Jun 27, 2019, 8:09 PM
ਜ਼ਿਲ੍ਹਾ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੇ ਵੀ ਲਿਆ ਮੌਕੇ ਦਾ ਜਾਇਜ਼ਾ
ਲੁਧਿਆਣਾ: 27 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਕੇਂਦਰੀ ਜੇਲ੍ਹ ਸੁਪਰਡੰਟ ਸ਼੍ਰੀ ਸਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਮਿਤੀ 26 ਜੂਨ, 2019 ਸ਼ਾਮ ਨੂੰ ਬੰਦੀ ਸਨੀ ਸੂਦ ਪੁੱਤਰ ਮਨਮੋਹਨ ਸੂਦ ਨੇ ਡਾਕਟਰ ਦੀ ਰਿਪੋਰਟ ਮੁਤਾਬਕ ਕੁੱਝ ਜ਼ਹਿਰੀਲੀ ਚੀਜ਼ ਖਾ ਲਈ ਸੀ ਜਿਸ ਨੂੰ ਸ਼ਾਮ ਤਕਰੀਬਨ ਅੱਠ ਵਜੇ ਐਮਰਜੈਂਸੀ ਗਾਰਦ ਲਗਾ ਕੇ ਲੁਧਿਆਣਾ ਸਿਵਲ ਹਸਪਤਾਲ ਭੇਜਿਆ ਗਿਆ ਪ੍ਰੰਤੂ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਉਸਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕੀਤਾ ਗਿਆ ਜਿੱਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।
ਕੇਂਦਰੀ ਜੇਲ੍ਹ ਸੁਪਰਡੰਟ ਸ਼੍ਰੀ ਸਮਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਮਿਤੀ 27 ਜੂਨ, 2019 ਨੂੰ ਤਕਰੀਬਨ 09:30 ਵਜੇ ਗੈਂਗਸਟਰ ਵਾਰਡ ਵਿੱਚੋਂ ਕਿਸੇ ਬੰਦੀ ਦੀ ਵੀ.ਸੀ. ਰਾਹੀਂ ਪੇਸ਼ੀ ਹੋਣੀ ਸੀ ਜਿਸ ਨੂੰ ਉੱਥੇ ਤਾਇਨਾਤ ਪੰਜਾਬ ਪੁਲਿਸ ਤੇ ਜੇਲ੍ਹ ਮੁਲਾਜ਼ਮਾਂ ਨੇ ਬੈਰਕ ਵਿੱਚੋਂ ਕੱਢ ਕੇ ਵੀ.ਸੀ. ਲਈ ਲੈ ਕੇ ਆਉਣਾ ਸੀ। ਉਸ ਸਮੇਂ ਸਾਰੀ ਜੇਲ੍ਹ ਦੀ ਖੁਲ੍ਹਾਈ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਬੀ੍ਰਕਲਾਸ ਹਾਈ ਸਕਿਊਰਿਟੀ ਜੋਨ ਵਿੱਚ ਕਰੀਬ 16-17 ਗੈਂਗਸਟਰ ਬੰਦ ਹਨ ਜਿਨ੍ਹਾਂ ਨੇ ਮੁਲਾਜ਼ਮਾਂ ਨਾਲ ਹੱਥੋਂਪਾਈ ਕੀਤੀ ਅਤੇ ਮੁਲਾਜ਼ਮਾਂ ਨੂੰ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਦੇ ਹੋਏ ਬੀ੍ਰਕਲਾਸ ਸਕਿਊਰਿਟੀ ਵਾਰਡ 'ਚੋਂ ਬਾਹਰ ਆ ਗਏ। ਗੈਂਗਸਟਰਾਂ ਨੇ ਰਿਸੈਪਸ਼ਨ ਵਾਰਡ ਅਤੇ ਸੈਂਟਰ ਅਹਾਤਾ ਅਤੇ ਬੀ.ਕੇ.ਯੂ. ਹਾਤੇ ਵਿੱਚੋਂ ਸਾਰੇ ਬੰਦੀਆਂ ਨੂੰ ਇਕੱਠੇ ਕਰ ਲਿਆ ਅਤੇ ਕਹਿਣ ਲੱਗੇ ਕਿ ਸਾਡਾ ਭਰਾ ਸਨੀ ਸੂਦ ਮਾਰ ਦਿੱਤਾ ਹੈ।
ਜੇਲ੍ਹ ਸੁਪਰਡੰਟ ਸ਼੍ਰੀ ਸਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕਦਮ ਫੋਰਸ ਇਕੱਠੀ ਕਰਕੇ ਅੰਦਰ ਜਾਇਆ ਗਿਆ। ਉਸ ਸਮੇਂ ਐਡਮਨ ਬਲਾਕ ਦੇ ਸਾਹਮਣੇ ਡਿਊੜੀ ਗੇਟ ਦੇ ਨਾਲ ਕਰੀਬ 700 ਬੰਦੀ ਇਕੱਠਾ ਹੋ ਚੁੱਕਿਆ ਸੀ। ਜੇਲ੍ਹ ਸੁਪਰਡੰਟ ਵੱਲੋਂ ਕਾਫੀ ਸਮਝਾਉਣ ਦੇ ਬਾਅਦ ਵੀ ਉਨ੍ਹਾਂ ਅਤੇ ਪੁਲਿਸ 'ਤੇ ਗੈਂਗਸਟਰਾਂ ਵੱਲੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਐਡਮਨ ਬਲਾਕ ਤੋਂ ਬਾਹਰ ਸੱਜੇ ਹੱਥੇ ਨੂੰ ਬਾਹਰ ਭੱਜਣ ਲਈ ਵੀ ਕੰਧਾਂ ਉੱਪਰ ਚੜ੍ਹਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਨਾਲ ਹੀ ਜੇਲ੍ਹ ਦੀ ਪ੍ਰਾਪਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਿਵੇਂ ਕਿ ਸੈਂਟਰ ਹਾਤੇ ਦਾ ਗੇਟ ਤੋੜ ਦਿੱਤਾ। ਜੇਲ੍ਹ ਸੁਪਰਡੰਟ ਦੀ ਗੱਡੀ ਨੂੰ ਸਿਲੰਡਰਾਂ ਨਾਲ ਅੱਗ ਲਗਾ ਦਿੱਤੀ। ਜੇਲ੍ਹ ਅੰਦਰ ਖੜ੍ਹੇ ਟਰੈਕਟਰ ਨੂੰ ਅੱਗ ਲਾ ਦਿੱਤੀ, ਈ੍ਰਰਿਕਸ਼ਾ ਨੂੰ ਅੱਗ ਲਗਾ ਦਿੱਤੀ, ਜੇਲ੍ਹ ਅੰਦਰ ਲੱਗੇ ਸਾਰੇ ਕੈਮਰੇ ਕੰਪਿਊਟਰ ਅਤੇ ਚੱਕਰ ਦੀ ਬਿਲਡਿੰਗ ਨੂੰ ਅੱਗ ਲਗਾ ਦਿੱਤੀ। ਸਾਰੇ ਜੇਲ੍ਹ ਦਾ ਰਿਕਾਰਡ ਫੂਕ ਦਿੱਤਾ। ਜੇਲ੍ਹ ਸੁਪਰਡੰਟ ਨੇ ਦੱਸਿਆ ਕਿ ਹੋਰ ਕੋਈ ਚਾਰਾ ਨਾ ਦੇਖਦੇ ਹੋਏ ਐਡਮਿਨ ਬਲਾਕ ਤੋਂ ਕੁੱਝ ਮੁਲਾਜ਼ਮਾਂ ਨੂੰ ਤਾਇਨਾਤ ਕਰਕੇ ਹਵਾਈ ਫਾਇਰਿੰਗ ਵੀ ਕੀਤੀ ਗਈ। ਇਸ ਸਮੇਂ ਜੇਲ੍ਹ ਦੇ 5 ਬੰਦੀਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ। ਜੇਲ੍ਹ ਦੇ ਸਟਾਫ ਵਿੱਚੋਂ ਡੀ.ਐਸ.ਪੀ. (ਸਕਿਊਰਿਟੀ) ਅਤੇ 05 ਹੋਰ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਜੇਲ੍ਹ ਸੁਪਰਡੰਟ ਨੇ ਦੱਸਿਆ ਕਿ ਜੇਲ੍ਹ ਅੰਦਰ ਬੰਦੀਆਂ ਨੇ ਬੀ.ਕੇ.ਯੂ. ਵਾਰਡ ਦੇ ਨੇੜੇ ਮੌਕਾ ਨੰ: 14 ਤੋਂ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਜੇਲ੍ਹ ਦੇ ਹਾਲਾਤ ਨੂੰ ਕਾਫੀ ਖਰਾਬ ਕੀਤਾ ਗਿਆ ਹੈ ਜਿਸ ਬਾਰੇ ਵੱਖਰੇ ਤੌਰ 'ਤੇ ਡਿਟੇਲ ਬਣਾ ਕੇ ਐਫ.ਆਈ.ਆਰ. ਦਰਜ ਕਰਨ ਲਈ ਪੀ.ਐਸ. ਡਵੀਜ਼ਨ ਨੇ 07 ਨੂੰ ਲਿਖਿਆ ਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ, ਐਸ.ਡੀ.ਐਮ. (ਪੂਰਬੀ) ਸ਼੍ਰੀ ਅਮਰਜੀਤ ਸਿੰਘ ਬੈਂਸ, ਏ.ਡੀ.ਸੀ.ਪੀ. ਜੇਲ੍ਹ ਪੰਜਾਬ, ਸ਼੍ਰੀ ਰੋਹਿਤ ਚੌਧਰੀ, ਆਈ.ਪੀ.ਐਸ. ਆਈ.ਜੀ. (ਪੀ) ਸ਼੍ਰੀ ਰੂਪ ਕੁਮਾਰ, ਡੀ.ਆਈ.ਜੀ. ਐਲ ਐਨ ਜਾਖੜ ਅਤੇ ਹੋਰ ਵਾਧੂ ਫੋਰਸ ਲੈ ਕੇ ਪੀ.ਏ.ਪੀ. ਤੋਂ ਆਈ.ਜੀ. ਸ੍ਰ. ਜਸਕਰਨ ਸਿੰਘ ਅਤੇ ਉਨ੍ਹਾਂ ਨਾਲ ਚਾਰ ਕਮਾਂਡੈਂਟ ਲੈਵਲ ਦੇ ਅਫਸਰ ਵੀ ਜੇਲ੍ਹ ਵਿਖੇ ਸਥਿਤੀ ਕੰਟਰੋਲ ਕਰਨ ਲਈ ਪਹੁੰਚੇ। ਲੁਧਿਆਣਾ ਪੁਲਿਸ ਵੱਲੋਂ ਡੀ.ਸੀ.ਪੀ. ਸ਼੍ਰੀ ਅਸ਼ਵਨੀ ਕਪੂਰ, ਸ਼੍ਰੀ ਕੁਲਦੀਪ ਸਿੰਘ ਪਾਰਖ ਆਈ.ਪੀ.ਐਸ. ਡੀ.ਸੀ.ਪੀ. (ਐਚ.ਕਿਊ) ਕਰੀਬ ਲੁਧਿਆਣਾ ਤੋਂ 10 ਜੀ.ਓ. ਅਫਸਰ ਹਾਜ਼ਰ ਆਏ ਜਿਨ੍ਹਾਂ ਦੇ ਸਹਿਯੋਗ ਨਾਲ ਜੇਲ੍ਹ ਦੇ ਹਾਲਾਤ ਕੰਟਰੋਲ ਕੀਤੇ ਗਏ।
No comments:
Post a Comment