Feb 18, 2019, 6:06 PM
100 ਤੋਂ ਵੱਧ ਵਿਦਵਾਨ ਅਤੇ ਖੋਜੀ ਭਾਗ ਲੈਣਗੇ
ਪਟਿਆਲਾ: 18 ਫਰਵਰੀ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ ਵੱਲੋਂ ਪੰਜਾਬੀ ਅਧਿਐਨ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਿਤੀ 22-23 ਫਰਵਰੀ 2019 ਨੂੰ ਕਰਵਾਈ ਜਾ ਰਹੀ ਛੇਂਵੀ ਸਰਬ ਭਾਰਤੀ ਕਾਨਫ਼ਰੰਸ ਦਾ ਪ੍ਰੋਗਰਾਮ ਅਤੇ ਕਾਨਫ਼ਰੰਸ ਬੈਗ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇਂ ਪ੍ਰੈਸ ਕਾਨਫ਼ਰੰਸ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੀ.ਐਲ.ਏ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨਫ਼ਰੰਸ ਵਿਚ ਭਾਰਤ ਭਰ ਤੋਂ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਦੇ ਖੇਤਰਾਂ ਵਿਚ ਖੋਜ ਕਰ ਰਹੇ 100 ਤੋਂ ਵੱਧ ਵਿਦਵਾਨ ਅਤੇ ਖੋਜੀ ਭਾਗ ਲੈਣਗੇ। ਇਸ ਵਾਰ ਇਸ ਕਾਨਫ਼ਰੰਸ ਦਾ ਵਿਸ਼ਾ ‘ਸਮਾਜਿਕ ਅਤੇ ਸਥਾਨਕ ਵੰਨ-ਸੁਵੰਨਤਾ ਦੇ ਪ੍ਰਸੰਗ ਵਿਚ ਭਾਸ਼ਾ ਅਤੇ ਲੋਕਧਾਰਾ ਦਾ ਅਧਿਐਨ’ ਰੱਖਿਆ ਗਿਆ ਹੈ। ਇਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਡਾ, ਯੋਗਰਾਜ ਨੇ ਇਸ ਐਸੋਸੀਏਸ਼ਨ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਦੀ ਸਥਾਪਨਾ ਤ੍ਰਿਵੇਂਦਰਮ (ਕੇਰਲਾ) ਵਿਖੇ ਪ੍ਰੋ. ਵੀ. ਆਈ ਸੁਬਰਾਮੰਨਿਅਮ ਦੀ ਪ੍ਰੇਰਣਾ ਅਤੇ ਸਰਪ੍ਰਸਤੀ ਹੇਠ 2008 ਵਿਚ ਕੀਤੀ ਗਈ ਸੀ। ਇਸ ਦਾ ਮੁੱਖ ਮੰਤਵ ਉੱਤਰੀ ਭਾਰਤ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਦਾ ਅਧਿਐਨ ਕਰਨਾ ਹੈ। ਇਸ ਐਸੋਸੀਏਸ਼ਨ ਦੀ ਸਥਾਪਨਾ ਪੰਜ ਮੈਂਬਰਾਂ ਨਾਲ ਕੀਤੀ ਗਈ ਸੀ ਪਰ ਅੱਜਕੱਲ੍ਹ ਇਸਦੇ 150 ਤੋਂ ਵਧੇਰੇ ਮੈਂਬਰ ਬਣ ਚੁੱਕੇ ਹਨ ਜੋ ਵੱਖ-ਵੱਖ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਹਨ।
ਕਾਨਫ਼ਰੰਸ ਦੇ ਕੋਆਰਡੀਨੇਟਰ ਡਾ, ਸੁਰਜੀਤ ਸਿੰਘ ਨੇ ਕਿਹਾ ਕਿ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆ ਹਨ। ਵਿਦਵਾਨਾਂ ਅਤੇ ਖੋਜੀਆਂ ਦੁਆਰਾ ਪ੍ਰਸਤੁਤ ਕੀਤੇ ਜਾਣ ਵਾਲੇ ਸਾਰੇ ਖੋਜ ਪੱਤਰ ਪਹੁੰਚ ਚੁੱਕੇ ਹਨ ਅਤੇ 400 ਪੰਨਿਆਂ ਦੀ ਪ੍ਰੋਸੀਡਿੰਗ ਕਾਨਫ਼ਰੰਸ ਉਪਰੰਤ ਪ੍ਰਕਾਸ਼ਿਤ ਕੀਤੀ ਜਾਵੇਗੀ। ਡਾ. ਭੁਪਿੰਦਰ ਖਹਿਰਾ ਨੇ ਕਿਹਾ ਕਿ ਕਾਨਫ਼ਰੰਸ ਦਾ ਸੋਵੀਨਾਰ ਜਿਸ ਵਿਚ ਸਾਰੇ ਐਬਸਟ੍ਰੈਕਟ ਛਾਪੇ ਗਏ ਹਨ ਕਾਨਫ਼ਰੰਸ ਦੇ ਉਦਘਾਟਨੀ ਸ਼ੈਸਨ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਡਾ. ਰਾਜ ਕੁਮਾਰ ਅਤੇ ਕਾਨਫ਼ਰੰਸ ਵਿਚ ਮੁੱਖ ਸੁਰ ਭਾਸ਼ਣ ਦੇਣ ਲਈ ਪਹੁੰਚ ਰਹੇ ਡਾ. ਜੋਗਿੰਦਰ ਸਿੰਘ ਪੁਆਰ ਰਿਲੀਜ਼ ਕਰਨਗੇ। ਇਸ ਪ੍ਰੈਸ ਕਾਨਫ਼ਰੰਸ ਦੇ ਅੰਤ ਵਿਚ ਡਾ. ਯੋਗਰਾਜ ਨੇ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਖੋਜਾਰਥੀਆਂ ਨੂੰ ਇਸ ਕਾਨਫ਼ਰੰਸ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਨਾਲ ਜੁੜਨ ਲਈ ਕਿਹਾ।ਇਸ ਮੌਕੇ ਡਾ. ਜਸਵਿੰਦਰ ਸਿੰਘ ਸੈਣੀ ਮੁਖੀ ਪੰਜਾਬੀ ਵਿਭਾਗ ਨੇ ਇਸ ਕਾਨਫ਼ਰੰਸ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
No comments:
Post a Comment