Sunday, September 02, 2018

ਹਰ ਨੌਜਵਾਨ ਨੂੰ ਲਾਜ਼ਮੀ ਰੋਜ਼ਗਾਰ ਲਈ "ਬਨੇਗਾ" ਦਾ ਲਾਗੂ ਹੋਣਾ ਜ਼ਰੂਰੀ-AISF

28 ਸਤੰਬਰ ਨੂੰ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਦਾ ਜਨਮ ਦਿਹਾੜਾ
ਲੁਧਿਆਣਾ: 2 ਸਤੰਬਰ 2018: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਬਿਊਰੋ):: 
ਦੇਸ਼ ਦੀਆਂ ਨਾਜ਼ੁਕ ਸਥਿਤੀਆਂ ਵਾਲੀਆਂ ਚੁਨੌਤੀਆਂ ਨੂੰ ਕਬੂਲ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤਾਂਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦੇਖੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ।  ਅੱਜ ਲੁਧਿਆਣਾ ਵਿਖੇ ਹੋਈ ਏ ਆਈ ਐਸ ਐਫ ਦੀ ਮੀਟਿੰਗ ਨੌਜਵਾਨਾਂ ਲਈ ਰੋਜ਼ਗਾਰ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਦੀ ਪਧਰ ਵਿੱਚ ਆ ਰਹੀ ਗਿਰਾਵਟ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕਾਬਿਲ-ਏ-ਜ਼ਿਕਰ ਹੈ ਕਿ ਏ ਆਈ ਐਸ ਐਫ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਸੰਨ 2005 ਤੋਂ "ਭਗਤ ਸਿੰਘ ਨੈਸ਼ਨਲ ਇੰਪਲਾਈਮੈਂ'ਟ ਗਾਰੰਟੀ ਐਕਟ" ਬਣਾਉਣ ਦੀ ਮੰਗ ਬੜੀ ਸ਼ਿੱਦਤ ਨਾਲ ਕੀਤੀ ਜਾ ਰਹੀ ਹੈ ਕਿਓਂਕਿ ਇਸ ਮੰਗ ਦੇ ਪੂਰਾ ਹੋਣ ਨਾਲ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਸਮਾਜ ਦੀ ਬੇਚੈਨੀ ਵੀ ਘਟੇਗੀ। ਇਸ ਮਕਸਦ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਇਹਨਾਂ ਦੋਹਾਂ ਵਿਸ਼ਾਲ ਜੱਥੇਬੰਦੀਆਂ ਵੱਲੋਂ ਲੋਂਗ ਮਾਰਚ ਵੀ ਕੀਤਾ ਜਾ ਚੁੱਕਿਆ ਹੈ। ਇਹ ਲੋਂਗ ਮਾਰਚ ਕੰਨਿਆ ਕੁਮਾਰੀ ਤੋਂ ਲੈ ਕੇ ਹੁਸੈਨੀਵਾਲਾ ਤੱਕ ਕੀਤਾ ਗਿਆ ਸੀ। ਇਸ ਜੱਥੇ ਦਾ ਸਵਾਗਤ ਥਾਂ ਥਾਂ ਬੜੀ ਗਰਮਜੋਸ਼ੀ ਨਾਲ ਹੋਇਆ ਜਿਸਤੋਂ ਸਾਬਿਤ ਹੁੰਦਾ ਸੀ ਕਿ ਆਮ ਲੋਕ "ਬਨੇਗਾ? ਨੂੰ ਕਾਨੂੰਨ ਬਣਾਉਣ ਦੇ ਕਿੰਨੀ ਸ਼ਿੱਦਤ ਨਾਲ ਸੜਕਾਂ 'ਤੇ ਨਿਕਲੇ ਹਨ।  
ਅੱਜ ਵੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਇੱਕ ਜ਼ਰੂਰੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਜਨ. ਸਕੱਤਰ ਦੀਪਕ ਕੁਮਾਰ ਮਾਛੀਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਸੁਧਾਰਨ, ਰੋਜ਼ਗਾਰ ਪ੍ਰਾਪਤੀ ਲਈ ਬਨੇਗਾ ਨੂੰ ਐਕਟ ਬਣਾ ਕੇ ਲਾਗੂ ਕਰਵਾਉਣਾ ਅਤੇ ਧਰਤੀ ਹੇਠਲੇ ਪਾਣੀ ਦੇ ਘਟਦੇ ਜਾ ਰਹੇ ਪੱਧਰ ਨੂੰ ਬਚਾਉਣ ਲਈ ਵਿਚਾਰ ਚਰਚਾ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਦੀਪਕ ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਤੇ ਭਗਤ ਸਿੰਘ ਰੋਜ਼ਗਾਰ ਗਰੰਟੀ ਕਾਨੂੰਨ ਬਣਾਉਣ ਅਤੇ ਇਸਨੂੰ ਲਾਗੂ ਕਰਵਾਉਣ ਲਈ ਏ.ਆਈ.ਐਸ.ਐਫ.  ਤੇ ਏ.ਆਈ.ਵਾਈ.ਐਫ. ਦੇ ਲੁਧਿਆਣਾ, ਮੋਗਾ, ਪਟਿਆਲਾ, ਮੁਕਤਸਰ ਤੇ ਅੰਮਿ੍ਰਤਸਰ ਸਾਹਿਬ ਤੋਂ ਫੈਡਰੇਸ਼ਨਾਂ ਦੇ ਨੁਮਾਇੰਦੇ ਤੇ ਮੈਂਬਰਾਂ ਵੱਲੋਂ ਹੂਸੈਨੀਵਾਲਾ ਤੋਂ 12 ਅਗਸਤ ਨੂੰ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਇਹ ਜੱਥਾ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਹੁੰਚੇਗਾ ਜਿੱਥੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਦਿਹਾੜਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਭਾਰਤ ਸਰਕਾਰ ਤੋਂ ਮੰਗ ਕਰ ਰਹੀ ਹੈ ਤੇ ਇਸ ਬਨੇਗਾ ਨੂੰ ਕਾਨੂੰਨ ਬਣਾ ਕੇ ਇਸਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਹਰ ਨੌਜਵਾਨ ਨੂੰ ਲਾਜ਼ਮੀ ਰੋਜ਼ਗਾਰ ਮਿਲ ਸਕੇ।
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਫੈਡਰੇਸ਼ਨ ਦੇ ਜ਼ਿਲਾ ਉਪ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਸਹੀ ਸਹੂਲਤਾਂ ਨਾ ਮਿਲਣ ਕਾਰਨ ਪੇਡੂ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ ਕਿਉਂਕਿ ਪਿੰਡਾਂ ਦੇ ਜੋ ਹੋਣਹਾਰ ਵਿਦਿਆਰਥੀ ਚੰਗੀ ਵਿੱਦਿਆ ਪ੍ਰਾਪਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਸਨ ਅੱਜ ਉਹ ਇਨ੍ਹਾਂ ਸਕੂਲਾਂ ਵਿਚ ਸਹੀ ਸਹੂਲਤਾਂ ਨਾ ਹੋਣ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਇਨ੍ਹਾਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿਚ ਪੜ੍ਹਾਈ ਦਾ ਪੱਧਰ ਸੁਧਰਨ ਦੇ ਦਾਅਵੇ ਕਰਦੀਆਂ ਹਨ ਪਰ ਜਮੀਨੀ ਪੱਧਰ ਤੇ ਹਾਲਾਤ ਕੁਝ ਹੋਰ ਹੀ ਹਨ ਤੇ ਸਹੀ ਸਹੂਲਤਾਂ ਨਾ ਮਿਲਣ ਕਾਰਨ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਜਿਸ ਕਾਰਨ ਕਈ ਸਕੂਲ ਬੰਦ ਹੋ ਚੁੱਕੇ ਹਨ ਤੇ ਕਈ ਬੰਦ ਹੋਣ ਕਿਨਾਰੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਕੂਲਾਂ ਵਿਚ ਪੇਂਡੂ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਜੋ ਮਾਪੇ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਮਹਿੰਗੀ ਪੜ੍ਹਾਈ ਨਹੀਂ ਕਰਵਾ ਸਕਦੇ ਉਹ ਇਨ੍ਹਾਂ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾ ਸਕਣ। ਇਸ ਤੋਂ ਇਲਾਵਾ ਮੀਟਿੰਗ ਵਿਚ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਤੇ ਵੀ ਵਿਚਾਰ ਚਰਚਾ ਕੀਤੀ ਗਈ ਤੇ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਦੇ ਘਟ ਰਹੇ ਪੱਧਰ ਨੂੰ ਬਚਾਉਣ ਲਈ ਸਤਲੁਜ ਦਰਿਆ ਤੇ ਵਾਟਰ ਬੈਂਕ ਬਣਾਇਆ ਜਾਵੇ ਤਾਂ ਜੋ ਬਾਰਿਸ਼ ਦੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਵਿਚ ਮੱਦਦ ਮਿਲ ਸਕੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਅਰੁਣ ਮਿੱਤਰਾ ਸਹਾਇਕ ਸਕੱਤਰ ਸੀਪੀਆਈ, ਜ਼ਿਲ੍ਹਾ ਉਪ ਪ੍ਰਧਾਨ ਮਨਪ੍ਰੀਤ ਕੌਰ, ਕੈਸ਼ੀਅਰ ਸੌਰਵ ਯਾਦਵ, ਮੈਂਬਰ ਪ੍ਰਦੀਪ ਕੁਮਾਰ ਤੇ ਲਲਿਤ ਕੁਮਾਰ ਆਦਿ ਵੀ ਸ਼ਾਮਿਲ ਸਨ।

No comments: