Thursday, August 09, 2018

ਅਕਾਲੀਦਲ 2020 ਦੇ ਰੈਫਰੈਂਡਮ ਬਾਰੇ ਆਪਣਾ ਪੱਖ ਸਪਸ਼ਟ ਕਰੇ

ਮਜ਼ਦੂਰ ਵਿਰੋਧੀ ਅਤੇ ਅੱਤ ਦੀ ਫਿਰਕੂ ਮੋਦੀ ਸਰਕਾਰ ਨੂੰ ਗੱਦੀਓੰ ਲਾਹੁਣ ਦੇ ਲਈ ਲਾਮਬੰਦ ਹੋਵੋ-ਏਟਕ
ਲੁਧਿਆਣਾ: 9 ਅਗਸਤ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ): 
ਸੀਪੀਆਈ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਅਕਾਲੀਦਲ ਨੂੰ ਚੁਨੌਤੀ ਦੇਂਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਅਕਾਲੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ 2020 ਦਾ ਰੈਫਰੈਂਡਮ ਕਰਵਾ ਰਹੇ ਖਾਲਿਸਤਾਨੀਆਂ ਨਾਲ ਹਨ ਜਾਂ ਹਿੰਦੋਸ੍ਤਾਨ ਦੇ ਦੇਸ਼ ਭਗਤਾਂ ਨਾਲ ਖੜੇ ਹਨ? ਜ਼ਿਕਰਯੋਗ ਹੈ ਕਿ ਅਕਾਲੀਦਲ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਿੱਚ ਭਾਈਵਾਲ ਹੈ ਇਸ ਲਈ ਅਕਾਲੀਦਲ ਦੀ ਇਸ ਮੁਦੇ ਉੱਪਰ ਖਾਮੋਸ਼ੀ ਕਈ ਸੁਆਲ ਖੜੇ ਕਰਦੀ ਹੈ।  ਇਸ ਮੌਕੇ ਤੇ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ। ਸਮਾਜ ਵਿੰਚ ਭੀੜਾਂ ਰਾਹੀਂ ਕਤਲੋਗਾਰਤ ਅਤੇ ਤੋੜਫੋੜ ਦਾ ਸਭਿਆਚਾਰ ਪੈਦਾ ਕਰਕੇ ਸਰਕਾਰ ਵਲੋਂ ਅਰਹਾਜਕਤਾ ਪੈਦਾ ਕੀਤੀ ਜਾ ਰਹੀ ਹੈ। ਹਾਪੁੜ ਅਤੇ ਅਲਵਰ ਵਿੱਚ ਦੀਆਂ ਘਟਨਾਵਾਂ ਦੇ ਜੋ ਤੱਥ ਹੁਣ ਸ੍ਹਾਮਣੇ ਆਏ ਹਨ ਉਹਨਾ ਨੇ ਤਾਂ ਭਾਜਪਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੁੱਜਫਰਪੁਰ ਦੇ ਸੈਲਟਰ ਹੋਮ ਦੀ ਘਟਨਾਂ ਤੇ ਪਰਧਾਨ ਮੰਤਰੀ ਦੀ ਚੁੱਪੀ ਇਹਨਾਂ ਦੀ ਸੋਚ ਨੂੰ ਉਜਾਗਰ ਕਰਦੀ ਹੈ। ਇਸ ਮੌਕੇ ਡਾਕਟਰ ਜੋਗਿੰਦਰ ਦਿਆਲ ਨੇ ਰਾਫੇਲ ਸੌਦੇ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਏਨੇ ਵੱਡੇ ਘੋਟਾਲੇ ਬਾਰੇ ਮੋਦੀ ਸਰਕਾਰ ਦੀ ਖਾਮੋਸ਼ੀ ਬਹੁਤ ਹੀ ਭੇਦਪੂਰਨ ਹੈ। ਜ਼ਿਕਰਯੋਗ ਹੈ ਕਿ ਅੱਜ  9 ਅਗਸਤ ਨੂੰ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗ੍ਰਸ -ਏਟਕ ਅਤੇ ਪੰਜਾਬ  ਖੇਤ ਮਜਦੂਰ ਵਲੋਂ ਦੇਸ ਵਿਆਪੀ ਮੁਹਿੰਮ ਦੇ ਤਹਿਤ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ ਕਰਨ ਅਤੇ 2019 ਵਿੱਚ ਆਉਦੀਆਂ ਚੋਣਾਂ ਵਿੱਚ ਇਹਨਾਂ  ਨੂੰ ਖਦੇੜ ਦੇਣ ਦੇ ਮੰਤਵ ਦੇ ਨਾਲ ਲੋਕ ਲਾਮਬੰਦੀ ਲਈ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਤੇ ਇੱਕ ਜੋਰਦਾਰ ਮੁਜਾਹਰਾ ਕੀਤਾ ਗਿਆ। ਬਾਅਦ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। 
ਸੁਧਾਰਾਂ ਦੇ ਨਾਂ ਤੇ ਕੋਡ ਆਫ ਵੇਜਿਜ 2017 ਦਾ ਬਿੱਲ ਲਿਆਉਣ ਨਾਲ ਤਣਖਾਹਾਂ ਨੂੰ ਸਮੇਂ ਸਮੇਂ ਸਿਰ ਸੋਧਣ ਦਾ ਕੰਮ ਬੰਦ ਹੋ ਜਾਏਗਾ, ਦਿਹਾੜੀ ਦੀ ਥਾਂ ਤੇ ਤਨਖਾਹ ਘੰਟਿਆਂ ਦੇ ਹਿਸਾਬ ਨਾਲ ਦਿੱਤੀ ਜਾਏਗੀ, ਸਰਕਾਰੀ ਨੌਕਰੀਆਂ ਖਤਮ ਕਰਕੇ ਸਾਰੇ ਕੰਮ ਠੇਕੇ ਤੇ ਦਿੱਤੇ ਜਾਣਗੇ,  ਮਹਿੰਗਾਈ ਭੱਤਾ ਜਾਮ ਕਰ ਦਿੱਤਾ ਜਾਏਗਾ ਜਿਸ ਨਾਲ ਤਨਖਾਹਾਂ ਅਤੇ ਪੈਨਸਨਾਂ ਤੇ ਸੱਟ ਵੱਜੇਗੀ। ਇਹਨਾਂ ਦਾ ਵਿਰੋਧ ਕਰਨ ਦੇ ਲਈ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰਿਵਾਰ ਦੀ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ। 
ਖੇਤ ਮਜਦੂਰ ਸਭਾ ਦੇ ਕੌਮੀ ਡਿਪਟੀ ਜਨਰਲ ਸਕੱਤਰ ਕਾ: ਗੁਲਜਾਰ ਗੋਰੀਆ ਨੇ ਖੇਤ ਮਜਦੂਰਾਂ ਦੀ ਮੰਦੀ ਹਾਲਤ ਤੇ ਗੰਭੀਰ ਚਿੰਤਾ ਪਰਗਟ ਕਰਦਿਆਂ ਕਿਹਾ ਕਿ ਖੇਤ ਮਜਦੂਰਾਂ ਵਿੱਚ ਆਤਮ ਹੱਤਿਆਵਾਂ ਦੀ ਗਿਣਤੀ ਵੱਧ ਰਹੀ ਹੈ। ਉਹਨਾ ਵਿਚੋਂ ਵਧੇਰੇ ਤਾਂ ਅੱਤ ਦੀ ਆਰਥਿਕ ਕਮਜੋਰੀ ਵਿੱਚ ਰਹਿ ਰਹੇ ਹਨ। 
ਕਾਮਰੇਡ ਡੀ ਪੀ ਮੌੜ-ਮੀਤ ਪਰਧਾਨ ਏਟਕ ਪੰਜਾਬ  ਨੇ ਬੋਲਦਿਆਂ  ਨੇ ਕਿਹਾ ਕਿ ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ ਤੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੁੱਚੇ ਕਾਨੂੰਨ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ।  ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ। ਹਾਲਾਤ ਇੱਨੇਂ ਬਦਤਰ ਹੋ ਗਏ ਹਨ ਕਿ ਡਾਕਟਰਾਂ ਤੇ ਅਧਿਆਪਕਾਂ ਨੂੰ ਵੀ ਠੇਕੇ ਤੇ ਰੱਖਿਆ ਜਾ ਰਿਹਾ ਹੈ। 
ਹੋਰਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ: ਅਰੁਣ ਮਿੱਤਰਾ,  ਐਮ ਐਸ ਭਾਟੀਆ, ਬੈਂਕ ਯੂਨੀਅਨ ਆਗੂ, ਹੌਜਰੀ ਯੂਨੀਅਨ ਆਗੂ ਰਾਮ ਪਰਤਾਪ, ਲਲਿਤ ਕੁਮਾਰ ਤੇ ਰਾਮਰੀਤ, ਮਿਸਤ੍ਰੀ ਮਜਦੂਰ ਯੂਨੀਅਨ ਦੇ ਕਾਮੇਸਵਰ ਤੇ ਰਾਮ ਚੰਦਰ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਚਰਨ ਸਰਾਭਾ, ਮੇਵਾ ਸਿੰਘ, ਭਗਵਾਨ ਸਿੰਘ, ਪਰਿੰਸੀਪਲ ਜਗਜੀਤ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ ਕੋਹਲੀ, ਕਾਮਰੇਡ ਵਿਜੈ, ਕਾਮਰੇਡ ਹਰਬੰਸ ਸਿੰਘ, ਕਾਮਰੇਡ ਰਣਧੀਰ ਸਿੰਘ, ਕਾਮਰੇਡ ਮਨਜੀਤ ਗਿੱਲ, ਕਾਮਰੇਡ ਕੇਵਲ ਸਿੰਘ ਬਨਵੈਤ, ਬੀਬੀ ਸੰਦੀਪ ਸ਼ਰਮਾ, ਬੀਬੀ ਜਸਵਿੰਦਰ ਕੌਰ, ਕਰਤਾਰ ਰਾਮ, ਅਵਤਾਰ ਛਿੱਬੜ, ਕਾਮਰੇਡ ਰਾਮਾਧਾਰ ਸਿੰਘ, ਆਦਿ  ਸ਼ਾਮਿਲ ਸਨ। 

No comments: