Sunday, July 07, 2019

ਤਰਕਸ਼ੀਲ ਸੁਸਾਇਟੀ ਨੇ ਤੇਜ਼ ਕੀਤੀ ਵਿਗਿਆਨਿਕ ਚੇਤਨਾ ਦੀ ਮੁਹਿੰਮ

Jul 7, 2019, 7:33 AM  
ਅਖੌਤੀ ਬਾਬਿਆਂ ਅਤੇ ਸਿਆਸਤਦਾਨਾਂ ਦੀ ਸਾਂਝਭਿਆਲੀ ਦੇ ਪੋਲ ਵੀ ਖੋਲ੍ਹੇ 
ਲੁਧਿਆਣਾ: 7 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਸੋਸਾਇਟੀ ਨੇ ਅੰਧਵਿਸ਼ਵਾਸਾਂ ਦੇ ਹਨੇਰੇ ਨੂੰ ਚੀਰਨ ਲਈ ਵਿਗਿਆਨਕ ਚੇਤਨਾ ਦੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਇਸ ਮਕਸਦ ਲਈ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵੱਖ ਅਦਾਰਿਆਂ ਤੱਕ ਜਾ ਕੇ ਦਲੀਲ ਵਾਲੇ ਹਥਿਆਰ ਨਾਲ ਨਾਲ ਅਡੰਬਰਾਂ ਅਤੇ ਵਹਿਮਾਂ ਭਰਮਾਂ ਵਾਲੇ ਖੋਖਲੇ ਵਿਸ਼ਵਾਸਾਂ ਨੂੰ ਕੱਟਿਆ ਜਾ ਰਿਹਾ ਹੈ। ਲੋਕ ਇਸ ਮੁਹਿੰਮ ਨੂੰ ਹੁੰਗਾਰਾ ਵੀ ਬੜੇ ਉਤਸ਼ਾਹ ਨਾਲ ਦੇ ਰਹੇ ਹਨ। 
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਓਂੜਾ (ਲੁਧਿਆਣਾ) ਵਿਖੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ, ਤਰਕਸ਼ੀਲਾਂ ਨੇ ਕਰਾਮਾਤਾਂ/ਚਮਤਕਾਰਾਂ ਪਿੱਛੇ ਛੁਪੇ ਵਿਗਿਆਨਿਕ ਕਾਰਣਾਂ ਦੀ ਵਿਆਖਿਆ ਕਰਦਿਆਂ, ਅੰਧਵਿਸ਼ਵਾਸਾਂ ਨੂੰ ਬੜਾਵਾ ਦੇ ਰਹੇ ਅਖੌਤੀ ਬਾਬਿਆਂ ਅਤੇ ਸਿਆਸਤਦਾਨਾਂ ਦੀ ਆਪਸੀ ਮਿਲੀ ਭੁਗਤ ਬਾਰੇ ਵੀ ਸਪਸਟ ਕੀਤਾ। ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਵਿੱਤ ਮੁੱਖੀ ਆਤਮਾ ਸਿੰਘ ਅਤੇ ਜਰਗ ਇਕਾਈ ਦੇ ਆਗੂ ਨਛੱਤਰ ਸਿੰਘ ਨੇ ਸੁਸਾਇਟੀ ਵੱਲੋਂ ਸ਼ੁਰੂ ਕੀਤੀ, “ਤਰਕਸ਼ੀਲ ਵਿਦਿਆਰਥੀ ਚੇਤਨਾ ਪਰਖ ਪਰੀਖਿਆ” ਵਿੱਚ ਭਾਗ ਲੈਣ ਲਈ, ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਪੱਖ ਤੋਂ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਦੇ ਸਹਿਯੋਗ ਨਾਲ, ਉਪਰੋਕਤ ਸਕੂਲ ਵਿੱਚ ਸ਼ਿਰਕਤ ਕੀਤੀ। ਇਹ ਪਰੀਖਿਆ ਜੱਲ੍ਹਿਆਂ ਵਾਲਾ ਬਾਗ਼ ਦੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਹੈ। ਆਤਮਾ ਸਿੰਘ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਬਲਜਿੰਦਰ ਕੌਰ ਪਾਸੋਂ ਮੋਮਬੱਤੀ ਜਗਾਕੇ ਸ਼ਮ੍ਹਾਂ ਰੌਸ਼ਨ ਕਰਵਾਊਂਦਿਆਂ , ਮੋਮਬੱਤੀ ਨੂੰ ਹੱਥ ਦੀ ਹੇਰਾ ਫੇਰੀ ਨਾਲ ਇਕ ਗੁਲਦਸਤੇ ਵਿੱਚ ਤਬਦੀਲ ਕਰਕੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੂੰ ਹੈਰਾਨ ਕੀਤਾ। ਇਸੇ ਤਰ੍ਹਾਂ ਨਛੱਤਰ ਸਿੰਘ ਨੇ ਵੀ ਜਾਦੂ ਨੂੰ ਇਕ ਧੋਖਾ ਕਰਾਰ ਦਿੰਦਿਆਂ ਇਸ ਪਿੱਛੇ ਛੁਪੇ ਵਿਗਿਆਨਿਕ ਕਾਰਣਾਂ ਬਾਰੇ ਜਾਣਕਾਰੀ ਦਿੱਤੀ।  

            ਜਸਵੰਤ ਜੀਰਖ ਵੱਲੋਂ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਦੇ ਕਾਰਣਾਂ ਅਤੇ ਇਨ੍ਹਾਂ  ਨੂੰ ਹੋਰ ਪੱਕਿਆਂ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਬਾਬਿਆਂ , ਜੋਤਸ਼ੀਆਂ , ਤਾਂਤਰਿਕਾਂ ਆਦਿ ਦੀ ਭੂਮਿਕਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਾਡੇ ਦੇਸ਼ ਦੇ ਸਿਆਸਤਦਾਨਾਂ ਦੀ ਵੀ ਇਹਨਾਂ ਬਾਬਿਆਂ ਆਦਿ ਨਾਲ ਮਿਲੀ ਭੁਗਤ ਚਲਦੀ ਹੈ ਕਿਉਂਕਿ ਇਹਨਾਂ ਦੇ ਡੇਰੇ ਉਹਨਾਂ ਲਈ ਵੋਟਾਂ ਮਹੱਈਆ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਲੋਕਾਂ ਨੂੰ ਅੰਧਵਿਸ਼ਵਾਸੀ ਅਤੇ ਮੂਰਖ ਬਣਾਕੇ ਰੱਖਣਾ ਬਾਬਿਆਂ ਅਤੇ ਸਿਆਸਤਦਾਨਾਂ ਦੋਵਾਂ ਦੇ ਹੀ ਫਿੱਟ ਬੈਠਦਾ ਹੈ। ਇਸੇ ਕਰਕੇ ਇਹ ਦੋਵੇਂ ਨਹੀਂ ਚਾਹੁੰਦੇ ਕਿ ਲੋਕ ਗਿਆਨਵਾਨ ਹੋਕੇ ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਣਾਂ ਨੂੰ ਸਮਝਣ ਦੇ ਯੋਗ ਹੋ ਸਕਣ। ਉਹਨਾਂ ਹਰ ਰੋਜ਼ ਟੀ ਵੀ ਚੈਨਲਾਂ ਰਾਹੀਂ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਨੂੰ ਸੰਵਿਧਾਨਿਕ ਤੌਰ ਤੇ ਅਪਰਾਧ ਕਰਾਰ ਦਿੰਦਿਆਂ ਕਿਹਾ ਕਿ ਸੰਵਿਧਾਨ ਦੀ ਸੌਹ ਚੁੱਕਕੇ ਸਰਕਾਰੀ ਰਾਜ ਗੱਦੀਆਂ ਸਾਂਭਣ ਵਾਲੇ ਸਿਆਸਤਦਾਨਾਂ ਦੀ ਜ਼ੁਮੇਵਾਰੀ ਹੈ ਕਿ ਉਹ ਇਸ ਅਪਰਾਧ ਨੂੰ ਰੋਕਣ, ਪਰ ਉਹ ਸਭ ਮੂਕ ਦਰਸ਼ਕ ਬਣੇ ਹੋਏ ਹਨ । ਸ੍ਰੀ ਜੀਰਖ ਨੇ ਤਰਕਸ਼ੀਲ ਸੁਸਾਇਟੀ ਵੱਲੋਂ 10 ਅਗਸਤ ਨੂੰ ਲਈ ਜਾਣ ਵਾਲੀ ਪਰੀਖਿਆ ਦੇ ਸਲੇਬਸ ਸੰਬੰਧੀ ਤਿਆਰ ਕੀਤੀ ਪੁਸਤਕ ਬਾਰੇ ਵੀ ਜਾਣਕਾਰੀ ਦੇਕੇ ਵਿਦਿਆਰਥੀਆਂ ਨੂੰ ਇਸ ਪਰੀਖਿਆ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਇਸ ਕਿਤਾਬ ਵਿੱਚ ਵਿਗਿਆਨਿਕ ਨਜ਼ਰੀਆ ਵਿਕਸਿਤ ਕਰਨ ਲਈ ਕਈ ਪ੍ਰਚੱਲਤ ਅੰਧਵਿਸ਼ਵਾਸੀ ਧਾਰਨਾਵਾਂ ਨੂੰ ਝੂਠਾ ਸਿੱਧ ਕਰਕੇ ਅਸਲੀਅਤ ਬਿਆਨ ਕੀਤੀ ਗਈ ਹੈ। 
  ਪ੍ਰਿੰਸੀਪਲ ਬਲਜਿੰਦਰ ਕੌਰ , ਸਰਪੰਚ ਅਮਰਜੀਤ ਸਿੰਘ ਅਤੇ ਸਮੁੱਚੇ ਸਕੂਲ ਸਟਾਫ਼ ਵੱਲੋਂ ਤਰਕਸ਼ੀਲ ਆਗੂਆਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ । ਲੈਕਚਰਾਰ ਸੁਖਵੀਰ ਸਿੰਘ ਗਿੱਲ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕਰਦਿਆਂ ਅੱਗੇ ਲਈ ਵੀ ਤਰਕਸ਼ੀਲ ਸੁਸਾਇਟੀ ਵੱਲੋਂ ਸਕੂਲਾਂ ਵਿੱਚ ਅਜਿਹੇ ਸਮਾਗਮ ਜਾਰੀ ਰੱਖਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ।ਸਕੂਲ ਵਿੱਚ  ਹਿਸਾਬ ਅਧਿਆਪਕ ਕਿਰਨਦੀਪ ਸਿੰਘ ਟਿਵਾਣਾ ਵੱਲੋਂ ਪ੍ਰਿੰਸੀਪਲ ਜੀ ਅਤੇ ਹੋਰ ਸਟਾਫ਼ ਦੇ ਸਹਿਯੋਗ ਨਾਲ ਤਿਆਰ ਕੀਤੀ ਲੈਬ ਵੀ ਤਰਕਸ਼ੀਲ ਟੀਮ ਨੂੰ ਵਿਸ਼ੇਸ਼ ਤੌਰ ਤੇ ਵਿਖਾਈ, ਜੋ ਬਹੁਤ ਹੀ ਸਲਾਹੁਣ ਯੋਗ ਹੈ।ਲੈਕਚਰਾਰ ਸਰਨਜੀਤ ਸਿੰਘ ਧਮੋਟ, ਰਾਜਵਿੰਦਰ ਸਿੰਘ ਅਤੇ ਸਕਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਤਰਕਸ਼ੀਲ ਪ੍ਰੀਖਿਆ ਲਈ ਤਿਆਰ ਕਰਨ ਵਿੱਚ ਉਤਸੁਕਤਾ ਵਿਖਾਈ । ਅੰਤ ਵਿੱਚ ਹਿਸਾਬ ਅਧਿਆਪਕ ਕਿਰਨਦੀਪ ਸਿੰਘ ਟਿਵਾਣਾ ਨੇ ਸਮੁੱਚੇ ਸਟਾਫ਼ ਵੱਲੋਂ ਧੰਨਵਾਦੀ ਸ਼ਬਦਾਂ ਨਾਲ ਸਮਾਪਤੀ ਕੀਤੀ ਗਈ।  

No comments: