Oct 1, 2018, 3:17 PM
ਲਿੰਗਕ ਬਰਾਬਰੀ ਕਿਵੇਂ ਲਿਆਂਦੀ ਜਾਵੇ
ਸਾਡੇ ਸਮਾਜ ਵਿੱਚ ਔਰਤ ਦੀ ਸਥਿਤੀ ਦੁਜੈਲੇ ਸਥਾਨ ਵਾਲੀ ਹੈ। ਮਰਦ ਤੇ ਔਰਤ ਵਿਚਲੇ ਵਿਤਕਰੇ ਦੀ ਤਸਵੀਰ ਹੇਠਲੇ ਪੱਧਰ ਤੋਂ ਉਪਰਲੇ ਪੱਧਰ ਤੱਕ ਵੀ ਨਜ਼ਰ ਆਉਂਦੀ ਹੈ ਸੰਵਿਧਾਨ ਨੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ। ਅਧਿਕਾਰਾਂ ਦੀ ਸੁਚੇਤ ਵਰਤੋਂ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਜੇਕਰ ਚਾਨਣ ਦੇ ਮੁਨਾਰੇ.....ਉੱਚ ਵਿਦਿਅਕ ਅਦਾਰੇ ਹੀ ਇਸ ਅਧਿਕਾਰ ਦੀਆਂ ਧੱਜੀਆਂ ਉਡਾ ਰਹੇ ਹੋਣ ਤਾਂ ਪਿੱਛੇ ਕੀ ਰਹਿ ਜਾਂਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਔਰਤ ਵਿਰੋਧੀ ਸੋਚ ਦੀ ਝਲਕ ਆਪ ਮੁਹਾਰੇ ਸਾਹਮਣੇ ਆ ਰਹੀ ਹੈ। ਇਸ ਸੰਸਥਾ ਵਿੱਚ ਪੜ੍ਹ੍ਹ ਰਹੀਆਂ ਵਿਦਿਆਰਥਣਾਂ ਲਈ ਵਿਦਿਆਰਥੀਆਂ ਬਰਾਬਰ ਵਿਚਰਨ ਦਾ ਅਧਿਕਾਰ ਕਿਉਂ ਨਹੀਂ ਜਦੋਂ ਕਿ ਅਸੀ ਸਿਲੇਬਸਾਂ ਵਿੱਚ ਬਰਾਬਰੀ ਦਾ ਸੰਕਲਪ ਲੈਕੇ ਆਉਂਦੇ ਹਾਂ। ਲਿੰਗਕ ਅਸਮਾਨਤਾ ਨੂੰ ਖ਼ਤਮ ਕਰਨ ਦੇ ਸੁਆਲ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਲੜਕੀਆਂ ਦਾ ਸੰਘਰਸ਼ ਜਾਰੀ ਹੈ। ਉਨ੍ਹਾਂ ਦਾ ਮਸਲਾ ਹੈ ਕਿ ਜੇਕਰ ਮੁੰਡੇ ਲਾਇਬ੍ਰੇਰੀ ਵਿੱਚ ਰਾਤ ਨੂੰ ਪੜ੍ਹ ਸਕਦੇ ਹਨ ਤੇ ਕੁੜੀਆਂ ਕਿਉਂ ਨਹੀਂ। ਇੱਥੋ ਹੀ ਲਿੰਗਕ ਸਮਾਨਤਾ ਦੀ ਗੱਲ ਸਾਹਮਣੇ ਆ ਰਹੀ ਹੈ। ਲਿੰਗਕ ਬਰਾਬਰੀ ਕਿਵੇਂ ਲਿਆਂਦੀ ਜਾਵੇ ਤੇ ਇਸ ਨਾਲ ਜੁੜਿਆ ਸੁਆਲ ਔਰਤ ਦੀ ਸੁਰੱਖਿਆ ਦਾ ਆਉਂਦਾ ਹੈ। ਇਹ ਇੱਕ ਗੰਭੀਰ ਮਸਲਾ ਹੈ ਜੋ ਔਰਤ ਦੀ ਮੁਕਤੀ ਨਾਲ ਜੁੜਦਾ ਹੈ ਇਸ ਬਾਰੇ ਵੱਧ ਤੋਂ ਵਧ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ।
ਸਾਡੇ ਅਸਾਵੇਂ ਵਿਕਾਸ ਵਾਲੇ ਸਮਾਜ ਵਿੱਚ ਔਰਤ ਨਾਲ ਸਮਾਜਕ ਆਰਥਿਕ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਰਦਾਵੀਂ ਸੱਤਾ/ਪਿਛਾਖੜੀ ਸੋਚ ਔਰਤ ਨੂੰ ਆਪਣੀ ਅਧੀਨਗੀ ਦੇ ਸਿਕੰਜ਼ੇ ਵਿੱਚ ਰੱਖਦੀ ਹੈ। ਇਹ ਤਾਂ ਮੰਨਿਆ ਜਾਂਦਾ ਹੈ ਕਿ ਜਿਥੇ ਔਰਤ ਚੇਤੰਨ ਨਹੀਂ ਉਥੇ ਤਾਂ ਉਹ ਚੁੱਪ ਕਰਕੇ ਸਹਿ ਲੈਂਦੀ ਹੈ ਪਰ ਚੇਤੰਨ ਕੁੜੀਆਂ/ਔਰਤਾਂ ਨੂੰ ਅਜਿਹਾ ਵਿਤਕਰਾ ਸ਼ਹਿਣਾ ਪਏ ਤਾਂ ਉਥੇ ਚੁੱਪ ਅਵਾਜ਼ ਵਿੱਚ ਬਦਲਦੀ ਹੈ। ਅਜਿਹਾ ਕੁਝ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਿਹਾ ਹੈ। ਵਿਦਿਆਰਥਣਾਂ ਦੀ ਇਸ ਮੰਗ ਬਾਰੇ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਹਨ ਪਹਿਲਾ ਵਿਚਾਰ ਲਿੰਗਕ ਬਰਾਬਰੀ ਦਾ ਹੈ ਇਸ ਨਾਲ ਅਸੀਂ ਸਿਧਾਂਤਿਕ ਤੌਰ ਤੇ ਸਹਿਮਤ ਹਾਂ। ਦੂਜਾ ਵਿਚਾਰ ਅਸਿੱਧੇ/ਸਿੱਧੇ ਤੌਰ ਤੇ ਯੂਨੀਵਰਸਿਟੀ ਦੀ ਪਿੱਤਰਕੀ ਸੱਤਾ ਦਾ ਹੈ ਜੋ ਔਰਤ/ਕੁੜੀ ਦੀ ਸੁਰਖਿਆ ਦਾ ਮਾਮਲਾ ਲੈ ਕੇ ਗੱਲ ਕਰ ਰਹੇ ਹਨ। ਇਨ੍ਹਾਂ ਦੋਹਾਂ ਪਹਿਲੂਆਂ ਬਾਰੇ ਚਿੰਤਨ ਕਰਨਾ ਜਰੂਰੀ ਹੈ।
ਸਾਡੀ ਅੱਧੀ ਵੱਸੋ ਭਾਵੇਂ ਔਰਤਾਂ ਦੀ ਹੈ ਪਰ ਉਹਨਾਂ ਦੀ ਪਹਿਚਾਣ ਮਾਂ, ਭੈਣ, ਪਤਨੀ ਅਤੇ ਬੇਟੀ ਕਰਕੇ ਹੀ ਹੈ ਮਨੁੱਖ ਕਰਕੇ ਨਹੀਂ। ਇਸ ਪਿੱਤਰਕੀ ਸਮਾਜ ਨੇ ਆਪਣੇ ਮੁੱਲ, ਸੰਸਕਾਰ ਤੇ ਪ੍ਰਤੀਮਾਨ ਔਰਤ ਤੇ ਥੋਪ ਕੇ ਉਸ ਦੀ ਮਾਨਸਿਕਤਾ ਨੂੰ ਅਧੀਨਗੀ ਵਾਲੀ ਬਣਾ ਦਿੱਤਾ ਹੈ ਉਹ ਆਪਣੀ ਸਥਿਤੀ ਬਾਰੇ ਠੀਕ ਨਿਰਣਾ ਵੀ ਨਹੀਂ ਲੈ ਸਕਦੀ। ਵੱਡੇ ਵੱਡੇ ਅਹੁਦਿਆਂ ਜਿਵਂੇ ਪ੍ਰਸ਼ਾਸਨ, ਫੌਜ਼, ਪੁਲਿਸ ਤੇ ਹੋਰ ਖੇਤਰਾਂ ਵਿੱਚ ਬਿਰਾਜਮਾਨ ਔਰਤਾਂ ਵੀ ਕਿਤੇ ਨਾਂ ਕਿਤੇ ਮਰਦ ਦੇ ਫੈਸਲਿਆਂ ਉੱਪਰ ਨਿਰਭਰ ਹਨ। ਜੇਕਰ ਔਰਤ/ਕੁੜੀ ਪਿਛਾਂਹਖਿੱਚੂ ਮੁੱਲਾਂ ਦਾ ਵਿਰੋਧ ਕਰਦੀ ਹੈ ਤਾਂ ਰਾਜਸੱਤਾ ਵੱਲੋਂ ਕਈ ਐਲਾਨਨਾਮੇ ਘੜੇ ਜਾਂਦੇ ਹਨ ਜਿਵੇਂ ਖਾਪ ਪੰਚਾਇਤਾਂ ਤੇ ਡਰੈੱਸ ਕੋਡ ਤੋਂ ਬਿਨਾਂ ਹੋਰ ਕਈ ਪਾਬੰਧੀਆਂ ਲਗਾਈਆਂ ਜਾਂਦੀਆਂ ਹਨ। ਆਰਥਿਕ ਸਮਾਜਿਕ ਨਿਰਭਰਤਾ ਔਰਤ ਨੂੰ ਮਰਦ ਦੇ ਗੁਲਾਮ ਬਣਾਉਂਦੀ ਹੈ। ਜੋ ਔਰਤਾਂ ਪੜ੍ਹ ਲਿਖ ਕੇ ਨੌਕਰੀ ਪ੍ਰਾਪਤ ਕਰ ਆਰਥਿਕ ਤੌਰ ਤੇ ਖੁਸ਼ਹਾਲ ਹੋਈਆਂ ਹਨ। ਉਹ ਵੀ ਆਰਥਿਕਤਾ ਤੋ ਬਿਨਾਂ ਹੋਰ ਕੋਈ ਵਿਤਕਰਿਆਂ ਦਾ ਸ਼ਿਕਾਰ ਹਨ। ਕੰਮਕਾਜੀ ਥਾਵਾਂ, ਦਫ਼ਤਰਾਂ ਤੇ ਘਰਾਂ ਵਿੱਚ ਮਰਦਾਵੀਂ ਸੱਤਾ ਆਪਣੇ ਪੂਰੇ ਰੋਹਬ ਹੇਠ ਔਰਤ ਨੂੰ ਵਿਚਰਨ ਦਿੰਦੀ ਹੈ। ਜਿਹੜੀਆਂ ਔਰਤਾਂ ਖੇਤਾਂ ਜਾਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਦਾ ਵੇਤਨਾਂ ਮਰਦਾਂ ਬਰਾਬਰ ਘੱਟ ਹੈ ਉਹ ਉੱਥੇ ਬਹੁਤ ਵਾਰੀ ਜ਼ਿਸਮਾਨੀ ਸੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਠੇਕੇਦਾਰੀ ਸਿਸਟਮ ਨੇ ਤਾਂ ਔਰਤਾਂ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਖੁਰਾਕ ਦੀ ਘਾਟ ਤੋਂ ਲੈਕੇ ਸਿਹਤ ਸੇਵਾਵਾਂ ਦੀਆਂ ਸਹੂਲਤਾਂ ਦੀ ਕਮੀ ਕਾਰਨ ਉਨਾਂ ਪੱਲੇ ਮਰਦਾਂ ਦੇ ਮੁਕਾਬਲੇ ਜਿਆਦਾ ਨਿਰਾਸ਼ਾ, ਬਿਮਾਰੀ ਤੇ ਭੈੜਾ ਆਲਾ ਦੁਆਲਾ ਹੁੰਦਾ ਹੈ।
ਔਰਤ ਦੀ ਸੁਰਖਿਆ ਦਾ ਮਸਲਾ ਸਾਡੇ ਰਾਜ-ਪ੍ਰਬੰਧ ਨਾਲ ਜੁੜਿਆ ਹੋਇਆ ਹੈ ਯੂਨੀਵਰਸਿਟੀ ਵਿੱਚ ਏਨੀ ਸਕਿਉਰਟੀ ਹੋਣ ਦੇ ਬਾਵਜੂਦ ਵੀ ਇਕੱਲੀ ਕੁੜ੍ਹੀ ਰਾਤ ਨੂੰ ਨਹੀ ਆ ਜਾ ਸਕਦੀ ਤਾਂ ਉਹ ਸੁਰਖਿਅਤ ਨਹੀ। ਇਹ ਸੁਆਲ ਸੁਰਖਿਆ-ਪ੍ਰਬੰਧ `ਤੇ ਉਂਗਲ ਰੱਖਦਾ ਹੈ ਜਿਥੇ ਪੁਲਿਸ ਤੇ ਸੁਚੇਤ ਅਧਿਕਾਰੀ ਹਨ। ਇਥੋ ਦੇਖ ਕੇ ਸਮਾਜ ਦੇ ਬਾਕੀ ਖੇਤਰਾਂ ਵਿੱਚ ਔਰਤ ਦੀ ਕੀ ਸੁਰਖਿਆ ਹੋ ਸਕਦੀ ਹੈ- ਇਹ ਪ੍ਰਸ਼ਨ ਵਾਰ-ਵਾਰ ਉਭਰਦਾ ਹੈ। ਜੇਕਰ ਗੁੰਡਾਗਰਦੀ ਇੱਕ ਸੁਰਖਿਅਕ ਮਾਹੌਲ ਵਿੱਚ ਅਸੰਭਵ ਹੈ ਤਾਂ ਸਮਾਜ ਵਿੱਚ ਫੈ਼ਲ ਰਹੀ ਗੁੰਡਾਗਰਦੀ, ਬਦਮਾਸ਼ਪੁਣਾ ਤੇ ਨਸ਼ਾਖੋਰੀ ਲਈ ਕੋਣ ਜਿੰਮੇਵਾਰ ਹੈ। ਅੱਜ ਸਾਡੀ ਧੀ, ਭੈਣ ਤੇ ਮਾਂ ਨਾ ਘਰ ਵਿੱਚ ਸੁਰਖਿਅਤ ਹੈ ਨਾ ਬਾਹਰ।
ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਔਰਤ ਦੇ ਨਾਲ ਲਿੰਗਕ ਘਟਨਾਵਾਂ ਦਾ ਪਹਿਲਾਂ ਨਾਲੋਂ ਜਿਆਦਾ ਵਾਧਾ ਹੋਇਆ ਹੈ। 2016 ਸਾਲ ਵਿੱਚ 38 ਹਜਾਰ 947 ਔਰਤਾਂ ਨਾਲ ਜਬਰ ਜਨਾਹ ਹੋਇਆ ਜਿਨਾਂ ਵਿੱਚ 36 ਹਜਾਰ 859 ਮੁਲਜ਼ਮ ਔਰਤਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਜਾਣਦੇ ਸਨ, 630 ਘਰੇਲੂ ਮੈਂਬਰ, 1087 ਪਰਿਵਾਰ ਦੇ ਨੇੜੇ ਦੇ ਵਿਅਕਤੀ 2174 ਰਿਸ਼ਤੇਦਾਰ, 10520 ਗੁਆਂਢੀ ਸਨ। ਮੱਧ ਪ੍ਰਦੇਸ਼ ਵਿੱਚ 4882 ਔਰਤਾਂ ਨਾਲ ਜਬਰ-ਜਨਾਹ ਵਿੱਚ 4803 ਮੁਲਜ਼ਮ ਪੀੜਤਾਂ ਦੇ ਜਾਣਕਾਰ ਸਨ। ਇਸ ਤਰ੍ਹਾਂ ਪਿਛਲੇ ਦਿਨੀ ਬਰਨਾਲਾ ਦੇ ਹਸਪਤਾਲ ਵਿੱਚ ਆਪਣੀ ਮਾਂ ਦੀ ਸਾਂਭ ਸੰਭਾਲ ਲਈ ਆਈ ਲੜਕੀ ਨਾਲ ਨਸ਼ੀਲੇ ਇੰਜੈਕਸ਼ਨ ਲਗਾ ਕੇ ਬਲਾਤਕਾਰ, ਨੂਰਪੂਰ ਵਿੱਚ ਫੌਜੀ ਵੱਲੋਂ ਬਲਾਤਕਾਰ, ਫਰੀਦਾਬਾਦ ਵਿੱਚ 20 ਸਾਲਾਂ ਕੁੜੀ ਨਾਲ 8 ਮੁੰਡਿਆਂ ਨੇ ਸਮੂਹਿਕ ਬਲਾਤਕਾਰ, ਆਂਧਰਾ ਪ੍ਰਦੇਸ਼ ਵਿੱਚ 9 ਸਾਲਾਂ ਲੜਕੀ ਨਾਲ 60 ਸਾਲਾ ਵਿਅਕਤੀ, ਰਿਵਾੜੀ ਵਿੱਚ ਸੀ.ਬੀ.ਐਸ.ਈ. ਬੋਰਡ ਦੀ 12ਵੀਂ ਦੀ ਟੋਪਰ ਵਿਦਿਆਰਥਨ ਨਾਲ ਬਲਾਤਕਾਰ ਤੇ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਬਲਾਕਾਰੀਆਂ ਨੇ ਇਹ ਨਵਾਂ ਢੰਗ ਲੱਭ ਲਿਆ ਕਿ ਮਾਸੂਮ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਕਰ ਦੇਣ ਦਾ। ਹਿਸਾਰ ਵਿੱਚ ਹੋਈ ਘਿਨਕਾਉਣੀ ਘਟਨਾ ਨੇ ਸਭ ਦਾ ਦਿਲ ਕੰਬਾ ਕੇ ਰੱਖ ਦਿੱਤਾ ਕਿ 17-1/2 ਸਾਲ ਦੀ ਕੁੜੀ ਦੇ ਨਾਲ ਬਲਾਤਕਾਰੀਆਂ ਨੇ ਬਲਾਤਕਾਰ ਕਰ 24 ਸੈ.ਮੀ. ਲੰਬੀ ਸਟਿਕ ਉਸ ਦੇ ਗੁਪਤ ਅੰਗ ਵਿੱਚ ਖੋਭ ਦਿੱਤੀ। ਅੱਜ ਕਲ ਅਖਬਾਰਾਂ ਦੀ ਸੁਰਖੀਆਂ ਵਿੱਚ ਫਤਿਹਪੁਰ (ਨੂਰਮਹਿਲ), ਜਗੋਵਾਲ (ਗੁਰਦਾਸਪੁਰ) ਤੇ ਪਟਿਆਲਾ ਦੀਆਂ ਲਿੰਗਕ ਘਟਨਾਵਾਂ ਛਾਈਆ ਰਹੀਆਂ ਹਨ। ਉਸੇ ਤਰ੍ਹਾਂ ਕਠੂਆ, ਦੇਵਰੀਆ, ਮੁਜ਼ਫਰਨਗਰ, ਪ੍ਰਤਾਪਗੜ੍ਹ, ਭੋਜਪੁਰ ਦੀਆਂ ਵੀ ਘਟਨਾਵਾਂ ਹਿਰਦੇ ਵਲੂੰਧਰਨ ਵਾਲੀਆਂ ਹਨ। ਜਿਸ ਦਾ ਸ਼ਿਕਾਰ ਮਾਸੂਮ ਤੇ ਜਵਾਨ ਕੁੜੀਆ ਹੋਈਆਂ ਹਨ। ਬਹੁਤ ਸਾਰੀਆਂ ਔਰਤ ਵਿਰੋਧੀ ਅਜਿਹੀਆਂ ਘਟਨਾਵਾਂ ਵੀ ਹਨ ਜਿਨ੍ਹਾਂ ਦਾ ਨਾਂ ਕੋਈ ਸਰਕਾਰੀ ਰਿਕਾਰਡ ਹੈ ਤੇ ਨਾਂ ਹੀ ਉਨਾਂ ਉਪਰ ਕੋਈ ਕਾਰਵਾਈ ਹੈ ਜਿਵੇ ਦਲਿਤ ਔਰਤਾਂ ਆਦਿ ਵਾਸੀ ਔਰਤਾਂ, ਕਸ਼ਮੀਰ ਜਾਂ ਉੱਤਰ ਪੂਰਬੀ ਰਾਜਾਂ ਵਿੱਚ ਸੁਰਖਿਆਂ ਬਲਾਂ ਦੁਆਰਾ ਲਿੰਗਕ ਸੋਸ਼ਣ ਆਦਿ। ਇੱਥੇ ਕੁੜੀਆਂ ਦੇ ਸ਼ੋਸ਼ਣ ਦਾ ਇੱਕ ਰੂਪ ਇਹ ਵੀ ਸਾਹਮਣੇ ਆਇਆ ਹੈ ਕਿ ਅਨਾਥ ਘਰਾਂ ਵਿੱਚ ਰਹਿੰਦੀਆਂ ਬੱਚੀਆਂ ਨੂੰ ਦੇਹ-ਵਪਾਰ ਵੱਲ ਧੱਕਿਆ ਜਾ ਰਿਹਾ ਹੈ। ਇਹ ਸਾਰਾ ਕੁੱਝ ਪੁਲਿਸ, ਸਿਆਸੀ ਗੱਠਜੋੜ ਹੇਠ ਹੋ ਰਿਹਾ ਹੈ। ਬਿਹਾਰ ਤੇ ਪੰਜਾਬ ਵਿੱਚੋਂ ਇਸ ਤਰ੍ਹਾਂ ਘਟਨਾਵਾਂ ਸਾਹਮਣੇ ਆਈਆਂ ਹਨ। ਮਾਸੂਮ ਬੱਚੀਆਂ, ਇੱਕਲੀਆਂ ਜਾਂਦੀਆਂ ਕੁੜੀਆਂ ਜਾਂ ਘਰਾਂ ਵਿੱਚ ਵੜ ਕੇ ਇੱਕਲੀ ਕੁੜੀ ਜਾਂ ਔਰਤ ਨਾਲ ਸ਼ਰੇਆਮ ਜਿਸਮੀ ਧੱਕਾ, ਬੱਸਾਂ, ਰੇਲਵੇ ਸਟੇਸ਼ਨ ਤੇ ਜਨਤਕ ਥਾਵਾਂ ਤੇ ਵੀ ਕੁੜੀਆਂ ਨਾਲ ਛੇੜਛਾੜ, ਭੱਦੀ ਸ਼ਬਦਾਵਲੀ ਬੋਲਣਾ, ਇਹ ਕਿਸ ਗੱਲ ਦਾ ਸਬੂਤ ਹੈ।
ਇਸ ਅਜੋਕੇ ਦੌਰ ਵਿੱਚ ਔਰਤਾਂ ਅਤੇ ਕੁੜੀਆਂ ਇੱਕ ਹੋਰ ਨਿਵੇਕਲੇ ਢੰਗ ਨਾਲ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ। ਇੱਕ ਪਾਸੇ ਬਹੁ-ਕੌਮੀ ਕੰਪਨੀਆਂ ਔਰਤ ਦੀ ਸਸਤੀ ਕਿਰਤ ਨੂੰ ਲੁੱਟਦੀਆਂ ਹਨ ਤੇ ਦੂਜੇ ਪਾਸੇ ਆਪਣੀਆਂ ਵਸਤਾਂ ਦਾ ਉਤਪਾਦ ਵੇਚਣ ਲਈ ਔਰਤ ਦੇ ਜਿਸਮ ਜਰੀਏ ਬਹੁਤ ਫਾਇਦਾ ਲੈ ਰਹੀਆਂ ਹਨ। ਔਰਤ ਅਤੇ ਕੁੜੀਆਂ ਦਾ ਜਿਸਮ ਵੀ ਮੰਡੀ ਦੀ ਵਸਤੂ ਬਣਾ ਦਿੱਤਾ ਗਿਆ ਹੈ। ਸੂੰਦਰੀ ਮੁਕਾਬਲੇ ਕਰਵਾ ਕੇ ਅਜ਼ਾਦੀ ਦਾ ਭਰਮ ਸਿਰਜ ਕੇ ਇਹ ਕੰਪਨੀਆਂ ਕੁੜੀਆਂ ਦੀ ਚੌਣ ਕਰਦੀਆਂ ਹਨ ਤੇ ਆਪਣੀ ਉਤਪਾਦ ਵੇਚਣ ਲਈ ਇਸ਼ਤਿਹਾਰਬਾਜੀ ਦਾ ਕੰਮ ਲੈਦੀਆਂ ਹਨ ਤੇ ਮੀਡੀਆ ਨੂੰ ਸਾਧਨ ਵਜੋਂ ਵਰਤਦੀਆਂ ਹਨ। ਜਦੋਂ ਅਰਧ ਨੰਗੀਆਂ ਕੁੜੀਆਂ ਵਸਤ ਦੀ ਮਸਹੂਰੀ ਦਿੰਦੀਆਂ, ਸਭ ਦਾ ਧਿਆਨ ਖਿੱਚਦੀਆਂ ਹਨ। ਏਥੇ ਕੁੜੀਆਂ ਕਠਪੁਤਲੀ ਬਣ ਕੇ ਸਰਮਾਏਦਾਰੀ/ਕੰਪਨੀਆਂ ਦੇ ਹੱਥਾਂ ਵਿੱਚ ਨੱਚਦੀਆਂ ਹਨ। ਜਿੱਥੇ ਕੰਪਨੀਆਂ ਔਰਤ/ਕੁੜੀਆਂ ਨੂੰ ਮੰਡੀ ਦੀ ਵਸਤੂ ਬਣਾ ਦਿੱਤਾ ਹੈ ਉਥੇ ਲੱਚਰ ਸਭਿਆਚਾਰ ਨੇ ਔਰਤ/ਕੁੜੀ ਨੂੰ ਭੋਗ ਦੀ ਵਸਤ ਦਿੱਤਾ ਹੈ। ਲੱਚਰ ਤੇ ਅਸ਼ਲੀਲ ਗਾਇਕੀ, ਇੰਟਰਨੈਟ ਤੇ ਆ ਰਹੀਆਂ ਕਾਮ ਭੜਕਾਊ ਫਿਲਮਾਂ ਨੇ ਨੌਜ਼ਵਾਨਾਂ/ਮਰਦਾਂ ਅੰਦਰ ਕਾਮ ਉਕਸਾਊ ਭਾਵਨਾਵਾਂ ਦਾ ਵਾਧਾ ਕਰਕੇ ਲਿੰਗਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਖਾਸ ਰੋਲ ਅਦਾ ਕੀਤਾ ਹੈ ਅਜਿਹੇ ਵਰਤਾਰੇ ਤੋਂ ਪ੍ਰਭਾਵਿਤ ਵਿਅਕਤੀ ਅਜਿਹੀਆਂ ਅਨੈਤਿਕ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਭਟਕ ਰਿਹਾ ਹੈ। ਇਸ ਪ੍ਰਬੰਧ ਨੇ ਮਨੁੱਖ ਨੂੰ ਦਿਸ਼ਾਹੀਣ ਕਰ ਦਿੱਤਾ ਹੈ। ਅਜਿਹੀ ਬਿਰਤੀ ਦੇ ਵਿਅਕਤੀ ਅੰਦਰਲੀ ਭਟਕਣ ਉਸ ਨੂੰ ਗਲਤ ਪਾਸੇ ਲਿਜਾ ਰਹੀ ਹੈ ਉਹ ਵਕਾਰਾਂ ਵਿੱਚ ਗਰਕ ਰਿਹਾ ਹੈ। ਲੱਚਰ ਗਾਇਕੀ ਨੇ ਵੀ ਵਹਿਸ਼ੀਪੁਣੇ ਵਿੱਚ ਵਾਧਾ ਕਰਨ ਲਈ ਆਪਣੀ ਭੂਮਿਕਾ ਅਦਾ ਕੀਤੀ ਹੈ ਜਿਸ ਨੇ ਮਾਨਵੀ ਰਿਸ਼ਤਿਆਂ ਵਿੱਚ ਨਿਘਾਰਤਾ ਲਿਆਂਦੀ ਹੈ। ਅਜਿਹੇ ਵਿਅਕਤੀ ਕਈ ਗਲਤ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ ਏਹੀ ਕਾਰਨ ਹੈ ਕਿ ਮਾਪੇ ਧੀਆਂ ਨੂੰ ਬਾਹਰ ਭੇਜਣ ਤੋਂ ਘਬਰਾਉਂਦੇ ਹਨ ਅਜਿਹੀਆਂ ਘਟਨਾਵਾਂ ਦੇਖ ਕੇ ਔਰਤ ਦੇ ਮਨ ਵਿੱਚ ਡਰ ਅਤੇ ਲਗਾਤਾਰ ਸਹਿਮ ਵੱਧ ਰਿਹਾ ਹੈ। ਉਹ ਡਰਦੀਆਂ ਆਪਣੀ ਅਵਾਜ਼ ਵੀ ਬੁਲੰਦ ਨਹੀਂ ਕਰ ਰਹੀਆਂ। ਜੇਕਰ ਕੁਝ ਚੇਤੰਨ ਕੁੜੀਆਂ/ਔਰਤਾਂ ਆਪਣੀ ਸਥਿਤੀ ਸੁਧਾਰਨ ਪ੍ਰਤੀ ਅੱਗੇ ਆਉਂਦੀਆਂ ਹਨ ਤਾਂ ਸਾਨੂੰ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਵਿਚ ਕਰ ਰਹੇ ਸੰਘਰਸ਼ ਪ੍ਰਤੀ ਕੁੜੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਕਿਵੇਂ ਮੱਧਯੁੱਗੀ ਬੇੜੀਆਂ ਨੂੰ ਤੋੜ ਕੇ ਬਰਾਬਰੀ ਦਾ ਝੰਡਾ ਬੁਲੰਦ ਕਰ ਸਕਦੀਆਂ ਹਨ ਇਸ ਵਿਚੋ ਹੀ ਲੋਕ ਵਿਰੋਧੀ ਪ੍ਰਬੰਧ ਨੂੰ ਵੀ ਬਦਲਣ ਦਾ ਸੁਆਲ ਆਪ ਮੁਹਾਰੇ ਸਾਹਮਣੇ ਆ ਜਾਵੇਗੀ। ਲੋਕ ਵਿਰੋਧੀ ਵਰਤਾਰੇ ਦੇ ਤਹਿਤ ਪੀਡੀ ਹੋ ਰਹੀ ਪਿਛਾਖੜੀ/ਜਗੀਰੂ ਨੋਟ ਤੇ ਲੱਚਰ ਸਭਿਆਚਾਰ ਨਾਲ ਟਕਰਣ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਹੀ ਔਰਤ ਦੀ ਸਥਿਤੀ ਵਿੱਚ ਸੁਧਾਰ ਆਵੇਗਾ। ਭਾਵੇਂ ਸਰਕਾਰ ਕਹਿ ਰਹੀ ਹੈ ਕਿ ਔਰਤ ਦੇ ਹੱਕ ਵਿੱਚ ਕਈ ਕਾਨੂੰਨ ਬਣਾਏ ਗਏ ਹਨ ਪਰ ਸੁਆਲ ਤਾਂ ਕਾਨੂੰਨਾਂ ਨੂੰ ਲਾਗੂ ਕਰਨ ਤੇ ਕਰਵਾਉਣ ਦਾ ਹੈ। ਬਲਾਤਕਾਰੀਆਂ ਨੂੰ ਸਜ਼ਾ ਦੇਣ ਦਾ ਫੈ਼ਸਲਾ ਫ਼ਾਸਟ ਟਰੈਕ ਅਦਾਲਤ ਨੂੰ ਦਿੱਤਾ ਗਿਆ ਹੈ ਪਰ ਇਸ ਦੇ ਵੀ ਛੇਤੀ ਨਤੀਜ਼ੇ ਸਾਹਮਣੇ ਨਹੀਂ ਆ ਰਹੇ।
ਔਰਤਾਂ ਖਿਲਾਫ਼ ਵੱਧ ਰਹੇ ਜੁਰਮਾਂ ਦੀ ਜੜ ਇਸ ਨਾਂ ਬਰਾਬਰੀ ਵਾਲੇ ਪ੍ਰਬੰਧ ਵਿੱਚ ਪਈ ਪਿਛਾਖੜੀ ਸੋਚ ਹੈ। ਇਸ ਸੋਚ ਦੇ ਵਿਰੁੱਧ ਅਵਾਜ਼ ਉਠਾਉਣ ਦੀ ਜਰੂਰਤ ਹੈ। ਇੱਕ ਪਾਸੇ ਲਿੰਗਕ ਬਰਾਬਰਤਾ ਲਿਆਉਣ ਲਈ ਔਰਤ ਨੂੰ ਮਰਦ ਦੇ ਬਰਾਬਰ ਕੰਮ ਕਰਨ ਦੇ ਮੌਕੇ ਦਿੱਤੇ ਜਾਣ ਤੇ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇ। ਜੋ ਔਰਤਾਂ ਘਰਾਂ ਤੋਂ ਬਾਹਰ ਕੰਮ-ਕਾਜ ਕਰਦੀਆਂ ਹਨ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇ। ਆਪਣੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਉਨ੍ਹਾਂ ਦੇ ਘਰੇਲੂ ਕੰਮਾਂ ਨੂੰ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇ। ਔਰਤ ਨੂੰ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਤੇ ਔਰਤ ਪ੍ਰਤੀ ਤੰਗਦਿਲੀ ਸੋਚ ਤੋਂ ਉੱਪਰ ਉਠ ਕੇ ਆਪਣੀ ਮਾਨਸਿਕਤਾ ਬਦਲੀ ਜਾਵੇ ਤੇ ਉਸ ਨੂੰ ਵੀ ਮਰਦ ਬਰਾਬਰ ਮਨੁੱਖ ਸਮਝਿਆ ਜਾਵੇ।
ਆਓ ਔਰਤ ਵਿਰੁੱਧ ਹਿੰਸਾ, ਜਬਰ, ਜ਼ੁਲਮ ਤੇ ਅਸ਼ਲੀਲਤਾ ਨੂੰ ਨੱਥ ਪਾਉਣ ਲਈ ਚੇਤੰਨ ਕੁੜੀਆਂ, ਔਰਤਾਂ ਨਾਲ ਮਿਲ ਕੇ ਕਰਮ ਵਧਾਈਏੇ। ਇਹ ਠੀਕ ਹੈ ਕਿ ਔਰਤ ਦੀ ਬਰਾਬਰੀ, ਔਰਤ ਦੀ ਸੁਰੱਖਿਆ ਦਾ ਸਬੰਧ ਔਰਤ-ਮੁਕਤੀ ਨਾਲ ਹੈ। ਔਰਤ ਮੁਕਤੀ ਦਾ ਸਬੰਧ ਕਿਰਤੀ ਵਰਗ ਦੀ ਮੁਕਤੀ ਨਾਲ ਜੁੜਦਾ ਹੈ। ਜਦੋਂ ਤੱਕ ਸਮਾਜ ਵਿੱਚ ਮਨੁੱਖ ਹੱਥੋ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਉਨਾਂ ਚਿਰ ਇਹ ਲਿੰਗਕ ਵਿਤਕਰਾ ਹੁੰਦਾ ਰਹੇਗਾ। ਇਹ ਸੁਵਾਲ ਦਾ ਜਵਾਬ ਆਰਥਿਕ, ਸਮਾਜਿਕ ਪ੍ਰਬੰਧ ਵਿੱਚ ਹੈ। ਇਸ ਪ੍ਰਤੀ ਚੇਤੰਨ ਹੇਣ ਲਈ ਜਰੂਰਤ ਹੈ ਕਿ ਬਰਾਬਰੀ ਦਾ ਸਮਾਜ਼ ਸਿਰਜਣ ਲਈ ਅੱਗੇ ਆਈਏ। ਜੇ ਸਮਾਜ ਵਿੱਚ ਕੁੜੀਆਂ/ਔਰਤਾਂ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਹੋ ਰਿਹਾ ਹੋਵੇ ਤਾਂ ਉਸ ਦੀ ਹਮਾਇਤ ਕਰਨਾ ਵੀ ਹਰ ਚੇਤੰਨ ਮਨੁੱਖ ਦਾ ਫਰਜ਼ ਹੈ।
ਅਸਿਸਟੈਂਟ ਪ੍ਰੋਫੈਸਰ,
ਪਬਲਿਕ ਕਾਲਜ ਸਮਾਣਾ,
ਮੋਬ: 94636-15536


No comments:
Post a Comment