ਮੁੰਬਈ ਅਤੇ ਪੰਜਾਬ ਵਿੱਚ ਵੀ ਰੋਹ ਭਰੇ ਰੋਸ ਵਖਾਵੇ
ਆਸਿਫ਼ਾ ਦੇ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਮੁੰਬਈ ਦੇ ਕੋਤਵਾਲੀ ਮੈਦਾਨ ਤੋਂ ਲੈ ਕੇ ਦਾਦਰ ਸਟੇਸ਼ਨ (ਪੂਰਬੀ) ਤੱਕ ਰੋਹ ਭਰਿਆ ਰੋਸ ਮਾਰਚ ਕੱਢਿਆ ਗਿਆ। ਸਲੀਮ ਸਾਬੂਵਾਲਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਇਸ ਰੋਸ ਵਿੱਚ DYFI-AIDWA-SFI ਦੇ ਮੈਂਬਰਾਂ ਅਤੇ ਸਮਰਥਕਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਰੋਸ ਮਾਰਚ ਵਿੱਚ 300 ਤੋਂ ਵੱਧ ਕਾਰਕੁੰਨ ਸ਼ਾਮਲ ਹੋਏ। |
ਮੁੰਬਈ///ਚੰਡੀਗੜ//ਲੁਧਿਆਣਾ: 17 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਦੇਸ਼ ਭਰ ਵਿੱਚ ਬਾਲੜੀਆਂ ਨਾਲ ਹੋ ਰਹੇ ਜਬਰ ਜਨਾਹਾਂ ਨੂੰ ਲੈ ਕੇ ਰੋਸ ਅਤੇ ਰੋਹ ਤਿੱਖਾ ਹੋ ਰਿਹਾ ਹੈ। ਮੁੰਬਈ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਦੇ ਨਾਲ ਨਾਲ ਪੰਜਾਬ ਵਿੱਚ ਵੀ ਇਸ ਮੁੱਦੇ ਨੂੰ ਲੈ ਰੋਹ ਭਰੇ ਰੋਸ ਵਖਾਵੇ ਕੀਤੇ ਗਏ।
ਤਰਨਤਾਰਨ: (ਓਂਕਾਰ ਸਿੰਘ ਪੁਰੀ)::
ਕਠੂਆ, ਉਨਾਵ ਅਤੇ ਗੁਜਰਾਤ ਵਿੱਚ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਛੋਟੀਆਂ ਬਾਲੜੀਆਂ ਦੀ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬ ਇਸਤਰੀ ਸਭਾ ਜ਼ਿਲਾ ਤਰਨ ਤਾਰਨ ਵੱਲੋਂ ਅੱਡਾ ਝਬਾਲ ਵਿਖੇ ਔਰਤਾਂ ਨੇ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਚੌਂਕ ਵਿੱਚ ਕੇਂਦਰ ਦੀ ਬੀ ਜੇ ਪੀ ਸਰਕਾਰ ਦਾ ਪੁਤਲਾ ਫੂਕਿਆ। ਔਰਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਕਿਹਾ ਕਿ ਬਾਲੜੀਆਂ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਆਰ ਐੱਸ ਐੱਸ ਅਤੇ ਬੀ ਜੇ ਪੀ ਦੇ ਮੰਤਰੀ ਬਚਾਅ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹੈ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਔਰਤਾਂ ਦਾ ਬਚਾਅ ਕਿਸ ਤਰ੍ਹਾਂ ਹੋ ਸਕਦਾ ਹੈ। ਭਾਜਪਾ ਦੇ ਰਾਜ ਵਿੱਚ ਬਲਾਤਕਾਰੀ ਸਰੇਆਮ ਘੁੰਮਦੇ ਫਿਰਦੇ ਹਨ।
ਪੰਜਾਬ ਇਸਤਰੀ ਸਭਾ ਦੀ ਸੂਬਾ ਸਰਪ੍ਰਸਤ ਨਰਿੰਦਰਪਾਲ ਨੇ ਕਿਹਾ ਕਿ ਗੁੰਡਾ ਅਨਸਰਾਂ ਵੱਲੋਂ ਪੀੜਤ ਬੱਚੀਆਂ ਦੇ ਪਰਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਔਰਤਾਂ ਨੂੰ ਆਪਣੇ ਹੱਕਾਂ ਦੀ ਖਾਤਰ ਸੁਚੇਤ ਤੌਰ 'ਤੇ ਜਥੇਬੰਦ ਹੋਣਾ ਚਾਹੀਦਾ ਹੈ।
ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਆਸਿਫ਼ਾ ਦੇ ਬਲਾਤਕਾਰ ਤੋਂ ਬਾਅਦ ਵਹਿਸ਼ੀਆਨਾ ਕਤਲ ਦੀ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਫਾਹੇ ਲਾਇਆ ਜਾਵੇ।
ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ਸੀਮਾ ਸੋਹਲ ਨੇ ਯੂ ਪੀ ਵਿੱਚ ਉਨਾਵ ਅਤੇ ਸੂਰਤ ਵਿੱਚ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ। ਦਿਨ-ਦਿਹਾੜੇ ਔਰਤਾਂ ਦੀ ਪੱਤ ਲੁੱਟੀ ਜਾ ਰਹੀ ਹੈ ਅਤੇ ਗੁੰਡੇ ਜਾਂ ਬਲਾਤਕਾਰੀ ਸਰਕਾਰਾਂ ਵਿੱਚ ਬੈਠੇ ਹਨ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਸਹਾਇਕ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਔਰਤਾਂ ਦੀ ਇੱਜ਼ਤ-ਆਬਰੂ ਸੁਰੱਖਿਅਤ ਨਹੀਂ। ਸਾਡੇ ਦੇਸ਼ ਵਿੱਚ ਜਾਨਵਰਾਂ ਨੂੰ ਮਾਰਨਾ ਤਾਂ ਪਾਪ ਹੈ, ਪਰ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ ਦੀ ਭਾਜਪਾ ਸਰਕਾਰ ਪੁਸ਼ਤਪਨਾਹੀ ਕਰਦੀ ਹੈ। ਸਾਡੇ ਗੁਰੂ ਸਾਹਿਬਬਾਨਾਂ ਨੇ ਤਾਂ ਔਰਤ ਨੂੰ ਬੜਾ ਉੱਚ ਦਰਜ ਦਿੱਤਾ ਹੈ, ਪਰ ਔਰਤਾਂ 'ਤੇ ਜ਼ੁਲਮ ਵਧ ਗਏ ਹਨ।
ਇਸ ਮੌਕੇ ਪੂਜਾ, ਬਲਵਿੰਦਰ ਕੌਰ, ਅਮਰਜੀਤ ਕੌਰ, ਸਲਵਿੰਦਰ ਕੌਰ, ਸੁਖਜੀਤ ਕੌਰ, ਸੁਖਰਾਜ ਕੌਰ ਪੰਜਵੜ, ਆਸ਼ਾ ਰਾਣੀ, ਨੰਦਾ, ਸੁਰਿੰਦਰ ਕੌਰ ਕੋਟ ਧਰਮ ਚੰਦ, ਮੀਨਾ, ਮਹਿੰਦਰ ਕੌਰ, ਸਿਮਰਨਜੀਤ ਕੌਰ ਝਬਾਲ, ਕਾਂਤਾ ਦੇਵੀ ਮੈਂਬਰ ਪੰਚਾਇਤ, ਰਮਾ ਰਾਣੀ, ਰਾਜਵਿੰਦਰ ਕੌਰ, ਗੁਰਬਿੰਦਰ ਸਿੰਘ ਸੋਹਲ, ਜਗਤਾਰ ਸਿੰਘ ਜੱਗਾ, ਚਾਨਣ ਸਿੰਘ ਸੋਹਲ ਤੇ ਲੱਖਾ ਸਿੰਘ ਆਦਿ ਮੌਜੂਦ ਸਨ।
ਇਸੇ ਤਰ੍ਹਾਂ ਕਠੂਆ ਕਾਂਡ ਅਤੇ ਹੋਰ ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਇਸਤਰੀ ਸਭਾ ਵੱਲੋਂ ਪੰਜਾਬ ਇਸਤਰੀ ਸਭਾ ਤਰਨ ਤਾਰਨ ਇਲਾਕਾ ਭਿੱਖੀਵਿੰਡ 'ਚ ਵੀ ਮੁਜ਼ਾਹਰਾ ਕੀਤਾ ਗਿਆ। ਪੰਜਾਬ ਇਸਤਰੀ ਸਭਾ ਵੱਲੋਂ ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਰੈਲੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਸਰਪ੍ਰਸਤ ਭੈਣ ਜੀ ਨਰਿੰਦਰਪਾਲ ਨੇ ਕਿਹਾ ਕਿ ਜਦੋਂ ਦੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਔਰਤਾਂ ਅਤੇ ਖਾਸ ਕਰਕੇ ਛੋਟੀਆਂ ਬੱਚੀਆਂ 'ਤੇ ਜ਼ੁਲਮ ਵਧ ਗਿਆ ਹੈ। ਕਠੂਆ, ਉਨਾਵ ਅਤੇ ਗੁਜਰਾਤ ਵਿੱਚ ਵਾਪਰੀਆਂ ਘਟਨਾਵਾਂ ਸਰਕਾਰ ਦੇ ਮੱਥੇ 'ਤੇ ਕਲੰਕ ਹਨ। ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਕਿਹਾ ਕਿ ਬੀ ਜੇ ਪੀ ਵਾਲੇ ਖੁਸ਼ੀਆਂ ਮਨਾਉਂਦੇ ਸਨ ਕਿ 800 ਸਾਲ ਬਾਅਦ ਹਿੰਦੂਆਂ ਦਾ ਰਾਜ ਆਇਆ ਹੈ, ਪਰ ਇਸ ਰਾਜ ਵਿੱਚ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ 'ਤੇ ਕਹਿਰ ਵਰਤ ਰਿਹਾ ਹੈ। ਭਾਜਪਾ ਸਰਕਾਰ ਦੀ ਮੰਤਰੀ ਸਮਿਰਤੀ ਈਰਾਨੀ ਨੇ ਨਿਰਭੈਆ ਕਾਂਡ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੂੜੀਆਂ ਭੇਜੀਆਂ ਸਨ, ਹੁਣ ਉਹ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਭੇਜ ਰਹੇ। ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਭਾਜਪਾ ਦੀਆਂ ਆਗੂ ਔਰਤਾਂ ਅਤੇ ਹਰਸਿਮਰਤ ਕੌਰ ਬਾਦਲ ਦੀ ਚੁੱਪੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਔਰਤਾਂ ਔਰਤ ਜਾਤੀ ਦੇ ਨਾਂਅ 'ਤੇ ਕਲੰਕ ਹਨ। ਜ਼ਿਲਾ ਪਰਧਾਨ ਸੀਮਾ ਸੋਹਲ ਨੇ ਔਰਤਾਂ ਨੂੰ ਕਿਹਾ ਕਿ ਆਪਣੀਆਂ ਧੀਆਂ ਨੂੰ ਅੰਦਰ ਵਾੜ ਕੇ ਰੱਖਣ ਦੀ ਬਜਾਏ ਉਹਨਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦੀ ਟਰੇਨਿੰਗ ਦਿਓ ਅਤੇ ਆਪਣੇ ਪੁੱਤਰਾਂ ਨੂੰ ਵੀ ਸਮਝਾਓ ਕਿ ਉਹ ਕਿਸੇ ਦੀ ਧੀ ਦੀ ਇੱਜ਼ਤ ਨਾਲ ਨਾ ਖੇਡਣ। ਜ਼ਿਲ੍ਹਾ ਖਜ਼ਾਨਚੀ ਕਿਰਨਬੀਰ ਵਲਟੋਹਾ ਨੇ ਕਿਹਾ ਕਿ ਜੇਕਰ ਅਸੀਂ ਛੋਟੀਆਂ ਬੱਚੀਆਂ ਦਾ ਬਲਾਤਕਾਰ ਕਰਕੇ ਕਤਲ ਕਰਨ ਦੀਆਂ ਘਟਨਾਵਾਂ ਦਾ ਅਸੀਂ ਪੂਰੀ ਤਾਕਤ ਨਾਲ ਵਿਰੋਧ ਨਹੀਂ ਕਰਦੇ ਤਾਂ ਇਹ ਦੇਸ਼ ਨਰਕ ਬਣ ਜਾਵੇਗਾ। ਸੀ ਪੀ ਆਈ ਦੇ ਬਲਾਕ ਸਕੱਤਰ ਪਵਨ ਕੁਮਾਰ ਮਲਹੋਤਰਾ, ਜ਼ਿਲ੍ਹਾ ਸਹਾਇਕ ਸਕੱਤਰ ਦਵਿੰਦਰ ਕੁਮਾਰ, ਕਿਸਾਨ ਆਗੂ ਜੈਮਲ ਬਾਠ, ਏ ਆਈ ਐੱਸ ਐੱਫ ਦੇ ਆਗੂ ਸੁਖਦੇਵ ਕਾਲਾ ਤੇ ਬਲਬੀਰ ਬੱਲੂ ਨੇ ਪੰਜਾਬ ਇਸਤਰੀ ਸਭਾ ਦੇ ਘੋਲ ਦੀ ਹਮਾਇਤ ਕਰਦਿਆਂ ਮਦਦ ਦਾ ਪੂਰਾ ਭਰੋਸਾ ਦਿਵਾਇਆ। ਇਸ ਮੌਕੇ ਹਰਜੋਤ ਕੌਰ ਵਲਟੋਹਾ, ਗੁਰਮੀਤ ਕੌਰ, ਵੀਰੋ, ਰਾਜਬੀਰ ਕੌਰ ਤੇ ਕੁਲਵਿੰਦਰ ਕੌਰ ਨੇ ਮੁਜ਼ਾਹਰੇ ਦੀ ਅਗਵਾਈ ਕੀਤੀ। ਪਰਗਟ ਸਿੰਘ ਨੇਪਰਬੰਧ ਕਰਨ 'ਚ ਮਦਦ ਕੀਤੀ।
No comments:
Post a Comment