ਬਰਖਾਸਤਗੀਆਂ ਦਾ ਸਾਹਮਣਾ ਕਰਕੇ ਦੁਆਏ ਬੈਂਕ ਮੁਲਾਜ਼ਮਾਂ ਦੇ ਹੱਕ
ਮੈਂ ਰਾਹਾਂ ਤੇ ਨਹੀਂ ਚੱਲਦਾ,
ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ ।
18 ਅਪਰੈਲ 1975 ਦਾ ਦਿਨ ਨਾਂ ਸਿਰਫ ਬੈਂਕ ਕਰਮਚਾਰੀਆਂ ਲਈ ਸਗੋਂ ਹੋਰ ਮਿਹਨਤਕਸ਼ ਸਮੂਹਾਂ ਲਈ ਬਹੁਤ ਹੀ ਦੁੱਖ ਭਰਿਆ ਅਤੇ ਅਸਹਿਣਯੋਗ ਦਿਨ ਹੋ ਨਿਬੜਿਆ ਕਿਉਂਕਿ ਇਸ ਦਿਨ ਲੁੱਟ ਖਸੁੱਟ ਦੇ ਖਿਲਾਫ਼ ਲੜਣ ਵਾਲਾ ਸਾਡੇ ਸਭ ਦਾ ਸਾਥੀ ਕਾ. ਹਰਬੰਸ ਲਾਲ ਪ੍ਰਵਾਨਾ ਕੁਦਰਤ ਨੇ ਸਾਡੇ ਤੋਂ ਖੋਹ ਲਿਆ ਸੀ ਉਹ ਲੱਖਾਂ ਬੈਂਕ ਕਰਮਚਾਰੀਆਂ ਦੇ ਦਿਲ ਦੀ ਧੜਕਣ ਸੀ । ਆਪਣੇ ਨਿੱਜੀ ਗੁਣਾ-ਨਿਮਰਤਾ, ਅਗਵਾਈ ਕਰਨ ਦੀ ਅਤਿ ਦੀ ਸਮਰੱਥਾ, ਜੱਥੇਬੰਧਕ ਗੁਣ ਟਰਿਬਿਊਨਲਾਂ ਅੱਗੇ ਕਰਮਚਾਰੀਆਂ ਦਾ ਪੱਖ ਮਜ਼ਬੂਤੀ ਨਾਲ ਰੱਖਣ ਦੇ ਗੁਣ ਅਤੇ ਲੋਕਾਂ ਨਾਲ ਹੋਈ ਧੱਕੇਸ਼ਾਹੀ ਦੇ ਸੈਕੜੇ ਨਿੱਜੀ ਮਾਮਲਿਆਂ ਨੂੰ ਪਰਬੰਧਕਾਂ ਸਾਹਮਣੇ ਮੁਹਾਰਤ ਨਾਲ ਰੱਖਣ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ। ਉਹਨਾਂ ਨੇ ਸ਼ਾਦੀ ਕਰਨ ਤੋਂ ਇਸ ਕਰਕੇ ਨਾਂਹ ਕਰ ਦਿੱਤੀ ਕਿਉਂਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੀਆਂ ਸਹੂਲਤਾਂ ਅਤੇ ਜ਼ਰੂਰਤਾਂ ਤਿਆਗ ਕੇ ਸਿਰਫ ਤੇ ਸਿਰਫ ਏ.ਆਈ.ਬੀ.ਈ.ਏ. ਅਤੇ ਬੈਂਕ ਕਰਮਚਾਰੀਆਂ ਦੀ ਸੇਵਾ ਵਿੱਚ ਹੀ ਲਾਉਣਾ ਚਾਹੁੰਦੇ ਸਨ। ਉਹਨਾਂ ਦਾ ਜਨਮ 1923 ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਛੋਟੇ ਜਿਹੇ ਪਿੰਡ ਕੋਟਲਾ-ਬਾਡਲਾ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੂੰ 1951 ਵਿੱਚ ਏ.ਆਈ.ਬੀ.ਈ.ਏ. ਦਾ ਮੀਤ ਪਰਧਾਨ ਬਣਾਇਆ ਗਿਆ ਬਾਅਦ ਵਿੱਚ ਉਹ ਸਹਾਇਕ ਸਕੱਤਰ ਅਤੇ 1962 ਤੋਂ ਆਖਿਰ ਤੱਕ ਸਕੱਤਰ ਦੇ ਤੌਰ ਤੇ ਸੇਵਾ ਨਿਭਾਈ। ਕਾਮਰੇਡ ਹਰਬੰਸ ਲਾਲ ਪਰਵਾਨਾ ਨੇ ਦਸਵੀਂ ਪਹਿਲੇ ਦਰਜੇ ਵਿੱਚ ਪਾਸ ਹੋਣ ਦੇ ਬਾਵਜੂਦ ਆਪਣੀਆਂ ਘਰੇਲੂ ਮਜਬੂਰੀਆਂ ਕਾਰਣ 1939 ਵਿੱਚ ਪੰਜਾਬ ਨੈਸ਼ਨਲ ਬੈਂਕ ਲਿਮਟਿਡ ਦੀ ਲਾਹੌਰ ਬਰਾਂਚ ਵਿੱਚ ਦਫ਼ਤਰੀ ਦੇ ਤੌਰ ਤੇ ਨੌਕਰੀ ਸ਼ੁਰੂ ਕੀਤੀ। ਦਸੰਬਰ 1940 ਦੀ ਇੱਕ ਕੜਾਕੇ ਦੀ ਠੰਢ ਭਰੀ ਸਵੇਰ ਨੂੰ ਕਾਮਰੇਡ ਪਰਵਾਨਾ ਅਤੇ ਉਸਦੇ ਕੁੱਝ ਸਾਥੀ ਸਵੇਰੇ 8 ਵਜੇ ਮੈਨੇਜਰ ਦੇ ਕਮਰੇ ਵਿੱਚ ਕੜਾਕੇ ਦੀ ਠੰਢ ਤੋਂ ਬਚਣ ਲਈ ਹੀਟਰ ਲਾ ਕੇ ਬੈਠੇ ਸਨ। ਅਚਾਨਕ ਮੈਨੇਜਰ ਸਮੇਂ ਤੋਂ ਪਹਿਲਾਂ ਬੈਂਕ ਆ ਗਿਆ ਅਤੇ ਉਸ ਨੇ ਇਹ ਦੇਖ ਕੇ ਉਹਨਾਂ ਨਾਲ ਨਾਰਾਜ਼ਗੀ ਪਰਗਟ ਕੀਤੀ ਤੇ ਇਸ ਘਟਨਾ ਬਾਰੇ ਬੈਂਕ ਦੇ ਚੇਅਰਮੈਨ ਲਾਲਾ ਯੋਧ ਰਾਜ ਕੋਲ ਰਿਪੋਰਟ ਕੀਤੀ। ਕਾਮਰੇਡ ਪਰਵਾਨਾ ਨੇ ਬੜੀ ਹਲੀਮੀ ਨਾਲ ਚੇਅਰਮੈਨ ਕੋਲ ਇਸ ਗੱਲ ਨੂੰ ਜਾਇਜ ਠਹਿਰਾਇਆ ਜਿਸ ਕਰਕੇ ਆਪਣੇ ਸਾਥੀਆਂ ਵਿੱਚ ਉਸਦੀ ਇੱਜ਼ਤ ਹੋਰ ਵੱਧ ਗਈ। ਇਸ ਪਿੱਛੋਂ ਉਸਨੇ ਬੈਂਕ ਵਿੱਚ ਮੁਲਾਜਮਾਂ ਨੰ ਸੰਗਠਤ ਕਰਨਾ ਸ਼ੁਰੂ ਕੀਤਾ। ਉਸਨੇ ਆਪਣੇ 22 ਸਾਥੀਆਂ ਵੱਲੋਂ ਦਸਤਖਤ ਕਰਵਾ ਕੇ ਇੱਕ ਮੰਗ ਪੱਤਰ ਚੇਅਰਮੈਨ ਨੂੰ ਦਿੱਤਾ। ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਾਮਰੇਡ ਪਰਵਾਨਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇਹ ਘਟਨਾ ਅਗਸਤ 1944 ਦੀ ਹੈ। ਇਸ ਤੋਂ ਬਾਅਦ ਕਾਮਰੇਡ ਪਰਵਾਨਾ ਨੇ ਦਿੱਲੀ ਜਾ ਕੇ ਭਾਰਤ ਬੈਂਕ ਲਿਮਟਿਡ ਵਿੱਚ ਨੌਕਰੀ ਕਰ ਲਈ ਅਤੇ ਫਿਰ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ। ਆਖਰ 1945 ਵਿੱਚ ਕਾਮਰੇਡ ਪਰਵਾਨਾ ਨੇ ਦਿੱਲੀ ਸਥਿਤ ਬੈਂਕ ਵਿੱਚ ਮੁਲਾਜ਼ਮਾਂ ਦੀ ਯੂਨੀਅਨ ਬਣਾਈ ਜਿਸ ਦੇ ਮੈਂਬਰ ਸਿਰਫ਼ ਸੇਵਾਦਾਰਾਂ ਵਿੱਚੋਂ ਹੀ ਸਨ। ਕਾਮਰੇਡ ਪਰਵਾਨਾ ਇਸਦੇ ਪਰਧਾਨ ਅਤੇ ਕਾਮਰੇਡ ਖੇਤ ਰਾਮ ਅਤੇ ਕਾਮਰੇਡ ਰਾਮ ਚੰਦ ਸਰਮਾ ਇਸ ਦੇ ਸਕੱਤਰ ਬਣੇ। ਇਸ ਤਰਾਂ ਇੱਕ ਧੁਰੇ ਦੀ ਸ਼ੁਰੂਆਤ ਹੋਈ ਜੋ ਅੱਜ ਕੱਲ ਦਿੱਲੀ ਸਟੇਟ ਬੈਂਕ ਇੰਪਲਾਈਜ ਫੈਡਰੇਸ਼ਨ ਦੇ ਨਾ ਨਾਲ ਪਰਸਿੱਧ ਹੈ। ਇਸ ਯੂਨੀਅਨ ਨੇ ਬੈਂਕ ਦੇ ਚੇਅਰਮੈਨ ਸ਼ਰੀ ਐੱਸ.ਐਮ. ਡਾਲਮੀਆ ਨੂੰ ਤਨਖਾਹ ਵਧਾਉਣ ਲਈ ਮੰਗ ਪੱਤਰ ਦਿੱਤਾ ਅਤੇ ਕਾਮਰੇਡ ਪਰਵਾਨਾ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿੱਤੇ ਗਏ ਤਰਕ ਭਰਪੂਰ ਅਤੇ ਮਜ਼ਬੂਤ ਅਧਾਰ ਵਾਲੇ ਤੱਥਾਂ ਕਰਕੇ ਯੂਨੀਅਨ ਦੀਆਂ ਮੰਗਾਂ ਮੰਨ ਲਈਆਂ ਗਈਆਂ, ਜਿਸ ਕਰਕੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਕਾਮਰੇਡ ਪਰਵਾਨਾ ਨੇ ਕਲੈਰੀਕਲ ਕੰਮ ਕਰਨ ਦੀ ਆਪਣੀ ਸਮਰੱਥਾ ਦਾ ਪਰਗਟਾਵਾ ਕੀਤਾ ਜਿਸ ਕਰਕੇ ਉਹਨਾਂ ਨੂੰ ਸਿੱਧਾ ਅਕਾਊਟੈਂਟ ਬਣਾ ਦਿੱਤਾ ਗਿਆ। ਇੱਕ ਪਾਸੇ ਇਸੇ ਸਮੇਂ ਦੇ ਲਗਭਗ 1946 ਵਿੱਚ ਆਲ ਇੰਡੀਆ ਡਾਕ ਵਿਭਾਗ ਦੀ ਹੜਤਾਲ ਤੇ ਦੂਜੇ ਪਾਸੇ ਇੰਪੀਰਿਅਲ ਬੈਂਕ ਕਲਕੱਤਾ ਦੇ ਸਾਥੀਆਂ ਦੀ 46 ਦਿਨ ਦੀ ਹੜਤਾਲ ਨੇ ਦਿੱਲੀ ਅਤੇ ਪੰਜਾਬ ਦੇ ਖੇਤਰਾਂ ਵਿੱਚ ਬੈਂਕ ਮੁਲਾਜ਼ਮਾਂ ਨੂੰ ਬਹੁਤ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਬੰਬੇ ਦੇ ਕਈ ਬੈਂਕਾਂ ਵਿੱਚ ਹੋਈਆਂ ਹੜਤਾਲਾਂ, ਯੂ.ਪੀ. ਦੀਆਂ ਘਟਨਾਵਾਂ ਜਿੱਥੇ ਪਹਿਲੀ ਵਾਰ ਬੈਂਕ ਮੁਲਾਜ਼ਮਾਂ ਲਈ ਉਜਰਤ `ਅਵਾਰਡ` ਇੱਕ ਹਕੀਕਤ ਬਣਿਆ। ਇਸ ਦੇ ਨਤੀਜੇ ਵੱਜੋਂ ਮੁਲਾਜ਼ਮਾਂਵਿੱਚ ਹੋਰ ਜਾਗਰਿਤੀ ਪੈਦਾ ਹੋਈ। ਹੁਣ ਭਾਰਤ ਬੈਂਕ ਦੇ ਮੁਲਾਜ਼ਮਾਂ ਨੇ ਕੁੱਝ ਹੋਰ ਸਹੂਲਤਾਂ ਪ੍ਰਾਪਤ ਕੀਤੀਆਂ। ਇਹਨਾਂ ਦਾ ਪਰਚਾਰ ਜੰਗਲ ਦੀ ਅੱਗ ਵਾਂਗੂ ਸਾਰੇ ਮੁਲਾਜ਼ਮਾਂ ਵਿੱਚ ਹੋਇਆ। ਸੰਨ 1948 ਵਿੱਚ ਭਾਰਤ ਬੈਂਕ ਦੀ ਯੂਨੀਅਨ ਨੇ ਫਿਰ ਹੜਤਾਲ ਕੀਤੀ ਤੇ ਇੱਕ ਵਾਰ ਫੇਰ ਪਰਬੰਧਕਾਂ ਨੂੰ ਮੰਗਾਂ ਤੇ ਗੱਲਬਾਤ ਕਰਨੀ ਪਈ ਅਤੇ ਯੂਨੀਅਨ ਨੂੰ ਮਾਨਤਾ ਦੇਣੀ ਪਈ। ਪਰ ਜਦੋਂ ਗੱਲਬਾਤ ਦੇ ਕੋਈ ਨਤੀਜੇ ਨਹੀਂ ਨਿਕਲ ਰਹੇ ਸਨ ਤਾਂ ਦਸੰਬਰ 1948 ਫਿਰ ਹੜਤਾਲ ਸ਼ੁਰੂ ਕੀਤੀ ਗਈ। ਇਸ 9 ਦਿਨ ਦੀ ਹੜਤਾਲ ਤੋਂ ਬਾਅਦ ਸਰਕਾਰ ਨੇ ਮਸਲਾ ਐਡਜੁਡੀਕੇਸ਼ਨ ਲਈ ਭੇਜ ਦਿੱਤਾ। ਇਸੇ ਦੌਰਾਨ ਪੰਜਾਬ ਨੈਸ਼ਨਲ ਬੈਂਕ, ਅਲਾਹਾਬਾਦ ਬੈਂਕ ਅਤੇ ਕੋਮਿਲਾ ਬੈਕਿੰਗ ਕਾਰਪੋਰੇਸ਼ਨ ਵਿੱਚ ਯੂਨੀਅਨਾਂ ਬਣ ਗਈਆਂ ਅਤੇ ਇਹਨਾਂ ਤਿੰਨਾਂ ਨੇ ਆਪਣੇ ਸੰਘਰਸ਼ਾਂ ਲਈ ਭਾਰਤ ਬੈਂਕ ਨਾਲ ਤਾਲਮੇਲ ਕੀਤਾ। ਦੁਬਾਰਾ 8 ਮਾਰਚ 1949 ਨੂੰ ਭਾਰਤ ਬੈਂਕ ਵਿੱਚ ਹੜਤਾਲ ਹੋਈ। ਇਸ ਵਾਰੀ ਸਰਕਾਰ ਅਤੇ ਪਰਬੰਧਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਸਬਕ ਸਿਖਾਉਣ ਦਾ ਫੈਸਲਾ ਕੀਤਾ। ਭਾਰੀ ਪੁਲੀਸ ਫੋਰਸ ਭਾਰਤ ਬੈਂਕ ਦੇ ਮੁੱਖ ਦਫ਼ਤਰ ਅੱਗੇ ਤੈਨਾਤ ਕਰ ਦਿੱਤੀ ਗਈ। ਬੈਂਕ ਦੇ 527 ਮੁਲਾਜ਼ਮਾਂ ਵਿੱਚੋਂ 450 ਨੂੰ ਗਰਿਫਤਾਰ ਕਰ ਲਿਆ ਗਿਆ। ਹੜਤਾਲ ਕਰਨ ਤੇ ਰੋਕ ਲਾ ਦਿੱਤੀ ਗਈ। ਆਖਿਰ 16 ਦਿਨਾਂ ਬਾਅਦ ਹੜਤਾਲ ਵਾਪਿਸ ਲਈ ਗਈ। ਕਾਮਰੇਡ ਪਰਵਾਨਾ ਸਮੇਤ 35 ਦੇ ਕਰੀਬ ਸਾਰੇ ਅਹੁਦੇਦਾਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਦੇਸ਼ ਵਿਆਪੀ ਬੈਂਕ ਕਰਮਚਾਰੀਆਂ ਵਿੱਚ ਬੇਚੈਨੀ ਦੇ ਉਭਾਰ ਨੂੰ ਦੇਖਦੇ ਹੋਏ ਬੈਂਕਾਂ ਨੇ ਸਰਕਾਰ ਨੂੰ ਬੈਂਕਿੰਗ ਖੇਤਰ ਨੂੰ ਕੇਂਦਰੀ ਵਿਸ਼ਾ ਬਣਾਉਣ ਲਈ ਪਹੁੰਚ ਕੀਤੀ ਤਾਂ ਕਿ ਸਾਰੇ ਲੇਬਰ ਝਗੜੇ ਇੰਡਸਟਰੀਅਲ ਡਿਸਪਿਊਟਸ ਐਕਟ ਅਧੀਨ ਆ ਜਾਣ। ਇਸ ਤਰਾਂ 1949 ਵਿੱਚ ਆਲ ਇੰਡੀਆਂ ਇੰਡਸਟਰੀਅਲ ਡਿਸਪਿਊਟਸ ਟਰੀਬਿਊਨਲ ਜਿਸ ਨੂੰ ਸੇਨ ਟਰੀਬਿਊਨਲ ਦੇ ਨਾਂ ਨਾਲ ਜਾਣਿਆ ਗਿਆ ਸਥਾਪਤ ਕੀਤਾ। ਸਾਰੇ ਦੇਸ਼ ਵਿੱਚ ਵੱਖ-2 ਮੰਗ ਪੱਤਰਾਂ ਅਤੇ ਮੁਲਾਜ਼ਮਾਂ ਦੇ ਬਰਖਾਤਗੀ ਦੇ ਸਾਰੇ ਮਾਮਲੇ ਇਸ ਟ੍ਰਿਬਿਊਨਲ ਨੂੰ ਸੌਪਣ ਦੀ ਸਿਫਾਰਸ਼ ਕੀਤੀ ਗਈ ।
ਇਸ ਟਰੀਬਿਊਨਲ ਦੇ ਚੇਅਰਮੈਨ ਕੇ.ਸੀ. ਸੇਨ ਪਰਧਾਨ ਇੰਡਸਟਰੀਅਲ ਕੋਰਟ ਬੰਬੇ ਜੋ ਬੰਬੇ ਹਾਈ ਕੋਰਟ ਦੇ ਰਿਟਾਇਰਡ ਜੱਜ ਸਨ ਅਤੇ ਮੈਂਬਰਾਂ ਦੇ ਤੌਰ ਤੇ ਸ੍ਰੀ ਐੱਸ.ਪੀ. ਵਰਮਾ ਜੋ ਇੰਡਸਟਰੀਅਲ ਟਰੀਬਿਊਨਲ ਧੰਨਵਾਦ ਦੇ ਚੇਅਰਮੈਨ ਅਤੇ ਪਟਨਾ ਹਾਈ ਕੋਰਟ ਦੇ ਰਿਟਾਇਡ ਜੱਜ ਸਨ ਅਤੇ ਸ੍ਰੀ ਜੇ.ਐੱਨ. ਮਾਜੂਮਦਾਰ ਰਿਟਾਇਰਡ ਜੱਜ ਕਲਕੱਤਾ ਹਾਈ ਕੋਰਟ ਸਨ। ਕੁਲ 170 ਬੈਂਕਾਂ ਜਿੰਨ੍ਹਾਂ ਵਿੱਚ 82 ਸੂਚੀ ਦਰਜ ਅਤੇ 88 ਅਣਸੂਚੀ ਦਰਜ ਸਨ ਇਸ ਦੇ ਤਹਿਤ ਆਉਂਦੇ ਸਨ। ਕਰਮਚਾਰੀਆਂ ਵੱਲੋਂ 13 ਖੇਤਰੀ ਯੂਨੀਅਨਾਂ 51 ਬੈਂਕਵਾਈਜ ਯੂਨੀਅਨਾਂ ਟ੍ਰਿਬਿਊਨਲ ਅੱਗੇ ਪੇਸ਼ ਹੋਈਆਂ ਅਤੇ ਆਪਣੇ ਦਾਅਵੇ ਦਾਇਰ ਕੀਤੇ । ਇਸ ਵੇਲੇ ਦੇ ਪੂਰਬੀ ਪੰਜਾਬ ਵਿੱਚੋਂ ਦੀ ਸੈਂਟਰਲ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ, ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ, ਪੰਜਾਬ ਕੋ-ਆਪਰੇਟਿਵ ਬੈਂਕ ਇੰਪਲਾਈਜ ਯੂਨੀਅਨ ਅਤੇ ਦੀ ਪੰਜਾਬ ਨੈਸ਼ਨਲ ਬੈਂਕ ਵਰਕਮੈੱਨ ਯੂਨੀਅਨ ਟ੍ਰਿਬਿਊਨਲ ਅੱਗੇ ਪੇਸ਼ ਹੋਏ । ਯੂਨੀਅਨਾਂ ਵੱਲੋਂ ਪੇਸ਼ ਹੋਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਐੱਚ.ਐੱਲ. ਪ੍ਰਵਾਨਾ, ਕਾਮਰੇਡ ਪ੍ਰਭਾਤਕਾਰ, ਕਾਮਰੇਡ ਪੀ.ਐੱਲ. ਸਿਆਲ, ਕਾਮਰੇਡ ਵੀ.ਐੱਸ. ਮੱਲੀ ਸ਼ਾਮਿਲ ਸਨ। ਜੁਲਾਈ 1949 ਵਿੱਚ ਸ਼ੁਰੂ ਕਰ ਕੇ ਟ੍ਰਿਬਿਊਨਲ ਨੇ ਆਪਣਾ ਕਾਰਜ 31 ਜੁਲਾਈ 1950 ਨੂੰ ਪੂਰਾ ਕਰ ਲਿਆ । ਟ੍ਰਿਬਿਊਨਲ ਨੇ ਬਹੁਤ ਸਾਰੇ ਡਿਸਮਿਸਲ ਦੇ ਕੇਸਾਂ ਜਿੰਨ੍ਹਾਂ ਵਿੱਚ ਜਿਆਦਾਤਰ ਲਾਇਡ ਬੈਂਕ ਲਿ. ਅਤੇ ਭਾਰਤ ਬੈਂਕ ਲਿਮਟਿਡ ਦੇ ਸਨ ਵਿੱਚ ਆਪਣਾ ਫੈਸਲਾ ਦਿੱਤਾ। ਉਦੋਂ 16 ਜੂਨ 1952 ਨੂੰ ਜਸਟਿਸ ਸ਼ਾਸ਼ਤਰੀ ਨੇ ਟ੍ਰਿਬਿਊਨਲ ਦਾ ਕੰਮ ਸ਼ੁਰੂ ਕੀਤਾ ਜਿਸ ਦੀ ਕਾਰਵਾਈ 28 ਨਵੰਬਰ 1952 ਨੂੰ ਖਤਮ ਹੋਈ। ਇਸ ਦੇ ਕੋਲ ਸੇਨ ਟ੍ਰਿਬਿਊਨਲ ਦੀਆਂ ਪੂਰੀਆਂ ਵਿਸਤਾਰ ਪੂਰਵਕ ਸਿਫ਼ਾਰਸਾਂ ਸਨ ਜੋ ਕਿ ਟੈਕਨੀਕਲ ਅਧਾਰ ਤੇ ਖਾਰਜ ਕੀਤਾ ਗਿਆ। ਇਸ ਤਰਾਂ 23 ਸਤੰਬਰ 1954 ਨੂੰ ਪਹਿਲੀ ਆਲ ਇੰਡੀਆਂ ਹੜਤਾਲ ਹੋਈ।
ਬੈਂਕਾਂ ਦੇ ਕੌਮੀਕਰਨ ਦੀ ਮੰਗ ਨੂੰ ਲੈ ਕੇ ਏ.ਆਈ.ਬੀ.ਈ.ਏ. ਵੱਲੋਂ 17 ਅਪਰੈਲ 1963 ਨੂੰ ਬਹੁਤ ਵੱਡੇ-ਵੱਡੇ ਪਰਦਰਸ਼ਨ ਕੀਤੇ ਗਏ ਅਤੇ ਇਸ ਦਿਨ ਨੂੰ ਬੈਂਕ ਰਾਸ਼ਟਰੀਕਰਨ ਮੰਗ ਦਿਵਸ ਵਜੋਂ ਮਨਾਇਆ ਗਿਆ।
ਮਾਰਚ 1976 ਨੂੰ ਅੰਮ੍ਰਿਤਸਰ ਵਿਖੇ ਏ.ਆਈ.ਬੀ.ਈ.ਏ. ਦੀ ਕਾਨਫਰੰਸ ਵਿੱਚ ਉਨ੍ਹਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਕਾ. ਪ੍ਰਭਾਤਕਾਰ ਜਨਰਲ ਸਕੱਤਰ ਏ.ਆਈ.ਬੀ.ਈ.ਏ. ਨੇ ਕਿਹਾ ਕਿ "ਉਨ੍ਹਾਂ ਲਈ ਐੱਚ.ਐੱਲ. ਪ੍ਰਵਾਨਾ ਤੋਂ ਬਿਨ੍ਹਾਂ ਕਾਨਫਰੰਸ ਵਿੱਚ ਸ਼ਾਮਿਲ ਹੋਣ ਦੀ ਕਲਪਨਾ ਕਰਨਾ ਹੀ ਮੁਸ਼ਕਿਲ ਹੈ। ਉਹ ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ ਦੀ ਜ਼ਿੰਦਗੀ ਅਤੇ ਰੂਹ ਸਨ। ਉਨ੍ਹਾਂ ਦੀ ਬੈਂਕ ਕਰਮਚਾਰੀਆਂ ਦੇ ਕਾਰਜ ਪ੍ਰਤੀ ਸਮਰਪਨ ਦੀ ਭਾਵਨਾ ਦਾ ਕੋਈ ਸਾਹਨੀ ਨਹੀਂ ਸੀ। ਉਹ ਦੂਰਅੰਦੇਸ਼ੀ ਅਤੇ ਸਪਸ਼ਟਤਾ ਵਾਲੇ ਸਾਥੀ ਸਨ। ਆਪਣੇ ਕੰਮ ਵਿੱਚ ਮਾਹਰ ਸਾਥੀ ਸਨ। ਜੋ ਥੱਕਣਾ ਨਹੀਂ ਜਾਣਦੇ ਸਨ। ਉਹਨਾਂ ਦੇ ਜਿਉਂਦਿਆਂ ਤੱਕ ਏ.ਆਈ.ਬੀ.ਈ.ਏ. ਦੇ ਦਫ਼ਤਰ ਦੀਆਂ ਬੱਤੀਆਂ ਕਦੇ ਵੀ ਰਾਤ ਵੇਲੇ ਨਹੀਂ ਬੁੱਝੀਆਂ। ਉਹ ਦੇਰ ਰਾਤ ਤੱਕ ਕੰਮ ਕਰਦੇ ਸਨ। ਉਹਨਾਂ ਨੇ ਕੰਮਕਾਜੀ ਪੱਤਰਕਾਰਾਂ ਲਈ ਵੀ ਕੰਮ ਕੀਤਾ। ਜਦੋਂ ਉਹਨਾਂ ਦੀ ਮੌਤ ਹੋਈ ਚਾਂਦਨੀ ਚੌਂਕ ਖੇਤਰ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ। ਅਗਲੇ ਦਿਨ ਦਿੱਲੀ ਵਿੱਚ ਬਹੁਤ ਸਾਰੀਆਂ ਅਖ਼ਬਾਰਾਂ ਨਹੀਂ ਛਪੀਆਂ ਅਤੇ ਉਹਨਾਂ ਦੇ ਸਟਾਫ ਨੇ ਇੱਕ ਦਿਨ ਲਈ ਕੰਮ ਬੰਦ ਰੱਖਿਆ। ਦੇਸ਼ ਵਿੱਚ ਐਮਰਜੈਂਸੀ ਦਾ ਦੌਰ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪਿਆ ਇਹ ਘਾਟਾ ਹੋਰ ਵੀ ਵੱਡਾ ਹੋ ਗਿਆ। ਪਰੰਤੂ ਉਹਨਾਂ ਵੱਲੋਂ ਦੱਸੇ ਸਬਕਾਂ ਤੇ ਚੱਲ ਕੇ ਏ.ਆਈ.ਬੀ.ਈ.ਏ. ਹੋਰ ਵੀ ਮਜ਼ਬੂਤ ਹੋਈ
ਸਰਕਾਰ ਵੱਲੋਂ ਨਿਯੁਕਤ ਵੱਖ-2 ਟ੍ਰਿਬਿਊਨਲਾਂ, ਅਵਾਰਡਾਂ ਅਤੇ ਕਮਿਸ਼ਨਾਂ ਦੀ ਸਥਾਪਨਾ ਅਤੇ ਇੰਨ੍ਹਾਂ ਦੀ ਕਾਰਗੁਜ਼ਾਰੀ ਦੀਆਂ ਘਾਟਾਂ ਤੋਂ ਤੰਗ ਬੈਂਕ ਕਰਮਚਾਰੀਆਂ ਵਿੱਚ ਕਾਫੀ ਰੋਸ ਤੇ ਬੇਚੈਨੀ ਸੀ। ਮੈਨੇਜਮੈਂਟਾਂ ਨਾਲ ਲੜਨ ਲਈ ਏ.ਆਈ.ਬੀ.ਈ.ਏ. ਨੇ ਇੱਕ ਨਿਵੇਕਲਾ ਹਤਿਆਰ ਵਰਕ ਟੂ ਰੂਲ ਦਾ ਇਜਾਦ ਕੀਤਾ ਤੇ ਜਿਸਦਾ ਇਸਤੇਮਾਲ 20.07.1964 ਤੋਂ ਸ਼ੁਰੂ ਕੀਤਾ ਗਿਆ । ਨਤੀਜੇ ਵਜੋਂ ਜਿਹੜੇ ਬੈਂਕ ਪ੍ਰਬੰਧਕ ਕਰਮਚਾਰੀਆਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਦੇ ਸਨ, ਮਜ਼ਬੂਰ ਹੋ ਕੇ ਉਨ੍ਹਾਂ ਨੂੰ ਨਾ ਸਿਰਫ ਗੱਲਬਾਤ ਕਰਨ ਲਈ ਰਾਜੀ ਹੋਏ ਬਲਕਿ 18.08.1964 ਨੂੰ ਹੋਏ ਅੰਤਰਿਮ ਸਮਝੌਤੇ ਤਹਿਤ ਨਾਂ ਸਿਰਫ ਵਾਧੂ ਮਹਿੰਗਾਈ ਭੱਤਾ ਦੇਣਾ ਮੰਨਿਆ ਬਲਕਿ ਏ ਕਲਾਸ ਬੈਂਕਾਂ ਵਿੱਚ ਸਥਾਪਿਤ ਏਰੀਆ IV ਨੂੰ ਖ਼ਤਮ ਕਰਨ ਲਈ ਰਾਜੀ ਹੋਏ ਜੋ ਕਿ 1954 ਵਿੱਚ ਸ਼ਾਸਤਰੀ ਅਵਾਰਡ ਵਿੱਚ ਧੱਕੇ ਨਾਲ ਜੋੜਿਆ ਗਿਆ ਸੀ। ਗੱਲਬਾਤ ਦੇ 2-3 ਦੌਰ ਚੱਲਣ ਤੋਂ ਬਾਅਦ 15 ਅਪ੍ਰੈਲ 1965 ਨੂੰ ਸੀ ਕਲਾਸ ਬੈਂਕਾਂ ਵਿੱਚ ਵੀ ਏਰੀਆ ਖਤਮ ਕੀਤਾ ਗਿਆ ਜੋ 01.01.1965 ਤੋਂ ਲਾਗੂ ਹੋਇਆ। ਇਸ ਉਪਰੰਤ 21.04.65 ਨੂੰ ਦੁਬਾਰਾ ਦੁਵੱਲੀ ਗੱਲਬਾਤ ਸ਼ੁਰੂ ਹੋਈ ਅਤੇ ਆਖਰਕਾਰ 19 ਅਕਤੂਬਰ 1966 ਨੂੰ ਦੇਸ਼ ਵਿੱਚ ਪਹਿਲੀ ਵਾਰ ਇੱਕ ਇੰਡਸਟਰੀ ਪੱਧਰ ਦਾ ਸਰਵ ਭਾਰਤ ਸਮੂਹਿਕ ਸਮਝੌਤਾ ਬੈਂਕ ਪਰਬੰਧਕਾਂ ਦੇ ਸੰਗਠਨ ਅਤੇ ਏ.ਆਈ.ਬੀ.ਈ.ਏ. ਵਿਚਕਾਰ ਹੋਇਆ ਜੋ ਕਿ ਸਾਡੇ ਬੈਂਕ ਕਰਮਚਾਰੀ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਸ਼ਾਨਾਮੱਤਾ ਦਿਨ ਸੀ। ਇਸ ਮੁਤਾਬਕ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ ਵਿਚ ਇੱਕਰੂਪਤਾ ਲਿਆਂਦੀ ਗਈ । ਹੌਲੀ-2 ਇੱਕ-2 ਕਰਕੇ ਉਹ ਸਾਰੇ ਬੈਂਕ ਜਿਹੜੇ ਪਹਿਲਾਂ ਇਸ ਸਮਝੌਤੇ ਹੇਠ ਨਹੀਂ ਆਉਂਦੇ ਸਨ ਉਨ੍ਹਾਂ ਨੂੰ ਇਸ ਸਮਝੌਤੇ ਹੇਠ ਲਿਆਂਦਾ ਗਿਆ। ਇਸ ਤਰ੍ਹਾਂ ਦੁਵੱਲ ਸਮਝੌਤਿਆਂ ਦਾ ਦੌਰ ਸ਼ੁਰੂ ਹੋਇਆ ਜੋ ਅੱਜ ਤੱਕ ਸਫਲਤਾ ਪੂਰਵਕ ਜਾਰੀ ਹੈ।
ਐੱਮ.ਐੱਸ. ਭਾਟੀਆ
ਜ਼ੋਨਲ ਸਕੱਤਰ
ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ
ਮੋਬਾ : 99884-91002
No comments:
Post a Comment