Sunday, March 24, 2019

23 ਮਾਰਚ ਦੇ ਕੌਮੀ ਸ਼ਹੀਦਾਂ ਦੇ ਵਿਚਾਰਾਂ ਨੂੰ ਨਾਟਕਾਂ ਰਾਹੀਂ ਦਰਸਾਇਆ

ਨੁੱਕੜ ਨਾਟਕਾਂ/ਸਕਿਟਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ

ਲੁਧਿਆਣਾ: 23 ਮਾਰਚ 2019: (ਜਸਵੰਤ ਜੀਰਖ//ਪੰਜਾਬ ਸਕਰੀਨ):: 
ਦੇਸ਼ ਦੇ ਕੌਮੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ , ਸੁਖਦੇਵ ਨੂੰ ਯਾਦ ਕਰਦਿਆਂ ਅੱਜ ਲੁਧਿਆਣੇ ਦੀਆਂ ਕਈ ਜੰਤਕ, ਜਮਹੂਰੀ, ਇਨਕਲਾਬੀ ਤੇ ਤਰਕਸ਼ੀਲ ਜੱਥੇਬੰਦੀਆਂ ਨੇ ਨੁੱਕੜ ਨਾਟਕਾਂ ਰਾਹੀਂ, ਉਹਨਾਂ ਦੀ ਵਿਚਾਰਧਾਰਾ ਪੇਸ਼ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਲੱਗੇ ਗਦਰੀਆਂ ਅਤੇ ਉਪਰੋਕਤ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਪਹਿਨਾਉਣ ਦੀ ਰਸਮ ਕਰਨ ਉਪਰੰਤ ਸੁਨੇਤ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਸੱਥਾਂ ਅਤੇ ਚੌਕਾਂ ਵਿੱਚ ਨੁੱਕੜ ਨਾਟਕਾਂ ਅਤੇ ਸਕਿਟਾਂ ਰਾਹੀਂ ਦੇਸ਼ ਦੇ ਭਰਿਸ਼ਟ , ਦੰਭੀ ਅਤੇ ਮੌਕਾਪ੍ਰਸਤ  ਸਿਆਸਤਦਾਨਾ ਦੀ ਅਸਲੀਅਤ ਬਿਆਨੀ ਗਈ।ਮਾ ਕਰਮਜੀਤ ਸਿੰਘ ਗਰੇਵਾਲ ਅਤੇ ਸ੍ਰੀਮਤੀ ਸੁੱਖਚਰਨਜੀਤ ਕੌਰ ਗਿੱਲ ਤੇ ਮੈਡਮ ਮਧੂ ਨੇ ਆਪਣੇ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
      ਪੰਜਾਬ ਲੋਕ ਸਭਿਆਚਾਰ ਮੰਚ ਦੇ ਆਗੂ ਕਸਤੂਰੀ ਲਾਲ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤੀ ਸਕੂਲੀ ਬੱਚਿਆਂ ਦੀ ਟੀਮ ਨੇ ਵਿਅੰਗਮਈ ਢੰਗ ਨਾਲ ਦੇਸ਼ ਦੇ ਮੌਕਾਪ੍ਰਸਤ ਸਿਆਸਤਦਾਨਾਂ ਦੀ ਅਸਲ ਤਸਵੀਰ ਪੇਸ਼ ਕਰਦਿਆਂ ਸਪਸ਼ਟ ਕੀਤਾ ਕਿ ਇਹ ਲੀਡਰ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਪਹਿਨਾਉਣ ਆਉਂਦੇ ਹਨ , ਇਹਨਾਂ ਦਾ ਸ਼ਹੀਦਾਂ ਦੇ ਵਿਚਾਰਾਂ ਨਾਲ ਕੋਈ ਸੰਬੰਧ ਨਹੀਂ।ਬੁੁਲਾਰਿਆਂ ਨੇ ਸਿੱਧ ਕੀਤਾ ਕਿ ਲੋਕਾਂ ਦੀਆਂ ਅਸਲ ਸਮੱਸਿਆਵਾਂ ਹੱਲ ਕਰਨ ਤੋਂ ਨਿਕੰਮੇ ਸਿੱਧ ਹੋ ਜਾਣ ਕਰਕੇ ਹੀ, ਇਹ ਲੋਕਾਂ ਨੂੰ ਧਰਮਾਂ, ਜਾਤਾਂ, ਫ਼ਿਰਕਿਆਂ ਵਿੱਚ ਵੰਡਣ ਦੀਆਂ ਚਾਲਾਂ ਚੱਲਦੇ ਹਨ ਅਤੇ ਗਵਾਂਢੀ ਦੇਸ਼ਾਂ ਨਾਲ ਜੰਗਾਂ ਲਾਉਣ ਦੀਆਂ ਵਿਉਂਤਾਂ ਬਣਾਕੇ, ਲੋਕਾਂ ਦਾ ਧਿਆਨ ਆਪਣੀਆਂ ਸਮੱਸਿਆਵਾਂ ਤੋਂ ਤਿਲਕਾਉਣ ਦੇ ਮਨਸੂਬੇ ਬਣਾਉਂਦੇ ਹਨ। ਇਹ ਲੀਡਰ  ਲੋਕਾਂ ਦੇ ਨਹੀਂ ਸਗੋਂ ਵੱਡੇ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟਾਂ ਦੇ ਨੁਮਾਇੰਦੇ ਹਨ ਜੋ ਹਮੇਸ਼ਾ ਉਹਨਾਂ ਦੀ ਸੇਵਾ ਵਿੱਚ ਹੀ ਭੁਗਤਦੇ ਹਨ।ਉਹਨਾਂ ਸਮਝਾਇਆ ਕਿ ਇਨ੍ਹਾਂ ਲੀਡਰਾਂ ਪੁਰਖਿਆਂ ਬਾਰੇ ਸ਼ਹੀਦ ਭਗਤ ਸਿੰਘ ਜਿਉਂਦਿਆਂ ਹੀ ਕਹਿ ਗਿਆ ਸੀ ਕਿ ਇਹ ਲੋਕ ਅੰਗਰੇਜ਼ਾਂ ਤੋਂ ਸੱਤਾ ਦਾ ਤਬਾਦਲਾ ਕਰਨ ਨੂੰ ਹੀ ਆਜ਼ਾਦੀ ਦਾ ਨਾਮ ਦੇਣਾ ਚਾਹੁੰਦੇ ਹਨ,ਜਿਸ ਦਾ ਆਮ ਲੋਕਾਂ ਦੀ ਜ਼ਿੰਦਗੀ ਤੇ ਕੋਈ ਫਰਕ ਨਹੀਂ ਪਏਗਾ।ਬੁਲਾਰਿਆਂ ਵਿੱਚ ਹਰਜਿੰਦਰ ਸਿੰਘ, ਜਸਵੰਤ ਜੀਰਖ ,ਸਤੀਸ਼ ਸੱਚਦੇਵਾ, ਗੁਰਮੇਲ ਸਿੰਘ ਗਿੱਲ, ਅੰਮ੍ਰਿਤਪਾਲ ਪੀਏਯੂ , ਰਾਕੇਸ ਆਜਾਦ, ਸ਼ਾਮਲ ਸਨ ਜ਼ਿਹਨਾਂ ਨੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਹਰ ਪੱਖੋਂ ਨਿਕਾਰਿਆ।ਸਟੇਜ ਸੰਚਾਲਨ ਕਸਤੂਰੀ ਲਾਲ ਨੇ  ਨਿਭਾਇਆ।ਇਸ ਸਮੇਂ ਦਲਜੀਤ ਸਿੰਘ, ਹਰਸਾ ਸਿੰਘ, ਰਣਜੋਧ ਸਿੰਘ ਲਲਤੋਂ, ਬਲਵਿੰਦਰ ਸਿੰਘ ਲਾਲ ਬਾਗ਼ ,ਐਡਵੋਕੇਟ ਹਰਪ੍ਰੀਤ ਜੀਰਖ, ਸਤਨਾਮ ਦੁੱਗਰੀ,ਡਾ ਹਰਬੰਸ ਗਰੇਵਾਲ , ਮਾ ਸੁਰਜੀਤ ਸਿੰਘ, ਰਜੀਵ ਕੁਮਾਰ, ਕੁਲਦੀਪ ਸਿੰਘ ਜੱਸੋਵਾਲ, ਨਛੱਤਰ ਸਿੰਘ ਕਨੇਡਾ, ਅਵਤਾਰ ਸਿੰਘ, ਟੇਕ ਚੰਦ ਕਾਲੀਆ, ਜੋਬਨਪ੍ਰੀਤ,ਹਿੰਮਤ ਸਿੰਘ, ਸੁਰਜੀਤ ਸਿੰਘ ਸੁਨੇਤ , ਮਹਿੰਦਰ ਸਿੰਘ ਸੁਨੇਤ,ਬਸ਼ਰਾਮ ਕੌਰ ਸਮੇਤ ਇਲਾਕੇ ਦੇ ਮਿਹਨਤੀ ਲੋਕ ਸ਼ਾਮਲ ਸਨ, ਜ਼ਿਹਨਾਂ ਸ਼ਹੀਦਾਂ ਦੇ ਇਨਕਲਾਬੀ ਨਾਹਰਿਆਂ ਨੂੰ ਬੁਲੰਦ ਕੀਤਾ। 

No comments: