Tuesday, February 19, 2019

ਆਦਰਸ਼ ਚੋਣ ਜ਼ਾਬਤਾ ਕਿਸੇ ਵੇਲ੍ਹੇ ਵੀ ਸੰਭਵ-ਪ੍ਰਦੀਪ ਕੁਮਾਰ ਅਗਰਵਾਲ

Tue, Feb 19, 2019 at 3:29 PM
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ੁਰੂਆਤੀ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ
ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਚੋਣ ਅਮਲੇ ਦੀਆਂ ਸੂਚੀਆਂ ਤਿਆਰ ਕਰਨ ਦੇ ਵੀ ਆਦੇਸ਼ 
ਸਾਰੇ ਪੋਲਿੰਗ ਸਟੇਸ਼ਨਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨ ਬਾਰੇ ਕਿਹਾ
ਲੁਧਿਆਣਾ: 19 ਫਰਵਰੀ 2019: (ਪੰਜਾਬ ਸਕਰੀਨ ਬਿਊਰੋ)::
ਜਿਉਂ-ਜਿਉਂ ਲੋਕ ਸਭਾ ਚੋਣਾਂ ਦਾ ਐਲਾਨ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਿਖੇ ਪੈਂਦੇ ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਵੱਖ-ਵੱਖ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰੀ ਪਰਮਿੰਦਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ੍ਰ. ਜਸਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੌਰਾਨ ਸ੍ਰੀ ਅਗਰਵਾਲ ਨੇ ਦੱਸਿਆ ਭਾਰਤੀ ਚੋਣ ਕਮਿਸ਼ਨ ਦੀ ਹਦਾਇਤ ’ਤੇ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਆਗਾਮੀ ਲੋਕ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਜਿਸ ਹਿਸਾਬ ਨਾਲ ਤਿਆਰੀਆਂ ਨੇ ਜ਼ੋਰ ਫੜ੍ਹਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਚੋਣਾਂ ਸੰਬੰਧੀ ਆਦਰਸ਼ ਚੋਣ ਜ਼ਾਬਤਾ ਕਿਸੇ ਵੀ ਵੇਲ੍ਹੇ ਸੰਭਵ ਹੈ। ਜਿਸ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਆਪਣੇ ਤੌਰ ’ਤੇ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ। ਸ੍ਰੀ ਅਗਰਵਾਲ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਚੋਣ ਸਰਗਰਮੀਆਂ ਨੂੰ ਚਲਾਉਣ ਲਈ ਸੈਕਟਰ ਅਫ਼ਸਰਾਂ ਅਤੇ ਬਲਾਕ ਪੱਧਰੀ ਅਫ਼ਸਰਾਂ ਦੀ ਮੁਕੰਮਲ ਤਾਇਨਾਤੀ ਯਕੀਨੀ ਬਣਾਉਣ। ਇਸੇ ਤਰ੍ਹਾਂ ਇਸ ਸੰਬੰਧੀ ਸਮੁੱਚੀ ਜਾਣਕਾਰੀ ਚੋਣ ਪੋਰਟਲ ’ਤੇ ਅਪਲੋਡ ਕੀਤੀ ਜਾਵੇ। 
ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਧਿਕਾਰੀ ਸਾਰੇ ਚੋਣ ਅਮਲੇ ਨਾਲ ਮੀਟਿੰਗਾਂ ਕਰਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨਾ ਯਕੀਨੀ ਬਣਾਉਣ। ਸੈਕਟਰ ਮੈਪ ਪਹਿਲਾਂ ਹੀ ਤਿਆਰ ਕਰ ਲਏ ਜਾਣ ਤਾਂ ਜੋ ਚੋਣਾਂ ਮੌਕੇ ਇਨ੍ਹਾਂ ਦੀ ਸਹਾਇਤਾ ਲਈ ਜਾ ਸਕੇ। ਇਹ ਸਾਰੇ ਕੰਮ ਮਿਤੀ 20 ਫਰਵਰੀ ਤੱਕ ਮੁਕੰਮਲ ਕਰ ਲਏ ਜਾਣ ਤਾਂ ਜੋ ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਾਂਝੀ ਮੀਟਿੰਗ ਕੀਤੀ ਜਾ ਸਕੇ। ਸ੍ਰੀ ਅਗਰਵਾਲ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਸ ਵਾਰ ਘੱਟੋ-ਘੱਟ 10 ਮਾਡਲ ਪੋਲਿੰਗ ਸਟੇਸ਼ਨ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦੀ ਪਛਾਣ ਕਰ ਲਈ ਜਾਵੇ। ਰਹਿੰਦੇ ਵੋਟਰ ਸ਼ਨਾਖ਼ਤੀ ਕਾਰਡ ਤੁਰੰਤ ਵੰਡ ਦਿੱਤੇ ਜਾਣ। 
ਸ੍ਰੀ ਅਗਰਵਾਲ ਨੇ ਕਿਹਾ ਕਿ ਉਹ ਚੋਣਾਂ ਦੀਆਂ ਤਿਆਰੀਆਂ ਦੀ ਸਮੁੱਚੀ ਨਿਗਰਾਨੀ ਆਪਣੇ ਪੱਧਰ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। 

No comments: