ਵੈਟਨਰੀ ਯੂਨੀਵਰਸਿਟੀ ਵਿਖੇ ਆਰੰਭ ਹੋਈ ਵਰਕਸ਼ਾਪ
ਲੁਧਿਆਣਾ: 10 ਜੁਲਾਈ 2018 (ਐਮ ਐਸ ਭਾਟੀਆ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚਾਰ ਦਿਨਾਂ ਅੰਤਰ-ਰਾਸ਼ਟਰੀ ਕਾਰਜਸ਼ਾਲਾ ਦਾ ਉਦਘਾਟਨ ਸ. ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਵਿਭਾਗ ਨੇ ਕੀਤਾ।ਇਸ ਕਾਰਜਸ਼ਾਲਾ ਦਾ ਵਿਸ਼ਾ ਹੈ ’ਐਂਟੀਬਾਇਟਿਕ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਕਾਰਣ ਹੁੰਦੇ ਨੁਕਸਾਨ ਨੂੰ ਘਟਾਉਣ ਸੰਬੰਧੀ ਨੀਤੀਆਂ’।ਸ. ਸਿੱਧੂ ਨੇ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੇ ਸਮਾਜ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਐਂਟੀਬਾਇਟਿਕ ਦਵਾਈਆਂ ਦੀ ਵਧੇਰੇ ਵਰਤੋਂ ਜਾਂ ਗ਼ਲਤ ਵਰਤੋਂ ਨਾਲ ਜਿਥੇ ਪਸ਼ੂਆਂ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਉਥੇ ਮਨੁੱਖੀ ਸਿਹਤ ਲਈ ਵੀ ਇਹ ਨੁਕਸਾਨਦਾਈ ਹੈ। ਉਨ੍ਹਾਂ ਨੇ ਵਿਗਿਆਨੀਆਂ ਨੁੰ ਇਸ ਸਮੱਸਿਆ ਦੇ ਹੱਲ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ।ਇਸ ਕਾਰਜਸ਼ਾਲਾ ਵਿਚ 55 ਖੋਜਕਾਰ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚੋਂ 18 ਖੋਜੀ 15 ਵਿਭਿੰਨ ਮੁਲਕਾਂ ਤੋਂ ਆਏ ਹੋਏ ਹਨ।
ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ ਨੇ ਕਿਹਾ ਕਿ ਬਿਮਾਰੀਆਂ ’ਤੇ ਕਾਬੂ ਨਾ ਪਾਏ ਜਾਣ ਦੀ ਸੂਰਤ ਵਿਚ ਬਹੁਤ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਅੰਤਰ-ਦੇਸੀ ਇਲਾਜ ਢਾਂਚਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਿਸੇ ਇਕੱਲੇ ਮੁਲਕ ਦਾ ਮਸਲਾ ਨਹੀਂ ਬਲਕਿ ਪੂਰੇ ਵਿਸ਼ਵ ਲਈ ਚੁਣੌਤੀ ਹੈ।
ਡਾ. ਅਰੁਣ ਕੁਲਸ਼੍ਰੇਸ਼ਠ, ਮਹਾਂਨਿਰਦੇਸ਼ਕ ਸਾਇੰਸ ਅਤੇ ਤਕਾਨਲੋਜੀ ਸੈਂਟਰ, ਨਵੀਂ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਐਂਟੀਬਾਇਟਿਕ ਪ੍ਰਤੀਰੋਧਕ ਸਮੱਸਿਆ ਬਹੁਤ ਖਤਰਨਾਕ ਢੰਗ ਨਾਲ ਵਧ ਰਹੀ ਹੈ ਅਤੇ ਵਿਕਾਸਸ਼ੀਲ ਦੇਸ਼ਾਂ ’ਤੇ ਇਸ ਦਾ ਜ਼ਿਆਦਾ ਅਸਰ ਪੈ ਰਿਹਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਾਰਜਸ਼ਾਲਾ ਚੰਗੇ ਅਤੇ ਕਾਰਗਰ ਉਪਾਅ ਲੱਭਣ ਵਾਲੇ ਪਾਸੇ ਇਕ ਕਦਮ ਹੋਰ ਵਧਾਏਗੀ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦਾ ਸੰਸਥਾਨ ਖੋਜ ਲਈ ਵਿਭਿੰਨ ਮੁਲਕਾਂ ਦੇ ਖੋਜੀਆਂ ਨੂੰ ਵਿਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ।
ਕਾਰਜਸ਼ਾਲਾ ਦੇ ਪ੍ਰਬੰਧਕੀ ਸਕੱਤਰ, ਡਾ. ਤੇਜਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੱਤੀ ਕਿ ਨਾਮਵਰ ਸੰਸਥਾਵਾਂ ਜਿਵੇਂ ਪੀ ਜੀ ਆਈ ਚੰਡੀਗੜ੍ਹ, ਦਯਾਨੰਦ ਮੈਡੀਕਲ ਕਾਲਜ ਲੁਧਿਆਣਾ, ਬਿਹਾਰ ਵੈਟਨਰੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਇਸ ਕਾਰਜਸ਼ਾਲਾ ਦੌਰਾਨ ਐਂਟੀਬਾਇਟਿਕ ਪ੍ਰਤੀਰੋਧਕ ਸਮੱਸਿਆਵਾਂ ਸੰਬੰਧੀ ਲੈਕਚਰ ਦੇਣਗੇ ਅਤੇ ਇਸ ਦੇ ਨੁਕਸਾਨ ਨੂੰ ਘਟਾਉਣ ਸੰਬੰਧੀ ਵਿਚਾਰ ਰੱਖਣਗੇ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵੀ ਇਸ ਮੁੱਦੇ ਦੇ ਵਰਤਮਾਨ ਪਹਿਲੂਆਂ ਸੰਬੰਧੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪਰਿਪੇਖ ਤੋਂ ਗੱਲ ਕੀਤੀ।ਕਾਰਜਸ਼ਾਲਾ ਦੇ ਸੰਯੋਜਕ, ਡਾ. ਏ ਕੇ ਅਰੋੜਾ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਇਸ ਖੇਤਰ ਵਿਚ ਚੰਗਾ ਨਿੱਗਰ ਖੋਜ ਕਾਰਜ ਕਰ ਰਹੀ ਹੈ ਜਿਸ ਦੇ ਬੜੇ ਹਾਂ-ਪੱਖੀ ਨਤੀਜੇ ਮਿਲ ਰਹੇ ਹਨ।
No comments:
Post a Comment