Saturday, June 29, 2019

ਜੈ ਮਾਂ ਛਿਨਮਸਤਿਕਾ ਧਾਮ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

Jun 29, 2019, 5:50 PM
ਨਾਮਧਾਰੀਆਂ ਨੇ ਮੰਦਰ ਦੀਆਂ ਸੰਗਤਾਂ ਨਾਲ ਮਿਲ ਕੇ ਮਨਾਇਆ ਪ੍ਰਕਾਸ਼ ਪੁਰਬ 
ਲੁਧਿਆਣਾ: 29 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਗੁਰਦੁਆਰਿਆਂ ਦੇ ਨਾਲ-ਨਾਲ ਮੰਦਰਾਂ ਵਿੱਚ ਵੀ ਸਮਾਗਮ ਕਰਨ ਦੀ ਪ੍ਰੇਰਨਾ ਸਦਕਾ ਜੈ ਮਾਂ ਛਿਨਮਸਤਿਕਾ ਧਾਮ ਜੋਗਿੰਦਰ ਨਗਰ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਧਾਰਮਿਕ ਸਮਾਗਮ ਦਾ ਆਯੋਜਨ ਪ੍ਰਧਾਨ ਬਲਜਿੰਦਰ ਸਿੰਘ ਰਾਜਨ, ਨੰਦ ਕਿਸ਼ੋਰ, ਮਾਸਟਰ ਸਤੀਸ਼ ਕੁਮਾਰ, ਵਿਜੇ ਸ਼ਰਮਾ ਅਤੇ ਸਮੂਹ ਸੰਗਤ ਜੋਗਿੰਦਰ ਨਗਰ ਦੇ ਸਹਿਯੋਗ ਸਦਕਾ ਹੋਇਆ। ਜਿਸ ਵਿੱਚ ਵਾਰਡ ਨੰ. 79 ਦੇ ਕੌਂਸਲਰ ਅਨੀ ਸਿੱਕਾ ਨੇ ਵੀ ਹਾਜ਼ਰੀ ਭਰੀ। ਬੀਬੀ ਹੇਮ ਲਤਾ, ਸੁਨੀਤਾ ਸ਼ਰਮਾ, ਕਿਰਨ ਢਾਂਡਾ ਦੀਆਂ ਕੀਰਤਨ ਮੰਡਲੀਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਦਰਾਂ ਵਿੱਚ ਪ੍ਰਕਾਸ਼ ਪੁਰਬ ਮਨਾਉਣ ਦੀ ਪ੍ਰੇਰਨਾ ਸਾਨੂੰ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਤੋਂ ਮਿਲੀ। ਜਿੱਥੇ ਸ਼੍ਰੀ ਠਾਕੁਰ ਜੀ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਚਾਰਿਤ ਕਰ ਰਹੇ ਹਨ, ਉੱਥੇ ਉਹ ਹਿੰਦੂ-ਸਿੱਖ ਏਕਤਾ, ਆਪਸੀ ਭਾਈਚਾਰੇ ਦੀ ਮਜ਼ਬੂਤੀ ਅਤੇ ਅਮਨ-ਸ਼ਾਂਤੀ ਏਕਤਾ ਲਈ ਪੁਰਜ਼ੋਰ ਯਤਨ ਕਰ ਰਹੇ ਹਨ। ਇਸ ਮੌਕੇ ਨਾਮਧਾਰੀ ਸੰਗਤ ਲੁਧਿਆਣਾ ਵੱਲੋਂ ਇਸ ਸ਼ਲਾਘਾਯੋਗ ਕਦਮ ਲਈ ਮੰਦਰ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰੀ ਭਰਨ ਵਾਲਿਆਂ ਵਿੱਚ ਜਸਵੰਤ ਸਿੰਘ ਸੋਨੂੰ, ਮਿਲਖਾ ਸਿੰਘ, ਦਇਆ ਸਿੰਘ, ਜੱਥੇਦਾਰ ਗੁਰਦੀਪ ਸਿੰਘ, ਮਨਿੰਦਰ ਸਿੰਘ ਸਾਭੀ, ਅਜਮੇਰ ਸਿੰਘ ਅਮਨ, ਪ੍ਰਭਜਿੰਦਰ ਸਿੰਘ ਪ੍ਰਿੰਸ, ਪ੍ਰਭਜੋਤ ਸਿੰਘ ਰਵੀ, ਬੀਬੀ ਨਰਿੰਦਰ ਕੌਰ ਮਦਾਨ, ਰਣਜੀਤ ਕੌਰ, ਲਖਵੀਰ ਕੌਰ ਅਤੇ ਮਨਜੀਤ ਕੌਰ ਸ਼ਾਮਲ ਰਹੇ।   

No comments: