Thursday, August 09, 2018

ਸਨਮਾਨ ਵਜੋ 'ਬੰਨੀ ਬਨਾਈ ਦਸਤਾਰ' ਭੇਂਟ ਕਰਨ ਦਾ ਮਾਮਲਾ ਗਰਮਾਇਆ

ਗੈਰ ਪੰਥਕ ਵਰਤਾਰੇ ਉੱਪਰ ਪਾਬੰਦੀ ਲਗਾਉਣ ਦੀ ਮੰਗ ਤੇਜ਼ 
ਕਈ ਦਹਾਕੇ ਪਹਿਲਾਂ ਇੱਕ ਆਮ ਰਿਵਾਜ ਹੁੰਦਾ ਸੀ। ਤੜਕਸਾਰ ਡਿਊਟੀਆਂ 'ਤੇ ਜਾਣ ਵਾਲੇ ਲੋਕ ਅਕਸਰ ਐਤਵਾਰ ਦਾ ਦਿਨ ਮਾਇਆ ਲੱਗੀਆਂ ਪੱਗਾਂ ਬੰਨਣ-ਬੰਨਵਾਉਣ ''ਤੇ ਲਾਉਂਦੇ ਸਨ। ਹਫਤੇ ਦੀਆਂ ਦੋ-ਚਾਰ-ਜਾਂ ਫਿਰ ਪੂਰੀਆਂ ਸੱਤ ਪੱਗਾਂ ਬੰਨ ਲਈਆਂ ਜਾਂਦੀਆਂ ਸਨ ਫਿਰ ਤੜਕੇ ਤੜਕੇ ਡਿਊਟੀ 'ਤੇ ਜਾਂਦਿਆਂ ਉਸ ਨੂੰ ਟੋਪੀ ਵਾਂਗ ਸਿਰ 'ਤੇ ਰੱਖ ਲਿਆ ਜਾਂਦਾ ਸੀ। ਦੁਪਹਿਰ ਅਤੇ ਰਾਤ ਨੂੰ ਸੋਣ ਵੇਲੇ ਉਸਨੂੰ ਫਿਰ ਲਾਹ ਲਿਆ ਜਾਂਦਾ ਸੀ। ਕਈ ਵਿਅਕਤੀ ਇੱਕ ਤੋਂ ਵਧ ਬੰਨੀਆਂ ਬੰਨਾਈਆਂ ਪੱਗਾਂ ਆਪਣੀ ਕਾਰ ਵਿੱਚ ਨਾਲ ਰੱਖਦੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ ਇਸ ਰੁਝਾਣ ਨੂੰ ਠੱਲ ਪਈ ਪਰ ਬਾਅਦ ਵਿੱਚ ਉੰਨ ਵਗੈਰਾ ਦੀਆਂ ਬਣੀਆਂ ਬਣਾਈਆਂ ਪੱਗਾਂ ਵਰਗੀਆਂ ਟੋਪੀਆਂ ਦਾ ਫੈਸ਼ਨ ਚੱਲ ਪਿਆ। ਕੁਲ ਮਿਲਾ ਕੇ ਇਹ ਸਭ ਦਸਤਾਰ ਦੀ ਸ਼ਕਤੀ ਉੱਤੇ ਇੱਕ ਸੂਖਮ ਹਮਲਾ ਸੀ ਜਿਸ ਨਾਲ ਸਿੱਖੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਹੁਣ ਤਲਵਾਰ ਅਤੇ ਸਿਰੋਪੇ ਦੀ ਸੁਗਾਤ ਵਾਂਗ ਬੰਨੀ ਬੰਨਾਈ ਪੱਗ ਸਿਆਸੀ ਸਟੇਜਾਂ ਦੀ ਖੇਡ ਬਣ ਗਈ ਹੈ। ਇਸ ਗੈਰ ਸਿੱਖੀ ਵਰਤਾਰੇ ਵਿਰੁਧ ਬਠਿੰਡਾ ਤੋਂ ਉਭਰ ਰਹੇ ਪੱਤਰਕਾਰ ਜਸਪਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਹੈ ਜਿਸਦੀ ਕਾਪੀ ਉਹਨਾਂ ਨੇ ਪੰਜਾਬ ਸਕਰੀਨ ਨੂੰ ਵੀ ਭੇਜੀ ਹੈ। ਇਸ ਪੱਤਰ ਨੂੰ ਇਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 
ਲੇਖਕ ਜਸਪਰੀਤ ਸਿੰਘ 
ਪੰਜਾਬ ਸੂਬੇ ਦੀ ਸਿਆਸਤ ਦੌਰਾਨ ਹੋਣ ਵਾਲੇ ਸਿਆਸੀ ਇਜਲਾਸਾਂ ਦੇ ਦੌਰਾਨ ਗੁਰੂ ਸਾਹਿਬ ਦੁਆਰਾ ਦਿੱਤੀ ਗਈ ਅਦੁੱਤੀ ਵਿਰਾਸਤ 'ਦਸਤਾਰ' ਨੂੰ ਮਹਿਜ ਰਾਜਨੀਤਿਕ ਹਥਿਆਰ ਵਜੋ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਬਹੁਤ ਹੀ ਨੀਚ ਕਦਮ ਹੈ ਸਿੱਖ ਰਹਿਤ ਮਰਿਆਦਾ ਅਨੁਸਾਰਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟ ਹੋਏ ਮਰੇਕਥਨ ਰਾਹੀਂ ਸਿੱਖਾਂ ਨੂੰ ਟੋਪੀ ਪਾਉਣ ਤੋਂ ਸਖਤ ਮਨਾਹੀ ਕੀਤੀ ਗਈ ਹੈ ਇਸਦੇ ਬਾਵਜੂਦ ਸਾਡੇ ਲਾਲਚੀ ਰਾਜਸੀ ਨੇਤਾ ਸ਼ਰੇਆਮ ਰੈਲੀਆਂ ਦੇ ਵਿੱਚ ਕਿਸੇ ਵੀ ਬਾਹਰੋ ਆਏ ਕੇਂਦਰੀ ਜਾਂ ਹੋਰ ਸੂਬਿਆਂ ਦੇ ਨੇਤਾਵਾਂ, ਇੱਥੋਂ ਤੱਕ ਕਿ ਵਿਦੇਸ਼ੀਆਂ ਦੇ ਸਿਰ 'ਤੇ ਵੀ 'ਬੰਨੀ ਬਨਾਈ ਟੋਪੀ ਨੁਮਾ ਪੱਗ' ਲਿਆ ਕੇ ਰੱਖ ਦਿੰਦੇ ਹਨ, ਇਹ ਸਾਡੀ ਦਸਤਾਰ ਦਾ ਅਪਮਾਨ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਸਪ੍ਰੀਤ ਸਿੰਘ (27) ਨਿਵਾਸੀ ਬਠਿੰਡਾ ਨੇ ਕੀਤਾ ਜਿਸਨੇ ਕਿ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਖੱਤ ਲਿਖ ਕੇ ਇਸ ਅਖੌਤੀ ਰਸਮ ਦੇ ਉੱਪਰ ਪਾਬੰਧੀ ਲਗਾਉਣ ਦੀ ਮੰਗ ਕੀਤੀ ਹੈ 
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲ਼ੇ ਦੋ-ਤਿੰਨ ਸਾਲਾਂ ਤੋਂ ਲਗਾਤਾਰ ਰੈਲੀਆਂ ਦੌਰਾਨ ਹੁੰਦਾ ਦਸਤਾਰ ਦਾ ਅਪਮਾਨ ਵੇਖ ਰਿਹਾ ਸੀ ਅਤੇ ਆਸ ਕਰ ਰਿਹਾ ਸੀ ਕਿ ਕੋਈ ਸਿੱਖ ਨੇਤਾ, ਜੱਥੇਦਾਰ ਜਾਂ ਸੰਸਥਾ ਇਸ ਗੰਭੀਰ ਮੁੱਦੇ ਬਾਰੇ ਜਰੂਰ ਚਿੰਤਾ ਪ੍ਰਗਟਾਉਣਗੇ ਪ੍ਰੰਤੂ ਅਜਿਹਾ ਨਹੀਂ ਹੋਇਆ ਪਿਛਲ਼ੇ ਦਿਨੀ ਜਦੋਂ ਦੇਸ਼ ਦੇ ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਲੋਟ ਰੈਲੀ ਦੌਰਾਨ ਦਸਤਾਰ ਦੀ ਬੇਅਦਬੀ ਹੋਣ ਦੇ ਮਾਮਲੇ ਨੇ ਇੰਨਾਂ ਤੂਲ ਫੜਿਆ ਤਾਂ ਉਸਨੂੰ ਪੂਰੀ ਆਸ ਸੀ ਕਿ ਇਸ ਵਾਰ ਤਾਂ ਸਿੱਖ ਪੰਥ ਇਸ ਵਿਸ਼ੇ ਨੂੰ ਜਰੂਰ ਕਰੜੇ ਹੱਥੀ ਲਵੇਂਗੀ ਪਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸ ਨੇ ਇਹ ਖੱਤ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਤਾਂ ਜੋ ਕੌਮ ਦੇ ਅਦੁੱਤੀ ਅੰਗ ਦਾ ਸਤਿਕਾਰ ਬਰਕਰਾਰ ਰੱਖਿਆ ਜਾ ਸਕੇ। ਜਸਪ੍ਰੀਤ ਸਿੰਘ ਨੇ ਇੱਛਾ ਪ੍ਰਗਟਾਈ ਕਿ ਜੇ ਕੋਈ ਸੱਚੀਂਓ ਦਸਤਾਰ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦਾ ਹੈ ਤਾਂ ਉਹ 5 ਮਿੰਟ ਦਾ ਸਮਾਂ ਕੱਢ ਕੇ ਇੱਕ ਸਿੰਘ ਤੋਂ ਅਸਲ ਰੂਪ ਵਿੱਚ ਦਸਤਾਰ ਨੂੰ ਆਪਣੇ ਸਿਰ 'ਤੇ ਸਜਾ ਸਕਦਾ ਹੈ
ਬੇਨਤੀ ਕਰਤਾ ਜਸਪ੍ਰੀਤ ਸਿੰਘ ਮੁਤਾਬਿਕ ਉਹ 22 ਜੁਲਾਈ ਦੀ ਮਿਤੀ ਹੇਠ ਇਹ ਖੱਤ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਲਿਖ ਚੁੱਕਿਆ ਹੈ ਜੋ ਕਿ ਹੁਣ ਤੱਕ ਸਬੰਧਿਤ ਪਤਿਆ 'ਤੇ ਪਹੁੰਚ ਚੁੱਕੀਆਂ ਹੋਣਗੀਆਂ ਅਤੇ ਨਾਲ ਹੀ ਉਸ ਵੱਲੋਂ ਕਮੇਟੀ ਦੀ ਰਜਿਸਟਰਡ ਈਮੇਲ ਆਈਡੀ ਰਾਹੀਂ ਵੀ ਇਹ ਅਰਜ਼ੀ ਘੱਲੀ ਗਈ ਸੀ ਜਸਪ੍ਰੀਤ ਸਿੰਘ ਨੇ ਸਾਰੀ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਸਾਰੀਆਂ ਸਿੱਖ ਜੱਥੇਬੰਦੀਆਂ ਇਸ ਮੁੱਦੇ ਤੇ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਅੱਗੇ ਆਉਣ ਅਤੇ ਲਿਖਤੀ ਪੱਤਰ ਜਾਂ ਹੋਰ ਕਿਸੇ ਹੋਰ ਮਾਧਿਅਮ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਉੱਪਰ ਗੌਰ ਕਰਨ ਦੀ ਅਰਜੋਈ ਕਰਨ ਇਸਦੇ ਨਾਲ ਹੀ ਇਹ ਵੀ ਬੇਨਤੀ ਕਰਨੀ ਚਾਹਾਂਗੇ ਕਿ ਸਰੋਪਾ ਸਾਹਿਬ ਭੇਂਟ ਕਰਣ ਸਮੇਂ ਵੀ ਵਾਚਿਆ ਜਾਵੇ ਕਿ ਸਾਹਮਣੇ ਵਾਲਾ ਵਿਅਕਤੀ ਗੁਟਖਾ ਜਾਂ ਸਿਗਰਟਨੋਸ਼ੀ ਦਾ ਆਦੀ ਨਾ ਹੋਵੇ, ਤਾਂ ਜੋ ਉਹ ਵਿਅਕਤੀ ਸਰੋਪਾ ਸਾਹਿਬ ਪ੍ਰਾਪਤ ਕਰਨ ਤੋਂ ਬਾਅਦ ਇਸ ਪ੍ਰਕਾਰ ਦੀ ਗਲਤੀ ਕਰਦਾ ਨਾ ਪਾਇਆ ਜਾਵੇ
ਬੇਨਤੀ ਕਰਤਾ ਜਸਪ੍ਰੀਤ ਸਿੰਘ
(ਸੰਪਰਕ: 9988646091)


ਡੈਸਕ ਇਨਪੁਟ:
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀ ਅਤੇ ਪ੍ਰ੍ਸਿੱਧ ਪੱਤਰਕਾਰ ਸਰਦਾਰ ਭਰਪੂਰ ਸਿੰਘ ਬਲਬੀਰ ਇੱਕ ਸ਼ੇਅਰ ਅਕਸਰ ਗੁਣਗੁਣਾਇਆ ਕਰਦੇ ਸਨ:
ਝੁਕ ਕਰ ਸਲਾਮ ਕਰਨੇ ਮੈਂ ਕਿਆ  ਹਰਜ ਹੈ ਮਗਰ;
ਸਰ ਇਤਨਾ ਮਤ  ਝੁਕਾਓ ਕਿ ਦਸਤਾਰ ਗਿਰ ਪੜੇ!
ਕਾਸ਼ ਸਿੱਖਾਂ ਦੀ ਮੌਜੂਦਾ ਲੀਡਰਸ਼ਿਪ ਦੇ ਕੰਨੀ ਉਹ ਗੁਣਗੁਣਾਹਟ ਪੈ ਸਕੇ---

No comments: