆਸੀ ਅਤੇ ਸਮਾਜਿਕ ਸਰਕਲ ਇਹਨਾਂ ਬੱਚਿਆਂ ਨਾਲ ਫੋਟੋ ਖਿਚਵਾ ਕੇ ਆਪੋ ਆਪਣੀ ਲੀਡਰੀ ਚਮਕੌਣ ਵਿੱਚ ਮਗਨ ਸਨ ਉਦੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਆਪਣੇ ਸੇਵਕਾਂ ਨੂੰ ਇਸ਼ਾਰਾ ਜਿਹਾ ਕੀਤਾ ਕਿ ਇਹਨਾਂ ਬੱਚਿਆਂ ਵਿੱਚ ਹੀ ਭਗਵਾਨ ਹੈ। ਜੇ ਇਹਨਾਂ ਨੂੰ ਨਾ ਸੰਭਾਲਿਆ ਗਿਆ ਤਾਂ ਇਹ ਕੱਲ੍ਹ ਨੂੰ ਵੱਡੇ ਹੋ ਕੇ ਕ੍ਰਿਮਨਲ ਬਣ ਸਕਦੇ ਹਨ। ਜੇ ਇਹ ਬੱਚੇ ਪੇਸ਼ਾਵਰ ਮੁਜਰਮ ਬਣੇ ਤਾਂ ਸਮਾਜ ਲਈ ਬਹੁਤ ਵੱਡਾ ਖਤਰਾ ਹੋਣਗੇ। ਫਿਰ ਇਹਨਾਂ ਰੋਕਣਾ ਮੁਸ਼ਕਿਲ ਹੋ ਜਾਵੇਗਾ। ਇਹ ਚਿੰਤਾ ਪੂਰੇ ਦੇਸ਼ ਨੇ ਕਰਨੀ ਸੀ, ਪੂਰੇ ਸਮਾਜ ਨੇ ਕਰਨੀ ਸੀ ਪਰ ਠਾਕੁਰ ਜੀ ਨੇ ਕੀਤੀ।
ਠਾਕੁਰ ਦਲੀਪ ਸਿੰਘ ਹੁਰਾਂ ਦੇ ਉਸ ਇੱਕ ਇਸ਼ਾਰੇ ਨੂੰ ਦੇਖਦਿਆਂ ਹੀ ਸਾਰੇ ਸੇਵਕ ਆਪੋ ਆਪਣੇ ਇਲਾਕਿਆਂ ਵਿੱਚ ਸਰਗਰਮ ਹੋ ਗਏ। ਇਸ ਵੇਲੇ ਦੇਸ਼ ਭਰ ਵਿੱਚ ਬਹੁਤ ਸਾਰੇ ਸਲੱਮ ਸਕੂਲ ਠਾਕੁਰ ਜੀ ਦੇ ਸੇਵਕ ਹੀ ਚਲਾ ਰਹੇ ਹਨ ਇਹ ਗੱਲ ਵੱਖਰੀ ਹੈ ਕਿ ਉਹ ਇਸ ਗੱਲ ਦਾ ਢਿੰਡੋਰਾ ਨਹੀਂ ਪਿੱਟਦੇ।
ਅਜਿਹੇ ਸਕੂਲ ਸਾਡੀ ਮੀਡੀਆ ਟੀਮ ਨੇ ਸਿਰਸੇ ਦੇ ਇਲਾਕਿਆਂ ਵਿੱਚ ਵੀ ਦੇਖੇ, ਦਿੱਲੀ ਵਿੱਚ ਵੀ ਦੇਖੇ, ਜਲੰਧਰ ਵਿੱਚ ਵੀ ਦੇਖੇ, ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਵੀ ਅਤੇ ਕਈ ਹੋਰਨਾਂ ਥਾਂਵਾਂ 'ਤੇ ਵੀ। ਖੈਰ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਦੀ। ਲੁਧਿਆਣਾ ਦਾ ਇੱਕ ਬਹੁਤ ਹੀ ਪੁਰਾਣੇ ਅਤੇ ਵਿਕਸਿਤ ਇਲਾਕਾ ਹੈ ਭਾਈ ਸਿੰਘ ਨਗਰ। ਲੁਧਿਆਣਾ ਦੇ ਘੰਟਾਘਰ ਵਾਲੇ ਪਾਸਿਓਂ ਜਲੰਧਰ ਜਾਈਏ ਤਾਂ ਜੀਟੀ ਰੋਡ 'ਤੇ ਚਾਂਦ ਸਿਨੇਮਾ ਦੇ ਸਾਹਮਣੇ ਕਰਕੇ ਪੈਂਦਾ ਹੈ ਇਹ ਇਲਾਕਾ। ਕਦੇ ਬੜੇ ਖੇਤ ਹੁੰਦੇ ਸਨ ਹੁਣ ਤਕਰੀਬਨ ਮਕਾਨ ਅਤੇ ਕੋਠੀਆਂ ਬਣ ਗਈਆਂ ਹਨ। ਇਹਨਾਂ ਕੋਠੀਆਂ ਦੇ ਨਾਲ ਨਾਲ ਸੜਕ ਦੇ ਕਿਨਾਰੇ ਕਿਨਾਰੇ ਬਹੁਤ ਸਾਰੀਆਂ ਝੋਂਪੜ ਪੱਟੀਆਂ ਵੀ ਹਨ ਜਿਹਨਾਂ ਨੂੰ ਕਦੇ ਪ੍ਰਸ਼ਾਸਨ ਵੱਲੋਂ ਉਜਾੜ ਦਿੱਤਾ ਜਾਂਦਾ ਹੈ ਅਤੇ ਕਦੇ ਮੌਸਮ ਦੀ ਕਰੋਪੀ ਉਹਨਾਂ ਨੂੰ ਘਰੋਂ ਬੇਘਰ ਕਰ ਦੇਂਦੀ ਹੈ। ਇਹਨਾਂ ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਗਰੀਬੀ ਦੀ ਮਾਰ ਵੀ ਪਈ ਅਤੇ ਅਨਪੜ੍ਹਤਾ ਦੀ ਵੀ। ਸਮਾਜ ਵੱਲੋਂ ਤਿਰਸਕਾਰੇ ਜਾਣ ਦੇ ਬਾਵਜੂਦ ਇਹਨਾਂ ਦੇ ਚੇਹਰਿਆਂ ਦਾ ਹਾਸਾ ਹਮੇਸ਼ਾਂ ਕਾਇਮ ਰਿਹਾ। ਇਹਨਾਂ ਬੱਚਿਆਂ ਦੇ ਚਿਹਰਿਆਂ 'ਤੇ ਇੱਕ ਵਿਲੱਖਣ ਕਿਸਮ ਦੀ ਚਮਕ ਕਾਇਮ ਰਹੀ। ਇਹਨਾਂ ਝੁੱਗੀਆਂ ਵਿੱਚ ਹੀ ਸਾਡੀ ਟੀਮ ਨੇ ਬੀ ਏ ਪਾਸ ਕੁੜਿਆਂ ਵੀ ਦੇਖੀਆਂ ਜਿਹਨਾਂ ਨੂੰਕਿਸੇ ਨੇ ਨੌਕਰੀ ਨਾ ਦਿੱਤੀ ਕਿਓਂਕਿ ਨਾ ਤਾਂ ਇਹਨਾਂ ਕੋਲ ਕੋਈ ਸਿਫਾਰਿਸ਼ ਸੀ ਅਤੇ ਨਾ ਹੀ ਪੈਸੇ।
ਠਾਕੁਰ ਜੀ ਦੇ ਸੇਵਕਾਂ ਨੇ ਇਹਨਾਂ ਨੂੰ ਰਸਤਾ ਦਿਖਾਇਆ, ਇਹਨਾਂ ਦੇ ਅਧਾਰ ਕਾਰਡ ਅਤੇ ਰਾਸ਼ ਕਾਰਡ ਬਣਵਾਉਣ ਵਿੱਚ ਵੀ ਮਦਦ ਕੀਤੀ। ਲੋੜ ਵੇਲੇ ਪੈਸੇ ਧੇਲੇ ਵੱਲੋਂ ਵੀ ਮੂੰਹ ਨਹੀਂ ਮੋੜਿਆ। ਬਿਮਾਰ ਹੋਏ ਤਾਂ ਇਲਾਜ ਵੀ ਮੁਹਈਆ ਕਰਾਇਆ। ਹੁਣ ਠਾਕੁਰ ਜੀ ਦੇ ਸੇਵਕ ਇਹਨਾਂ ਝੁੱਗੀਆਂ ਦੇ ਬੱਚਿਆਂ ਨੂੰ ਪੜ੍ਹਾ ਲਿਖ ਕੇ ਇੱਕ ਚੰਗੇ ਇਨਸਾਨ ਬਣਾਉਣ ਲਈ ਸਰਗਰਮ ਹਨ। ਭਾਈ ਮੰਨ ਸਿੰਘ ਵਾਲੇ ਇਲਾਕੇ 'ਚ ਚਲਦੇ ਸਲੱਮ ਸਕੂਲ ਦੀ ਇੰਚਾਰਜ ਬਣਾਇਆ ਗਿਆ ਹੈ ਮੈਡਮ ਰਣਜੀਤ ਕੌਰ ਹੁਰਾਂ ਨੂੰ। ਮੈਡਮ ਰਣਜੀਤ ਕੌਰ ਇਹਨਾਂ ਬੱਚਿਆਂ ਲਈ ਕੁਝ ਨ ਕੁਝ ਕਰਦੇ ਹੀ ਰਹਿੰਦੇ ਹਨ।
ਹੁਣ ਭਾਈ ਮੰਨਾ ਸਿੰਘ ਨਗਰ ਵਿਖੇ ਵਿਸ਼ਵ ਸਤਿਸੰਗ ਸਭਾ ਵੱਲੋਂ ਐਨਰਿਚਮੈਂਟ ਚਾਈਲਡ ਕੇਅਰ ਸੰਸਥਾ ਦੇ ਸਹਿਯੋਗ ਨਾਲ ਸਲੱਮ ਏਰੀਆ ਦੇ ਮੁਫ਼ਤ ਪੜ੍ਹਾਏ ਜਾਣ ਵਾਲੇ ਬੱਚਿਆਂ ਲਈ ਤਿੰਨ ਦਿਨਾਂ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਰ ਕੈਂਪ ਵਿੱਚ ਸਲਮ ਏਰੀਆ ਦੇ ਬੱਚਿਆਂ ਨੇ ਵਿਸ਼ਵ ਸਤਸੰਗ ਸਭਾ ਦੀ ਮੁਖੀ ਮੈਡਮ ਰਣਜੀਤ ਕੌਰ ਵਲੋਂ ਅਦਭੁੱਤ ਗਿਆਨ ਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਹਿੱਸਾ ਲੈ ਕੇ ਬੱਚਿਆਂਅਮਲੀਂ ਬਣ ਸਕਦੇ ਹਨ। ਨੇ ਖ਼ੂਬ ਅਨੰਦ ਮਾਣਿਆ। ਬੱਚਿਆਂ ਨੂੰ ਇਸ ਸਮਰ ਕੈਂਪ ਵਿੱਚ ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਯੋਗਾ ਦਾ ਮਹੱਤਵ ਦੱਸਦੇ ਹੋਏ ਮੈਡਮ ਰਣਜੀਤ ਕੌਰ ਨੇ ਬੱਚਿਆਂ ਨੂੰ ਕੈਂਪ ਵਿੱਚ ਯੋਗਾ ਵੀ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਠਾਕੁਰ ਸ੍ਰੀ ਦਲੀਪ ਸਿੰਘ ਜੀ ਬੱਚਿਆਂ, ਖਾਸ ਕਰਕੇ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਗਰੀਬ ਬੱਚਿਆਂ ਦੀ ਸਿਹਤ ਅਤੇ ਸਿੱਖਿਆ 'ਤੇ ਜ਼ੋਰ ਦਿੰਦੇ ਹੋਏ ਆਪਣੇ ਪੈਰੋਕਾਰਾਂ ਅਤੇ ਸਮੂਹ ਸਮਾਜਿਕ ਜਥੇਬੰਦੀਆਂ ਨੁੂੰ ਇਨ੍ਹਾਂ ਬੱਚਿਆਂ ਨੁੂੰ ਵਿਦਿਆ ਦਾਨ ਦੇਣ ਲਈ ਪ੍ਰੇਰਦੇ ਹਨ, ਇਸੇ ਪ੍ਰੇਰਨਾ ਨੂੰ ਅਮਲੀ ਰੂਪ ਦਿੰਦਿਆਂ ਬੱਚਿਆਂ ਨੂੰ ਸਮਰ ਕੈਂਪ ਦੌਰਾਨ ਯੋਗਾ ਤੋਂ ਇਲਾਵਾ ਆਰਟ ਅਤੇ ਕਰਾਫਟ ਸਰਗਰਮੀਆਂ ਦੇ ਨਾਲ ਨਾਲ ਵਾਤਾਵਰਨ ਸੰਭਾਲ ਲਈ ਰੁੱਖ ਲਾਉਣ ਦੇ ਮਹੱਤਵ ਬਾਰੇ ਵੀ ਦੱਸਿਆ ਗਿਆ ਅਤੇ ਸਾਰੇ ਬੱਚਿਆਂ ਨੂੰ ਪੌਦੇ ਵੀ ਦਿੱਤੇ ਗਏ। ਇਸ ਮੌਕੇ ਵਿਸ਼ਵ ਸਤਿਸੰਗ ਸਭਾ ਦੀ ਮੁਖੀ ਮੈਡਮ ਰਣਜੀਤ ਕੌਰ, ਜਸਬੀਰ, ਸ਼ਾਮ, ਇੰਦੂ ਬਾਲਾ, ਸਾਹਿਲ ਅਰੋੜਾ, ਕੋਮਲ, ਸ਼੍ਰੇਆ, ਸਕਸ਼ਮ ਤੇ ਮਨਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਸਮਾਜ ਦੇ ਸਹਿਯੋਗ ਨਾਲ ਇਹ ਮੁਹਿੰਮ ਕਿੰਨੀ ਜਲਦੀ ਕਿੰਨਾ ਜ਼ੋਰ ਫੜਦੀ ਹੈ। ਸਮਾਜ ਆਪਣੀਆਂ ਫਜ਼ੂਲ ਖਰਚੀਆਂ ਛੱਡ ਕੇ ਜੇ ਇਸ ਉਸਾਰੂ ਪਾਸੇ ਯੋਗਦਾਨ ਦੇਵੇ ਤਾਂ ਇੱਕ ਨਵੇਂ ਨਰੋਏ ਸਿਹਤਮੰਦ ਸਮਾਜ ਦੀ ਉਸਾਰੀ ਦਾ ਸੁਪਨਾ ਜਲਦੀ ਹੀ ਸਾਕਾਰ ਹੋ ਸਕਦਾ ਹੈ।
No comments:
Post a Comment