ਅਸੁੱਰਖਿਆ ਦੇ ਨਾਜ਼ਹੁਕ ਹੋਏ ਮਾਹੌਲ ਦੇ ਵਿਰੋਧ ਵਿਚ ਮੌਨ ਵਰਤ
ਲੁਧਿਆਣਾ: 2 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਸਵੇਰੇ ਠੀਕ ਸਾਢੇ ਗਿਆਰਾਂ ਵਜੇ ਲੁਧਿਆਣਾ ਦੇ ਭਾਈਬਾਲਾ ਚੌਂਕ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰ ਪਾਰਕ ਫਿਰੋਜ਼ ਗਾਂਧੀ ਮਾਰਕੀਟ ਵਿਚ ਮੌਨ ਵਰਤ ਦੀ ਸ਼ੁਰੂਆਤ ਹੋਈ, ਜਿਸ ਵਿਚ ਸੀਨੀਅਰ ਪੱਤਰਕਾਰ ਸੁਰਜੀਤ ਭਗਤ, ਪਰਮੇਸ਼ਵਰ ਸਿੰਘ, ਰਾਜ ਜੋਸ਼ੀ, ਰੈਕਟਰ ਕਥੂਰੀਆ ਦੇ ਨਾਲ ਪੱਤਰਕਾਰ ਦੀਪ ਜਗਦੀਪ ਸਿੰਘ, ਜਸਪ੍ਰੀਤ ਸਿੰਘ, ਸਕੂਲ ਟੀ. ਵੀ. ਦੇ ਸੰਚਾਲਕ ਪ੍ਰੋ. ਸੰਤੋਖ ਸਿੰਘ, ਅਧਿਆਪਕ ਪਰਮਜੀਤ ਕੌਰ, ਦਵਿੰਦਰ ਸਿੰਘ, ਕਵਿੱਤਰੀ ਸੁਕਿ੍ਰਤੀ ਭਾਰਦਵਾਜ, ਸਮਾਜ ਸੇਵੀ ਅਤੇ ਕਲਾ ਪ੍ਰੇਮੀ ਲਲਿਤ ਸੂਦ ਨੇ ਸ਼ਿਰਕਤ ਕੀਤੀ। ਬਹੁਤ ਸਾਰੇ ਪੱਤ੍ਰਕਾਰਾਣਾ ਅਤੇ ਕਲਮਕਾਰਾਂ ਨੇ ਫੋਰਨ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ। ਕੁੱਲ ਦਸ ਮਿੰਟ ਦੇ ਇਸ ਰੋਸ ਵਿਖਾਵੇ ਵਿਚ ਪਹਿਲੇ ਪੰਜ ਮਿੰਟ ਮੌਨ ਵਰਤ ਰੱਖਿਆ ਗਿਆ। ਉਸ ਤੋਂ ਬਾਅਦ ਦੁਨੀਆ ਭਰ ਵਿਚ ਪੱਤਰਕਾਰਾਂ ਦੀ ਸੁਰੱਖਿਆ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੀਆਂ ਪੱਤਰਕਾਰ ਅਤੇ ਲੇਖਕ ਦੀਪ ਜਗਦੀਪ ਸਿੰਘ ਨੇ ਦੱਸਿਆ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰ ਰਹੀ ਕੌਮਾਂਤਰੀ ਸੰਸਥਾ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਪੱਤਰਕਾਰਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ 180 ਦੇਸ਼ਾਂ ਵਿਚੋਂ ਪਿਛਲੇ ਸਾਲ ਦੇ 133ਵੇਂ ਸਥਾਨ ਤੋਂ ਖਿਸਕ ਕੇ 136ਵੇਂ ਸਥਾਨ ਉੱਤੇ ਚਲਾ ਗਿਆ ਹੈ। ਇਸ ਦੇ ਨਾਲ ਹੀ ਪੱਤਰਕਾਰਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਇਰਾਕ ਅਤੇ ਸੀਰੀਆ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਪੱਤਰਕਾਰਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੇ ਜਾਣ ਅਤੇ ਧਮਕੀਆ ਦਿੱਤੇ ਜਾਣ ਦੇ ਮਾਮਲੇ ਵਿਚ ਭਾਰਤ 18ਵੇਂ ਨੰਬਰ ਉੱਤੇ ਹੈ। ਅਜਿਹੇ ਮਾਹੌਲ ਵਿਚ ਦੇਸ਼ ਅੰਦਰ ਕੰਮ ਕਰ ਰਹੇ ਪੱਤਰਕਾਰਾਂ ਵਾਸਤੇ ਜੰਗੀ ਮਾਹੌਲ ਵਿਚ ਕੰਮ ਕਰਨ ਵਰਗੀ ਸਥਿਤੀ ਬਣੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਤੰਬਰ ਮਹੀਨੇ ਵਿਚ ਹੀ ਦੇਸ਼ ਵਿਚ ਹੋਈਆਂ ਵੱਖ-ਵੱਖ ਘਟਨਾਵਾਂ ਵਿਚ ਗੌਰੀ ਲੰਕੇਸ਼ (ਬੰਗਲੌਰ), ਸ਼ਾਂਤਨੂੰ ਭੌਮਿਕ (ਤ੍ਰਿਪੁਰਾ) ਅਤੇ ਕੇ. ਜੇ. ਸਿੰਘ (ਮੁਹਾਲੀ) ਦਾ ਕਤਲ ਹੋਇਆ ਹੈ। ਇਹੀ ਨਹੀਂ ਦਿੱਲੀ-ਐਨ. ਸੀ. ਆਰ. ਵਿਚ ਪਿਛਲੇ ਦੋ ਹਫ਼ਤਿਆਂ ਦੌਰਾਨ 4 ਪੱਤਰਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸੰਬੰਧੀ ਮਾਮਲੇ ਦਰਜ ਕਰਵਾਏ ਗਏ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਕਰੀਬ ਦੋ ਦਹਾਕਿਆਂ ਤੋਂ ਪੱਤਰਕਾਰਾਂ ਦੇ ਕਤਲਾਂ ਅਤੇ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਪਰ ਹਾਲੇ ਤੱਕ ਕਿਸੇ ਵੀ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾ ਨਹੀਂ ਹੋ ਸਕੀ। ਦੀਪ ਜਗਦੀਪ ਸਿੰਘ ਨੇ ਇੰਟਰਨੈਸ਼ਨਲ ਜਰਨਲਿਸਟ ਫ਼ੈਡਰੇਸ਼ਨ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦ ਤੱਕ ਅਜਿਹੇ ਮਾਮਲਿਆਂ ਵਿਚ ਤੇਜ਼ੀ ਨਾਲ ਕਾਰਵਾਈ ਨਹੀਂ ਹੁੰਦੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਇਹ ਸਿਲਸਿਲਾ ਰੁਕਣ ਦੇ ਆਸਾਰ ਨਜ਼ਰ ਨਹੀਂ ਆਉਂਦੇ।
ਉਨ੍ਹਾਂ ਕਿਹਾ ਕਿ ਪ੍ਰੈਸ ਕਲੱਬ ਆਫ਼ ਇੰਡੀਆਂ ਨੇ ਅੱਜ ਦੇ ਦੇਸ਼ ਪੱਧਰੀ ਮੂਕ ਰੋਸ ਪ੍ਰਦਰਸ਼ਨ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਵਿਚ ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸੂਬਾ ਸਰਕਾਰਾਂ ਵੱਲੋਂ ਰੁਜ਼ਗਾਰ, ਸਮਾਜਿਕ ਅਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਲਈ ਪੱਤਰਕਾਰ ਭਲਾਈ ਫ਼ੰਡ ਸਥਾਪਿਤ ਕੀਤਾ ਜਾਵੇ। ਸੋਸ਼ਲ ਮੀਡੀਆ ਉੱਤੇ ਪੱਤਰਕਾਰਾਂ ਖ਼ਿਲਾਫ਼ ਧਮਕੀਆਂ ਅਤੇ ਮਹਿਲਾ ਪੱਤਰਕਾਰਾਂ ਨਾਲ ਭੱਦੀ ਸ਼ਬਦਾਵਲੀ ਦੇ ਮਾਮਲਿਆਂ ਨੂੰ ਰੋਕਣ ਲਈ ਲੋੜੀਂਦੇ ਤਕਨੀਕੀ ਪ੍ਰਬੰਧ ਕੀਤੇ ਜਾਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸਾਰੇ ਹਾਜ਼ਰੀਨ ਨੇ ਇਕ ਸੁਰ ਵਿਚ ਇਕ ਗੱਲ ਦਾ ਸਮਰਥਨ ਕੀਤਾ ਕਿ ਆਪਣੀ ਸੁਰੱਖਿਆ ਬਾਰੇ ਪੱਤਰਕਾਰਾਂ ਨੂੰ ਆਪ ਵੀ ਸੁਚੇਤ ਹੋਣਾ ਪਵੇਗਾ ਅਤੇ ਆਪਣੇ ਸਾਰੇ ਮਤਭੇਦ ਭੁਲਾ ਕੇ ਇਕਜੁਟ ਹੋਣਾ ਪਵੇਗਾ। ਇਸ ਬਾਰੇ ਸੁਝਾਅ ਦਿੰਦਿਆਂ ਦੀਪ ਜਗਦੀਪ ਸਿੰਘ ਨੇ ਕਿਹਾ ਕਿ ਭਾਵੇਂ ਲੁਧਿਆਣਾ ਵਿਚ ਵੱਖ-ਵੱਖ ਪੱਤਰਕਾਰ ਜੱਥੇਬੰਦੀਆਂ ਆਪਣੇ-ਆਪਣੇ ਤਰੀਕੇ ਨਾਲ ਵਧੀਆ ਕੰਮ ਕਰ ਰਹੀਆਂ ਹਨ, ਪਰ ਸਾਰੀਆਂ ਜੱਥੇਬੰਦੀਆਂ ਦੇ ਪ੍ਰਤਿਨਿਧੀਆਂ ਦੀ ਇਕ ਸਾਂਝੀ ਤਾਲਮੇਲ ਕਮੇਟੀ ਗਠਿਤ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਪੱਤਰਕਾਰਾਂ ਦੀ ਸੁਰੱਖਿਆ ਵਰਗੇ ਮੁੱਦਿਆਂ ਉੱਤੇ ਇਕਜੁਟਤਾ ਦਾ ਮਾਹੌਲ ਤਿਆਰ ਕੀਤਾ ਜਾ ਸਕੇ ਅਤੇ ਅੱਗੋਂ ਸਾਂਝੀ ਕਾਰਵਾਈ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਸਕੇ।
ਇਸ ਮੌਕੇ ਆਪਣੇ ਵਿਚਾਰ ਦਿੰਦਿਆਂ ਸਕੂਲ ਟੀਵੀ ਦੇ ਸੰਚਾਲਕ ਪ੍ਰੋ. ਸੰਤੋਖ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਬੋਲਣ ਦੀ ਆਜ਼ਾਦੀ ਨੂੰ ਦੋ ਤਰ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਇਕ ਪਾਸੇ ਇਕ ਖ਼ਾਸ ਵਿਚਾਰਧਾਰਾ ਦੇ ਤਹਿਤ ਲੇਖਕਾਂ ਅਤੇ ਪੱਤਰਕਾਰਾਂ ਨੂੰ ਮਿੱਥ ਕੇ ਕਤਲ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਵੱਖ-ਵੱਖ ਵਿਵਾਦਾਂ ਮੌਕੇ ਭੜਕੀ ਹੋਈ ਭੀੜ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਦੋਵੇਂ ਹੀ ਵਰਤਾਰੇ ਲੋਕਤੰਤਰ ਦੇ ਵਿਚਾਰ ਪ੍ਰਗਟਾਵੇ ਦੇ ਸਿਧਾਂਤ ਨੂੰ ਖੋਰਾ ਲਾਉਂਦੇ ਹਨ। ਇਸ ਵਾਸਤੇ ਹਰ ਕਿਸਮ ਦੇ ਗ਼ੈਰ-ਲੋਕਤੰਤਰੀ ਵਰਤਾਰੇ ਦਾ ਵਿਰੋਧ ਕਰਨਾ ਅਤੇ ਉਨ੍ਹਾਂ ਖ਼ਿਲਾਫ਼ ਇਕਜੁਟਤਾ ਨਾਲ ਸਾਂਝੀ ਆਵਾਜ਼ ਬੁਲੰਦ ਕਰਨੀ ਲਾਜ਼ਮੀ ਹੈ। ਕਵਿੱਤਰੀ ਸੁਕਿ੍ਰਤੀ ਭਾਰਦਵਾਜ ਨੇ ਕਿਹਾ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਇਸ ਉਪਰਾਲੇ ਵਿਚ ਉਨ੍ਹਾਂ ਦੇ ਨਾਲ ਹਨ। ਉਹ ਅਜਿਹੇ ਮਾਮਲਿਆਂ ਬਾਰੇ ਆਪਣੀ ਕਲਮ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਹੰਭਲਾ ਮਾਰਨਗੇ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਵਿਚ ਵੱਧ-ਚੜ੍ਹ ਕੇ ਸਾਥ ਦੇਣਗੇ। ਅਧਿਆਪਕਾਂ ਪਰਮਜੀਤ ਕੌਰ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਪੱਧਰ ਉੱਤੇ ਹੀ ਬੱਚਿਆਂ ਨੂੰ ਇਕ ਦੂਜੇ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਜਾਗਰੂਕ ਕਰਨਾ ਲਾਜ਼ਮੀ ਹੈ ਤਾਂ ਕਿ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮਤੀ ਨਾ ਹੁੰਦੇ ਹੋਏ ਵੀ ਅਸਹਿਮਤੀ ਨੂੰ ਪ੍ਰਵਾਨ ਕਰਨ ਵਾਲਾ ਖੁੱਲ੍ਹਾ ਸੁਭਾਅ ਪੈਦਾ ਕੀਤਾ ਜਾ ਸਕੇ।
ਸੀਨੀਅਰ ਪੱਤਰਕਾਰਾਂ ਸੁਰਜੀਤ ਭਗਤ, ਪਰਮੇਸ਼ਵਰ ਸਿੰਘ ਅਤੇ ਰਾਜ ਜੋਸ਼ੀ ਨੇ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ, ਪੱਤਰਕਾਰਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਵੱਧ ਰਹੇ ਖ਼ਤਰਿਆਂ ਪ੍ਰਤੀ ਚਿੰਤਾ ਪ੍ਰਗਟ ਕੀਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਗੁਰਪ੍ਰੀਤ ਮਹਿਦੂਦਾਂ ਐਕਸੀਡੈਂਟ ਹੋਣ ਕਾਰਣ ਨਹੀਂ ਸਨ ਪੁੱਜ ਸਕੇ। ਉਹਨਾਂ ਫੋਨ ਉੱਤੇ ਆਪਣੀ ਹਾਜ਼ਰੀ ਲਗਵਾਈ।
No comments:
Post a Comment