Mon, May 28, 2018 at 2:16 PM
ਸਮਾਜਵਾਦੀ ਰੂਸ ਆਰਥਿਕ ਵਿਕਾਸ ਦਰ ‘ਚ ਸਭ ਨੂੰ ਪਿਛੇ ਛਡ ਗਿਆ ਸੀ
ਲੁਧਿਆਣਾ: 27 2018: (ਜਸਵੰਤ ਜੀਰਖ//ਪੰਜਾਬ ਸਕਰੀਨ)::
ਅਜ ਮਿਤੀ 27.05.2018 ਨੂੰ ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਲੁਧਿਆਣਾ ਇਕਾਈ ਵਲੋਂ ‘ਇਤਿਹਾਸਿਕ ਪਦਾਰਥਵਾਦ ਦੀ ਸਮਾਜਵਾਦੀ ਅਵਸਥਾ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਗਦਰੀ ਬਾਬਾ ਭਾਨ ਸਿੰਘ ਸੁਨੇਤ ਭਵਨ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਮੁਖ ਬੁਲਾਰੇ ਅੰਮਰਿਤਪਾਲ ਪੀ. ਏ. ਯੂ. ਨੇ ਸਮਾਜਵਾਦ ਦੇ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਮਨੁਖੀ ਸਮਾਜ ਦੇ ਵਿਕਾਸ ‘ਚ ਸਮਾਜਵਾਦੀ ਅਵਸਥਾ ਦਾ ਆਉਣਾ ਅਟਲ ਸਚਾਈ ਹੈ। ਜਾਗੀਰਦਾਰੀ ਯੁਗ ਤੋਂ ਬਾਅਦ ਪੂੰਜੀਵਾਦ ਨੇ ਆਪਣੇ ਵਿਕਾਸ ਦੇ ਇਕ ਖਾਸ ਪਧਰ ਤੇ ਪਹੁੰਚ ਕੇ ਜਿਥੇ ਸਰਮਾਏਦਾਰੀ ਜਮਾਤ ਨੂੰ ਪੈਦਾ ਕੀਤਾ ਹੈ ਉਥੇ ਆਪਣੀ ਕਬਰਪੁਟ ਮਜਦੂਰ ਜਮਾਤ ਨੂੰ ਵੀ ਪੈਦਾ ਕੀਤਾ। ਇੰਨਾਂ ਦੋਨਾਂ ਜਮਾਤਾਂ ਦੇ ਹਿਤ ਆਪਸ ਵਿੱਚ ਟਕਰਾਉਂਦੇ ਹਨ। ਜਿਥੇ ਸਰਮਾਏਦਾਰ ਜਮਾਤ ਲਈ ਮੁਨਾਫਾ ਹੀ ਪਰਮੁਖ ਹੈ, ਉਥੇ ਦੂਜੇ ਪਾਸੇ ਮਜਦੂਰ ਜਮਾਤ ਲਈ ਆਪਣੀਆਂ ਉਜਰਤਾਂ ਵਿਚ ਵਾਧਾ ਜ਼ਰੂਰੀ ਹੈ। ਇਕ ਪਾਸੇ ਪੈਦਾਵਾਰ ਸਾਰਾ ਸਮਾਜ ਰਲ ਕੇ ਕਰਦਾ ਹੈ ਪਰ ਉਸ ਪੈਦਾਵਾਰ ਤੇ ਕਬਜ਼ਾ ਚੰਦ ਲੋਕਾਂ ਦਾ ਨਿਜੀ ਹੈ। ਜੋ ਲੋਕ ਪੈਦਾਵਾਰ ਕਰਦੇ ਹਨ ਉਹਨਾਂ ਦਾ ਉਸ ਤੇ ਕਬਜ਼ਾ ਨਹੀਂ ਹੁੰਦਾ। ਇਹ ਕਬਜ਼ਾ ਪੈਦਾਵਾਰ ਦੇ ਸਾਧਨਾਂ ਦੇ ਮਾਲਕਾਂ ਦੇ ਹਥਾਂ ‘ਚ ਹੁੰਦਾ ਹੈ। ਸਮਾਜਵਾਦ ਵਿਚ ਪੈਦਾਵਾਰ ਦੇ ਸਾਧਨਾਂ ਤੇ ਕਬਜਾ ਵੀ ਸਮੁਚੇ ਸਮਾਜ ਦਾ ਹੋ ਜਾਂਦਾ ਹੈ। ਅਜਿਹਾ ਸਮਾਜ ਸਰਮਾਏਦਾਰੀ ਅਤੇ ਮਜਦੂਰ ਜਮਾਤ ਦਰਮਿਆਨ ਜਮਾਤੀ ਲੜਾਈ ਦੇ ਸਿਟੇ ਵਜੋਂ ਵਾਪਰਦਾ ਹੈ।
ਅੰਮ੍ਰਿਤ ਪਾਲ ਪੀ. ਏ. ਯੂ. ਨੇ ਅਗੇ ਦਸਿਆ ਕਿ ਅਜਿਹਾ ਸਮਾਜਵਾਦੀ ਪਰਬੰਧ ਦੂਜੀ ਸੰਸਾਰ ਜੰਗ ਤੋਂ ਬਾਅਦ ਦੁਨੀਆਂ ਦੇ ਤੀਜੇ ਹਿਸੇ ‘ਚ ਸਥਾਪਤ ਹੋ ਗਿਆ ਸੀ। ਜਿੰਨ੍ਹਾਂ ‘ਚੋਂ ਮੁਖ ਦੇਸ਼ ਰੂਸ ਅਤੇ ਚੀਨ ਹਨ। ਰੂਸ ਵਿਚ ਜ਼ਾਰ ਦੀ ਰਜਵਾੜਾਸ਼ਾਹੀ ਦੇ ਹਥ ‘ਚ ਸਤਾ ਹੋਣ ਕਰਕੇ, ਕਾਮਰੇਡ ਲੈਨਿਨ ਦੀ ਰਹਿਨੁਮਾਈ ‘ਚ ਮਜਦੂਰ-ਕਿਸਾਨ ਗਠਜੋੜ ਦੀ ਅਗਵਾਈ ‘ਚ ਪਹਿਲਾਂ ਜਮਹੂਰੀ ਇਨਕਲਾਬ ਕਰਨਾ ਪਿਆ ਅਤੇ ਉਸਤੋਂ ਬਾਅਦ ਇਸੇ ਗਠਜੋੜ ਦੀ ਅਗਵਾਈ ‘ਚ ਹੀ ਅਕਤੂਬਰ 1917 ਵਿਚ ਸਮਾਜਵਾਦੀ ਇਨਕਲਾਬ ਹੋਇਆ। ਸਮਾਜਵਾਦੀ ਇਨਕਲਾਬ ਹੋਣ ਤੋਂ ਬਾਅਦ ਰੂਸ ਵਿਚ ਸਮਾਜਵਾਦੀ ਯੋਜਨਾਬਧ ਆਰਥਿਕਤਾ ਦੇ ਰਾਹੀਂ ਸਾਰੇ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਫਲਤਾ ਹਾਸਲ ਕੀਤੀ। ਇਥੋਂ ਤਕ ਕਿ ਸਮਾਜਵਾਦੀ ਰੂਸ ਆਰਥਿਕ ਵਿਕਾਸ ਦਰ ‘ਚ ਸਾਰੀ ਦੁਨੀਆਂ ਨੂੰ ਪਿਛੇ ਛਡ ਗਿਆ। ਸੰਨ 1930 ਤਕ ਹੀ ਅਨਪੜਤਾ ਨੂੰ ਖਤਮ ਕਰ ਦਿਤਾ ਗਿਆ। ਇਨਕਲਾਬ ਤੋਂ ਯਕਦਮ ਬਾਅਦ ਹੀ ਸਾਰਿਆਂ ਲਈ ਮੁਫਤ ਮੈਡੀਕਲ ਸੇਵਾ ਲਾਗੂ ਕਰ ਦਿਤੀ ਗਈ। ਬੇਰੁਜਗਾਰੀ ਦਾ ਪੂਰਣ ਤੌਰ ਤੇ ਖਾਤਮਾ ਕਰ ਦਿਤਾ ਗਿਆ। ਸਾਰੀ ਵਸੋਂ ਲਈ ਘਰਾਂ ਦਾ ਪਰਬੰਧ ਕੀਤਾ ਗਿਆ। ਔਰਤਾਂ ਨੂੰ ਬਰਾਬਰ ਦੇ ਹਕ ਦਿਤੇ ਗਏ। ਬਰਾਬਰ ਦੀਆਂ ਉਜਰਤਾਂ ਦਿਤੀਆਂ ਅਤੇ ਉਹਨਾਂ ਨੂੰ ਵੋਟ ਪਾਉਣ ਦਾ ਹਕ ਦਿਤਾ।
No comments:
Post a Comment