Sunday, July 07, 2019

ਇਸ਼ਮੀਤ ਸਿੰਘ ਅਕਾਦਮੀ ਦੇ ਬੱਚਿਆਂ ਨੇ ਦਿਖਾਈ ਗਜ਼ਬ ਦੀ ਅਦਾਕਾਰੀ

Jul 7, 2019, 5:43 PM
'ਸਮਰ ਕਰੈਸ਼ ਕੋਰਸ' ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ
ਲੁਧਿਆਣਾ: 7 ਜੁਲਾਈ 2019:(ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਇਸ਼ਮੀਤ ਸਿੰਘ ਦਾ ਇਸ ਦੁਨੀਆ ਤੇ ਆਉਣਾ ਤੇ ਜਾਣਾ ਇੱਕ ਅਜਿਹਾ ਵਰਤਾਰਾ ਹੈ ਜਿਸਦੀ ਕੁਝ ਕੁਝ ਥਾਹ ਉਹਨਾਂ ਲੋਕਾਂ ਨੂੰ ਹੀ ਪੈ ਸਕਦੀ ਹੈ ਜਿਹੜੇ ਅਧਿਆਤਮ ਨੂੰ ਸਮਝਦੇ ਹਨ, ਸੰਗੀਤ ਨੂੰ ਸਮਝਦੇ ਹਨ, ਗੁਰਬਾਣੀ ਨੂੰ ਸਮਝਦੇ ਹਨ। ਬਾਕੀਆਂ ਨੂੰ ਇਸ ਮੁੱਦੇ 'ਤੇ ਗੱਲ ਕਰਦਿਆਂ ਸ਼ਾਇਦ ਬਹਿਸ ਤੋਂ ਇਲਾਵਾ ਹੋਰ ਕੁਝ ਨਾ ਲੱਭੇ। ਜਿਸਮ ਦੀ ਮੌਤ ਕੋਈ ਮੌਤ ਨਹੀਂ ਹੁੰਦੀ ਇਸ ਗੱਲ ਨੂੰ ਸਮਝਣਾ ਹਰ ਕਿਸੇ ਦੀ ਕਿਸਮਤ ਵਿੱਚ ਵੀ ਨਹੀਂ ਹੁੰਦਾ। ਇਸ਼ਮੀਤ ਅੱਜ ਸਾਨੂੰ ਸਾਡੇ ਦਰਮਿਆਨ ਨਜ਼ਰ ਨਹੀਂ ਆਉਂਦਾ ਪਰ ਉਸਨੂੰ ਹਰ ਪਲ ਹਰ ਕਲਾਕਾਰ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਬਹੁਤ ਕੁਝ ਸਾਨੂੰਨਜ਼ਰ ਨਹੀਂ ਆਉਂਦਾ ਪਰ ਹੁੰਦਾ ਹੈ। ਇਸੇ ਤਰਾਂ ਸ਼ਮੀਤ ਸਿੰਘ ਵੀ ਨਜ਼ਰ ਨਹੀਂ ਆਉਂਦਾ ਪਰ ਉਹ ਸਾਡੇ ਦਰਮਿਆਨ ਹੀ ਹੈ। ਉਸਦੀ ਇਸ ਅਮਰਤਾ ਨੂੰ ਹਰ ਰੋਜ਼, ਹਰ ਪਲ ਜਾਰੀ ਰੱਖ ਰਹੇ ਹਨ ਇਸ਼ਮੀਤ ਸਿੰਘ ਦੀ ਯਾਦ ਵਿੱਚ ਕਾਇਮ ਹੋਈ ਅਕੈਡਮੀ ਦੇ ਪ੍ਰਬੰਧਕ ਅਤੇ ਕਲਾਕਾਰ।
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਵਿਖੇ ਕਰਵਾਏ ਜਾਂਦੇ 'ਸਮਰ ਕਰੈਸ਼ ਕੋਰਸ' ਵਰਗੇ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰੋਜੈਕਟ ਪੂਰਾ ਹੋਣ 'ਤੇ 'ਸਰਟੀਫਿਕੇਟ ਵੰਡ ਸਮਾਰੋਹ' ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਲੀਵੁੱਡ ਸੰਗੀਤ, ਨ੍ਰਿਤ ਦੀਆਂ ਅਤੇ ਸਾਜ਼ਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਸਮੇਂ ਦੀ ਮੈਨੇਜਮੈਂਟ ਵੀ ਬਹੁਤ ਵਧੀਆ ਸੀ। ਸ਼ਾਇਦ ਹਰ ਬੱਚੇ ਨੂੰ ਸੁਰਫ ਦਸ ਕੁ ਸਕਿੰਟ ਦਾ ਸਮਾਂ ਹੀ ਦਿੱਤਾ ਗਿਆ। ਏਨੇ ਥੋਹੜੇ ਸਮੇਂ ਦੇ ਬਾਵਜੂਦ ਇਹ ਛੋਟੇ ਛੋਟੇ ਬੱਚੇ ਬੜੇ ਆਤਮ ਵਿਸ਼ਵਾਸ ਨਾਲ ਸਟੇਜ ਤੇ ਆਏ ਅਤੇ ਸਭਨਾਂ ਨੂੰ ਮੋਹ ਲਿਆ। 

ਪ੍ਰੋਗਰਾਮ ਦੀ ਸ਼ੁਰੂਆਤ ਵਿਚ ਡਾ: ਚਰਨ ਕਮਲ ਸਿੰਘ ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਇੰਸਟੀਚਊਟ ਵਿਖੇ ਕਰਵਾਏ ਜਾ ਰਹੇ ਕੋਰਸਾਂ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇੰਸਟੀਚਿਊਟ ਵਿਚ ਗਾਇਕੀ, ਨ੍ਰਿਤ ਅਤੇ ਹਰ ਤਰਾਂ ਦੇ ਸਾਜ਼ ਵਜਾਉਣ ਦੀ ਸਿਖਲਾਈ, ਮੇਕਅੱਪ ਅਤੇ ਆਡੀਓ-ਵੀਡੀਓ ਤਕਨਾਲੋਜੀ ਆਦਿ ਦੇ ਕੋਰਸ ਪਾਠ-ਕ੍ਰਮ ਵਿਧੀ ਅਨੁਸਾਰ ਕਰਵਾਏ ਜਾਂਦੇ ਹਨ।
ਉਹਨਾਂ ਨੇ ਦੱਸਿਆ ਕਿ ਇੰਸਟੀਚਿਊਟ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਉਪਲੱਬਧ ਹਨ ਅਤੇ ਇਥੋਂ ਸਿਖ਼ਲਾਈ ਲੈ ਕੇ ਸਿੱਖਿਆਰਥੀ ਚੰਗੇ ਭਵਿੱਖ ਵੱਲ ਵਧ ਸਕਦੇ ਹਨ ਅਤੇ ਫਿਲਮ ਅਤੇ ਸੰਗੀਤ ਵਿਚ ਵੀ ਆਪਣੀ ਚੰਗੀ ਪਹਿਚਾਣ ਬਣਾ ਸਕਦੇ ਹਨ।ਕਰੈਸ਼ ਕੋਰਸ ਦੇ ਸਿਖਿਆਰਥੀਆਂ ਨੇ 10 ਦਿਨਾਂ ਲਈ ਸਿਖ਼ਲਾਈ ਪ੍ਰਾਪਤ ਕੀਤੀ ਤੇ ਪੇਸ਼ਕਾਰੀਆਂ ਦਿੱਤੀਆਂ।ਇਸ ਤੋਂ ਬਾਅਦ ਉਹਨਾਂ ਸਿਖਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਗਈ, ਜੋ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਲੰਮੇਰੇ ਸਮੇਂ ਤੋਂ ਸਿੱਖਿਆ ਲੈ ਰਹੇ ਹਨ।ਸਰੋਤੇ ਪੁਰਾਣੇ ਸਿਖਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਸੁਣ ਕੇ, ਅਸ਼-ਅਸ਼ ਕਰ ਉਠੇ।  
ਕ੍ਰੈਸ਼ ਕੋਰਸ ਦੇ ਵਿਦਿਆਰਥੀਆਂ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਸੁਣ ਕੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਵੀ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਰੈਗੂਲਰ ਕੋਰਸ ਵਿਚ ਦਾਖਲਾ ਕਰਵਾਉਣਗੇ।ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਚ ਸੁਮਿਤਾ ਗੋਗੀਆ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਸੁਮਿਤਾ ਗੋਗੀਆ ਦਾ ਜਾਨਲੇਵਾ ਬਿਮਾਰੀਆਂ ਨਾਲ ਜੂਝਣਾ ਅਤੇ ਦਿਮਾਗੀ ਲਕਵੇ ਨਾਲ ਗ੍ਰਸਤ ਹੋਣ ਦੇ ਬਾਵਜੂਦ ਆਪਣੇ ਬਚਪਨ ਸਮੇਂ ਦੇ ਗਾਇਨ ਅਤੇ ਨ੍ਰਿਤ ਦੇ ਹੁਨਰ ਨੂੰ ਮੁੜ ਤਰਾਸ਼ਣ ਦੀ ਰੀਝ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਮਿਹਨਤ ਅਤੇ ਆਤਮ ਵਿਸ਼ਵਾਸ਼ 'ਤੇ ਜ਼ੋਰ ਦਿੱਤਾ।
ਅਖੀਰ ਵਿਚ ਡਾ. ਚਰਨ ਕਮਲ ਸਿੰਘ ਨੇ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਮੁਬਾਰਕਬਾਦ ਦਿੱਤੀ। ਮਿਸ਼ਿਜ ਦਵਿੰਦਰ ਕੌਰ ਸੈਣੀ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ।ਸਾਰਾ ਮਾਹੌਲ ਬਹੁਤ ਹੀ ਦਿਲ-ਖਿੱਚਵਾਂ ਅਤੇ ਯਾਦਗਾਰੀ ਹੋ ਨਿਬੜਿਆ।  ਆਖੀਰ ਵਿਛ ਇੱਕ ਗੱਲ ਹੋਰ ਕਿ ਇਹ ਅਕੈਡਮੀ ਆਰਥਿਕ ਪੱਖੋਂ ਮਜ਼ਬੂਤ ਸਮਾਜ ਦੀ ਸਿਰਜਨਾਂ ਲਈ ਵੀ ਕੰਮ ਕਰ ਰਹੀ ਹੈ। ਇਸ ਅਕੈਡਮੀ ਤੋਂ ਟਰੇਨਿੰਗ ਲੈਣ ਉਪਰੰਤ ਇਹ ਬੱਚੇ ਆਪੋ ਆਪਣੀ ਲੈ ਦੇ ਖੇਤਰ ਵਿੱਚ ਇਸ ਕਾਬਿਲ ਬਣ ਜਾਂਦੇ ਹਨ ਕਿ ਭਵਿੱਖ ਵਿੱਚ ਇਸ ਨੂੰ ਸਵੈ ਰੋਜ਼ਗਾਰ ਵੱਜੋਂ ਆਪਣਾ ਸਕਣ। ਇਹਨਾ ਬੱਚਿਆਂ ਵਿੱਚ ਸੰਸਾਰ ਪੱਧਰ ਦੇ ਮੁਕਾਬਲਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਆ ਜਾਂਦੀ ਹੈ। ਇਸ ਤਰਾਂ ਇਹ ਅਕੈਡਮੀ ਸਿਰਜ ਰਹੀ ਹੈ ਇੱਕ ਸਿਹਤਮੰਦ ਅਤੇ ਸਵੈ ਨਿਰਭਰ ਸਮਾਜ। ਆਓ ਇਸ ਨੂੰ ਹੋਰ ਮਜ਼ਬੂਤ ਬਣਾਈਏ  


No comments: