Sunday, July 22, 2018

ਸਾਹਨੇਵਾਲ ਏਅਰਪੋਰਟ ਤੋਂ ਹੁਣ ਹਰ ਐਤਵਾਰ ਦਿੱਲੀ ਲਈ ਉਡਾਰੀ ਭਰੇਗਾ ਏਅਰਕ੍ਰਾਫਟ

29 ਜੁਲਾਈ ਤੋਂ ਹਰ ਐਤਵਾਰ ਨੂੰ ਵੀ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ
ਲੁਧਿਆਣਾ: 21 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਸਾਹਨੇਵਾਲ ਏਅਰਪੋਰਟ ਤੋਂ ਹੁਣ ਅਲਾਇੰਸ ਏਅਰ ਦਾ 72-ਸੀਟਰ ਏਅਰਕ੍ਰਾਫਟ ਏ. ਟੀ. ਆਰ.-72 ਲੁਧਿਆਣਾ-ਦਿੱਲੀ ਲਈ ਹਫਤੇ ਵਿਚ 5 ਦਿਨ ਉਡਾਰੀ ਭਰੇਗਾ। ਮਹਾਨਗਰ ਦੇ ਕਾਰੋਬਾਰੀਆਂ ਅਤੇ ਨਿਰਯਾਤਕਾਂ ਦੀ ਭਾਰੀ ਮੰਗ ’ਤੇ ਅਲਾਇੰਸ ਏਅਰ 29 ਜੁਲਾਈ 2018 ਤੋਂ ਹਫਤੇ ਦੇ ਹਰ ਐਤਵਾਰ ਨੂੰ ਵੀ ਲੁਧਿਆਣਾ ਤੋਂ ਦਿੱਲੀ (ਅਪ-ਡਾਊਨ) ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਪ੍ਰਦੀਪ ਅਗਰਵਾਲ ਅਤੇ ਸਾਹਨੇਵਾਲ ਏਅਰਪੋਰਟ ਦੇ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਹਨੇਵਾਲ ਏਅਰਪੋਰਟ ਤੋਂ ਹਫਤੇ ਦੇ ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮਿਸ਼ਨ ਉਡਾਣ ਦੇ ਤਹਿਤ ਲੁਧਿਆਣਾ-ਦਿੱਲੀ ਲਈ ਉਡਾਰੀਆਂ ਜਾਰੀ ਹਨ। ਹੁਣ ਐਤਵਾਰ ਨੂੰ ਏਅਰਕ੍ਰਾਫਟ ਦਿੱਲੀ ਤੋਂ ਸਵੇਰੇ 8 ਵੱਜ ਕੇ 45 ਮਿੰਟ ’ਤੇ ਲੁਧਿਆਣਾ ਲੈਂਡ ਕਰੇਗਾ ਜਦੋਂਕਿ ਇੱਥੋਂ ਜਹਾਜ਼ 9 ਵੱਜ ਕੇ 15 ਮਿੰਟ ’ਤੇ ਦਿੱਲੀ ਦੇ ਲਈ ਰਵਾਨਾ ਹੋਵੇਗਾ। 29 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇਹ ਹਵਾਈ ਸੇਵਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਮਿਸ਼ਨ ਉਡਾਣ ਦੇ ਤਹਿਤ ਨਹੀਂ ਹੋਵੇਗੀ, ਸਗੋਂ ਇਸ ਦਾ ਕਿਰਾਇਆ ਆਮ ਉਡਾਰੀਆਂ ਦੇ ਮੁਤਾਬਕ ਲੱਗੇਗਾ।
 ਦੱਸ ਦੇਈਏ ਕਿ 3 ਸਾਲ ਦੇ ਲੰਬੇ ਵਕਫੇ ਤੋਂ ਬਾਅਦ 2 ਸਤੰਬਰ 2017 ਨੂੰ ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਦੀ ਹਵਾਈ ਸੇਵਾ ਸ਼ੁਰੂ ਹੋਣ ਨਾਲ ਮਹਾਨਗਰ ਦੇ ਟ੍ਰੇਡ ਅਤੇ ਇੰਡਸਟਰੀ ਵਿਚ ਇਸ ਦੇ ਪ੍ਰਤੀ ਬੇਹੱਦ ਉਤਸ਼ਾਹ ਕਾਰਨ ਯਾਤਰੀ ਲੋਡ 80 ਤੋਂ 90 ਫੀਸਦੀ ਚੱਲ ਰਿਹਾ ਹੈ। ਕਾਰੋਬਾਰੀਆਂ ਵੱਲੋਂ ਹਫਤੇ ਦੇ ਸੱਤੇ ਦਿਨ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
 ਏਅਰਪੋਰਟ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਕਿਹਾ ਕਿ ਉਦਯੋਗਪਤੀਆਂ ਅਤੇ ਹੋਰਨਾਂ ਹਵਾਈ ਯਾਤਰੀਆਂ ਦੀ ਮੰਗ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਫਤੇ ਦੇ ਸੱਤੇ ਦਿਨ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਮੌਜੂਦਾ ਸਮੇਂ ਵਿਚ ਹਫਤੇ ਦੇ 4 ਦਿਨ ਦਿੱਲੀ ਤੋਂ ਜਹਾਜ਼ ਸ਼ਾਮ 3 ਵੱਜ ਕੇ 55 ਮਿੰਟ ’ਤੇ ਲੁਧਿਆਣਾ ਪੁੱਜਦਾ ਹੈ ਜਦੋਂਕਿ ਇੱਥੋਂ ਦਿੱਲੀ ਲਈ ਸ਼ਾਮ 4 ਵੱਜ ਕੇ 15 ਮਿੰਟ ’ਤੇ ਟੇਕ ਆਫ ਕਰਦਾ ਹੈ। ਹੁਣ ਐਤਵਾਰ ਨੂੰ ਸ਼ੁਰੂ ਹੋਣ ਜਾ ਰਹੀ ਉਡਾਣ ਦਾ ਸ਼ਡਿਊਲ ਸਵੇਰ ਦਾ ਰੱਖਿਆ ਗਿਆ ਹੈ।

No comments: