Sunday, February 17, 2019

ਬਰਾਬਰੀ ਦੇ ਸਮਾਜ ਦੀ ਉਸਾਰੀ ਲਈ ਸ਼ੋਸ਼ਤ ਵਰਗ ਇਕਜੁੱਟ ਹੋਵੇ:ਆਰਫ਼ਾ ਖ਼ਾਨਮ

ਲੁਧਿਆਣਾ: 17 ਫਰਵਰੀ 2019: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ):: 
ਇਹ ਸਮਾਗਮ ਅਜਿਹੇ ਮੁੱਦਿਆਂ ਬਾਰੇ ਸੀ ਜਿਹਨਾਂ  ਦੀ ਚਰਚਾ ਤੋਂ ਅਕਸਰ ਹੀ ਪਾਲਾ ਵੱਟ ਲਿਆ ਜਾਂਦਾ ਹੈ। ਇਹ ਮੁੱਦੇ ਮੀਡੀਆ ਨਾਲ ਵੀ ਸਬੰਧਤ ਸਨ ਅਤੇ ਔਰਤਾਂ ਨਾਲ ਵੀ। ਸਮਾਜ ਨੂੰ ਹਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਸਮਾਗਮ ਅਸਲ ਵਿੱਚ ਹਨੇਰੀਆਂ ਸਾਹਮਣੇ ਚਿਰਾਗ ਜਗਾਉਣ ਵਰਗਾ ਇੱਕ ਹਿੰਮਤ ਭਰਿਆ ਉਪਰਾਲਾ ਸੀ। ਕਾਰਪੋਰੇਟ ਮੀਡੀਆ ਵੱਲੋਂ ਕੀਤੇ ਜਾਂਦੇ ਚਕਾਚੌਂਧ ਭਰੇ ਸਮਾਗਮਾਂ ਦੇ ਭੀੜ ਵਿੱਚ ਇਹ ਲੋਕ ਮੀਡੀਆ ਦਾ ਸਮਾਗਮ ਵੀ ਆਪਣੀ ਲੋਕ ਸੰਘਰਸ਼ ਦੀ ਚਮਕ ਪੱਖੋਂ ਕਿਸੇ ਨਾਲੋਂ ਘੱਟ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਇਸਦੀ ਕਵਰੇਜ ਲਈ ਮੀਡੀਆ ਦੀ ਭੀੜ ਨਹੀਂ ਪੁੱਜੀ। ਜਿਹੜਾ ਮੀਡੀਆ ਸਪਨਾ ਚੌਧਰੀ ਦੀਆਂ ਕੁਝ ਕੁ ਤਸਵੀਰਾਂ ਖਿੱਚਣ ਲਈ ਦੁਪਹਿਰ ਦਾ ਹੀ ਪੰਜਾਬੀ ਭਵਨ ਵਿੱਚ ਪੱਬਾਂ ਭਾਰ ਹੋਇਆ ਫਿਰਦਾ ਸੀ ਉਸ ਮੀਡੀਆ ਕੋਲ ਆਪਣੇ ਹੀ ਭਾਈਚਾਰੇ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਆਯੋਜਨ ਦੀ ਕਵਰੇਜ ਲਈ ਸ਼ਾਇਦ ਕੋਈ ਸਮਾਂ ਨਹੀਂ ਸੀ। ਸ਼ਾਇਦ ਮੀਡੀਆ ਕੋਲ ਮੀਡੀਆ ਦੀ ਗੱਲ ਕਰਨ ਲਈ ਹੀ ਸਮਾਂ ਨਹੀਂ ਹੈ। 
ਇਸ ਆਯੋਜਨ ਦਾ ਬਹਾਨਾ ਤਾਂ ਭਾਵੇਂ ਸੂਹੀ ਸਵੇਰ ਮੀਡੀਆ ਵੱਲੋਂ ਆਪਣੇ ਪੁਨਰ ਆਗਮਨ ਦੀ 7ਵੀਂ ਵਰ੍ਹੇਗੰਢ ਮਨਾਉਣਾ ਹੀ ਸੀ ਪਰ ਇਸ ਬਹਾਨੇ ਨਾਲ ਹੀ ਲੋਕ ਪੱਖੀ ਮੀਡੀਆ ਨੂੰ ਪੇਸ਼ ਆ ਰਹੀਆਂ ਔਕੜਾਂ ਦੀ ਵੀ ਚਰਚਾ ਹੋਈ ਅਤੇ ਕਾਰਪੋਰੇਟ ਮੀਡੀਆ ਵੱਲੋਂ ਜਾਣਬੁਝ ਕੇ ਨਜ਼ਰ ਅੰਦਾਜ਼ ਕੀਤੇ ਜਾਂਦੇ ਮਹੱਤਵਪੂਰਨ ਮੁੱਦਿਆਂ ਦੀ ਵੀ ਗੱਲ ਹੋਈ। ਇਸ ਮੌਕੇ ਪੰਜਾਬੀ ਭਵਨ ਵਿਖੇ ਕਰਾਏ ਗਏ ਇਸ ਸਲਾਨਾ ਸਮਾਗਮ ਵਿੱਚ ਇਸ ਵਾਰ ਵੀ ਉਹਨਾਂ ਪੱਤਰਕਾਰਾਂ ਨੂੰ ਬੁਲਾਇਆ ਗਿਆ ਜਿਹਨਾਂ ਨੇ ਆਪਣੇ ਸੁੱਖ ਆਰਾਮ ਨੂੰ ਤਿਆਗ ਕੇ ਲੋਕ ਪੱਖੀ ਕਵਰੇਜ ਵਾਲਾ ਇਹ ਬਿਖੜਾ ਪੈਂਡਾ ਚੁਣਿਆ। ਇਸ ਸਮਾਗਮ ਵਿੱਚ ‘ਦ ਵਾਇਰ’ ਦੀ ਸੀਨੀਅਰ ਸੰਪਾਦਕ ਆਰਫ਼ਾ ਖ਼ਾਨਮ ਸ਼ੇਰਵਾਨੀ ਅਤੇ ਸੁਤੰਤਰ ਖੋਜੀ ਪੱਤਰਕਾਰ ਨੇਹਾ ਦੀਕਸ਼ਿਤ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕਰਕੇ ‘ਧਾਰਮਿਕ ਮੂਲਵਾਦ, ਔਰਤ ਅਤੇ ਮੀਡੀਆ’ ਵਿਸ਼ੇ ਉੱਤੇ ਵਿਸ਼ੇਸ਼ ਲੈਕਚਰ ਦਿੱਤਾ। ਇਹਨਾਂ ਦੋਹਾਂ ਮਹਿਲਾ ਪੱਤਰਕਾਰਾਂ ਵੱਲੋਂ ਕੀਤੀਆਂ ਗਈਆਂ ਗੱਲਾਂ ਪਰਤ ਦਰ ਪਰਤ ਹਕੀਕਤ ਨੂੰ ਬਿਆਨ ਕਰਨ ਵਾਲੀਆਂ ਸਨ। ਪਿਆਜ਼ ਦੇ ਛਿਲਕਿਆਂ ਵਾਂਗ ਇਹਨਾਂ ਪੱਤਰਕਾਰਾਂ ਨੇ ਇੱਕ ਇੱਕ ਕਰਕੇ ਬਹੁਤ ਸਾਰੇ ਮੁਖੌਟਿਆਂ ਨੂੰ ਹਟਾਇਆ। ਉਹ ਮੁਖੌਟੇ ਜਿਹਨਾਂ ਨੂੰ ਅੱਜਕਲ ਮੀਡੀਆ ਸਮੇਤ ਸਮਾਜ ਦੇ ਬਹਿਤ ਸਾਰੇ ਹਿੱਸਿਆਂ ਨੇ ਆਪਣਾ ਸੁਰੱਖਿਆ ਕਵਚ ਬਣਾ ਕੇ ਪਹਿਨਿਆ ਹੋਇਆ ਹੈ। 
ਇਸ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਬੇਬਾਕ ਪੱਤਰਕਾਰ ਆਰਫ਼ਾ ਖ਼ਾਨਮ ਸ਼ੇਰਵਾਨੀ ਨੇ ਕਿਹਾ ਕਿ ਔਰਤਾਂ ਲਈ ਬਰਾਬਰੀ ਦਾ ਅਧਿਕਾਰ, ਸੁਰੱਖਿਆ, ਰੋਜ਼ਗਾਰ ਆਦਿ ਦੇ ਮੁੱਦੇ ਲਵ ਜਿਹਾਦ ਦੀ ਰਾਜਨੀਤੀ, ਗਾਂ ਦੀ ਰਾਜਨੀਤੀ ਅਤੇ ਰਾਸ਼ਟਰਵਾਦ ਦੀ ਰਾਜਨੀਤੀ ਵਿੱਚ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ। ਇਸ ਰਾਜਨੀਤੀ ਤਹਿਤ ਔਰਤ ਦੇ ਅਸਲ ਅਧਿਕਾਰਾਂ ਦੀ ਲੜਾਈ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਜ਼ਿਆਦਾ ਪਿੱਛੇ ਚਲੀ ਗਈ ਹੈ।ਆਰਫਾ ਨੇ ਕਿਹਾ ਕਿ ਔਰਤਾਂ ਅਤੇ ਘੱਟ ਗਿਣਤੀ ਦੇ ਅਧਿਕਾਰਾਂ ਦੀ ਬਰਾਬਰੀ ਲਈ ਲਾਜ਼ਮੀ ਹੈ ਕਿ ਸ਼ਾਸ਼ਤ ਵਰਗ ਦੀ ਰਾਜਨੀਤੀ ਨੂੰ ਹਰਾਇਆ ਜਾਵੇ। ਇਸ ਲਈ ਲਾਜ਼ਮੀ ਹੈ ਕਿ ਸ਼ੋਸ਼ਤ ਵਰਗ ਇੱਕਜੁੱਟ ਹੋ ਜਾਣ ਕਿਉਂਕਿ ਜੇ ਸ਼ੋਸ਼ਤ ਵਰਗ ਇੱਕ ਹੋ ਗਿਆ ਤਾਂ ਬਰਾਬਰੀ ਦਾ ਸਮਾਜ ਹੌਂਦ ਵਿੱਚ ਆਵੇਗਾ। 
ਇਸ ਮੌਕੇ ਖਰੀਆਂ ਖਰੀਆਂ ਆਖਣ ਵਾਲੀ ਦਲੇਰ ਪੱਤਰਕਾਰ ਨੇਹਾ ਦੀਕਸ਼ਤ ਨੇ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਜੋ ਔਰਤਾਂ ਦੇ ਗੰਭੀਰ ਮੁੱਦੇ ਹਨ ਉਹ ਕਾਰਪੋਰੇਟ ਸੋਚ ਦਾ ਸ਼ਿਕਾਰ ਹੋਣ ਕਾਰਨ ਮੁੱਖ ਧਾਰਾ ਦੇ ਮੀਡੀਆ ਵਿੱਚ ਨਹੀਂ ਆ ਰਹੇ। ਨੇਹਾ ਨੇ ਕਿਹਾ ਕਿ ਬੇਸ਼ੱਕ ਮੀਡੀਆ ਵਿੱਚ ਔਰਤਾਂ ਦੀ ਕਾਫੀ ਗਿਣਤੀ ਹੈ ਪਰ ਹਾਲੇ ਵੀ ਜੋ ਫੈਸਲਾ ਲੈਣ ਦਾ ਅਧਿਕਾਰ ਹੈ ਉਹ ਸਿਰਫ ਮਰਦਾਂ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਕਾਰਪੋਰੇਟ ਸੋਚ ਨੂੰ ਤੋੜਨ ਲਈ ਜ਼ਮੀਨੀ ਪੱਧਰ ਉੱਤੇ ਕੰਮ ਕਰ ਰਹੇ ਸੰਗਠਨਾਂ ਨਾਲ ਜੁੜਨਾ ਪਵੇਗਾ ਤਾਂ ਜੋ ਜਿਹੜੇ ਘੱਟ ਗਿਣਤੀ ਦੇ ਲੋਕ ਹਨ ਉਨ੍ਹਾਂ ਨੂੰ ਵੀ ਆਪਣੀ ਗੱਲ ਦੂਜੇ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲ ਸਕੇ।
ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਸੂਹੀ ਸਵੇਰ ਮੀਡੀਆ ਲੋਕਧਾਰਾ ਦਾ ਮੀਡੀਆ ਹੈ, ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਦੀਆਂ ਵੈੱਬਸਾਈਟਸ ਉੱਤੇ ਲੋਕ ਵਿਰੋਧੀ ਤਾਕਤਾਂ ਹਮਲਾ ਕਰਦੀਆਂ ਰਹੀਆਂ ਹਨ ਪਰ ਅਦਾਰਾ ਬਿਨਾਂ ਕਿਸੇ ਖੌਫ਼ ਦੇ ਮੁੜ ਤੋਂ ਆਪਣੇ ਪੈਰਾਂ ਉੱਤੇ ਖੜਾ ਹੋ ਕੇ ਪਿਛਲੇ 9 ਸਾਲਾਂ ਤੋਂ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਅਦਾਰੇ ਵੱਲੋਂ ਸੂਹੀ ਸਵੇਰ ਯੂ ਟਿਊਬ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਰੇ ਵੱਲੋਂ ਇਸ ਸਾਲ ਦਾ ਸੂਹੀ ਸਵੇਰ ਮੀਡੀਆ ਐਵਾਰਡ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਅਤੇ ਜਨ ਸੰਘਰਸ਼ ਮੰਚ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ। ਜ਼ਿਰਯੋਗ ਹੈ ਕਿ ਕਿਰਨਜੀਤ ਕੌਰ ਕਤਲ ਕਾਂਡ ਜ਼ੁਲਮ ਦੇ ਇਤਿਹਾਸ ਦਾ ਇੱਕ ਅਜਿਹਾ ਅਧਿਆਏ ਸੀ ਜਿਸਨੇ ਲੋਕਾਂ ਦੇ ਰੋਂਗਟੇ ਖੜੇ ਕਰ ਦਿੱਤੇ। ਇਸ ਮਾਮਲੇ ਵਿਛਕ ਬੋਲਣਾ ਕੋਈ ਸੌਖਾ ਕੰਮ ਨਹੀਂ ਸੀ। ਸਬੂਤ ਤੱਕ ਮੀਤਾ ਦਿੱਤੇ ਗਏ ਸਨ। ਇਸਦੇ ਬਾਵਜੂਦ ਇਸ ਕਤਲ ਕਾਂਡ ਵਿਰੁੱਧ ਬਣੀ ਸੰਘਰਸ਼ ਕਮੇਟੀ ਨੇ ਸਾਰੀਆਂ ਚੁਣੌਤੀਆਂ ਨੂੰ ਕਬੂਲ ਕੀਤਾ। 
ਉਨ੍ਹਾਂ ਕਿਹਾ ਕਿ ਜਿੱਥੇ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਅਤੇ ਇਸ ਲਹਿਰ ਨੂੰ ਲੋਕ-ਲਹਿਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਜਨ ਸੰਘਰਸ਼ ਮੰਚ ਹਰਿਆਣਾ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਹੈ। ਇਸ ਦੌਰਾਨ ਜਨਸੰਘਰਸ਼ ਮੰਚ ਤੋਂ ਸੁਦੇਸ਼ ਕੁਮਾਰੀ, ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ  ਮਹਿਲ ਕਲਾਂ ਦੇ ਕਨਵੀਨਰ ਗੁਰਵਿੰਦਰ ਸਿੰਘ, ਪ੍ਰੋ. ਜਗਮੋਹਨ ਸਿੰਘ, ਸੀਨੀਅਰ ਪੱਤਰਕਾਰ ਰਾਜੀਵ ਖੰਨਾ ਅਤੇ ਲੋਕ ਕਾਫਲਾ ਦੇ ਸੰਪਾਦਕ ਬੂਟਾ ਸਿੰਘ  ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਡਾ. ਸੁਰਜੀਤ ਪਾਤਰ, ਨਰਾਇਣ ਦੱਤ, ਕਵਿਤਾ ਵਿਦਰੋਹੀ, ਲਹਿਣਾ ਸਿੰਘ, ਸੁਰੇਸ਼ ਕੁਮਾਰ, ਕੰਵਲਜੀਤ ਖੰਨਾ, ਕਾਮਰੇਡ ਸੁਰਿੰਦਰ, ਰਾਜਵਿੰਦਰ ਮੀਰ, ਨੀਤੂ ਅਰੋੜਾ, ਅਰਸ਼ ਬਿੰਦੂ, ਪਰੋਫੈਸਰ ਬਲਦੀਪ, ਏ.ਕੇ ਮਲੇਰੀ, ਸੁਖਵਿੰਦਰ ਲੀਲ ਆਦਿ ਤੋਂ ਬਿਨਾਂ ਬਹੁਤ ਸਾਰੇ ਲੋਕ ਪੱਖੀ ਸੰਗਠਨਾਂ ਦੇ ਆਗੂ ਹਾਜ਼ਰ ਸਨ।  
ਇਸ ਮੌਕੇ ਲੋਕ ਪੱਖੀ ਮੀਡੀਆ ਵਾਲੀਆਂ ਖਬਰਾਂ/ਰਿਪੋਰਟਾਂ ਆਦਿ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕਰਨ ਵਾਲੇ ਬੂਟਾ ਸਿੰਘ ਵੀ ਮੌਜੂਦ ਸਨ। ਉਹੀ ਬੂਟਾ ਸਿੰਘ ਜਿਹੜੇ ਅੰਗਰੇਜ਼ੀ ਵਿੱਚ ਛਪੀਆਂ ਲੋਕ ਪੱਖੀ ਰਿਪੋਰਟਾਂ ਅਤੇ ਕਿਤਾਬਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਪੰਜਾਬੀਆਂ ਤੱਕ ਵੀ ਬੜੀ ਤੇਜ਼ੀ ਨਾਲ ਪਹੁੰਚਾਉਂਦੇ ਹਨ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਕਈ ਵਿਸ਼ੇਸ਼ ਲਿਖਤਾਂ ਬੜੀ ਏਟਜ਼ੀ ਨਾਲ ਅਨੁਵਾਦੀਆਂ ਅਤੇ ਪੰਜਾਬੀ ਵਿੱਚ ਪੰਜਾਬੀ ਪੜ੍ਹਨ ਵਾਲੇ ਲੋਕਾਂ ਤੱਕ ਪਹੁੰਚਾਈਆਂ। 

No comments: