Sat, Sep 16, 2017 at 4:53 PM
ਇਸ ਉੱਦਮ ਨਾਲ ਪਾਠਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ-ਮਿੱਤਰ ਸੈਨ ਮੀਤ
ਲੁਧਿਆਣਾ: 16 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਨੈਸ਼ਨਲ ਬੁਕ ਟਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਉੱਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਕਿਹਾ ਕਿ ਇਸ ਯਤਨ ਨਾਲ ਪਾਠਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਬਣੇਗੀ। ਪੰਜਾਬੀ ਹੀ ਨਹੀਂ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਉੱਤਮ ਪੁਸਤਕਾਂ ਵਾਜਬ ਕੀਮਤ ’ਤੇ ਪਾਠਕਾਂ ਦੇ ਦਰ ’ਤੇ ਪਹੁੰਚਾ ਕੇ ਟਰੱਸਟ ਸ਼ਲਾਘਾਯੋਗ ਉੱਦਮ ਕਰ ਰਿਹਾ ਹੈ। ਇਸੇ ਲੜੀ ਵਿਚ ਅੱਜ ਪੰਜਾਬੀ ਦੇ ਪ੍ਰਮੁੱਖ ਸਥਾਨਕ ਕਹਾਣੀਕਾਰਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਇਆ ਗਿਆ। ਮੀਤ ਜੀ ਦੇ ਨਾਲ ਕਹਾਣੀਕਾਰ ਸੁਖਜੀਤ ਪ੍ਰਧਾਨਗੀ ਮੰਡਲ ਵਿਚ ਸਸ਼ੋਭਿਤ ਸਨ। ਇਨ੍ਹਾਂ ਦੇ ਨਾਲ ਕਹਾਣੀਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੀ ਸ਼ਾਮਲ ਸਨ। ਟਰੱਸਟ ਦੇ ਸਹਿ ਸੰਪਾਦਕ ਪੰਜਾਬੀ ਮੈਡਮ ਨਵਜੋਤ ਕੌਰ ਨੇ ਟਰੱਸਟ ਵਲੋਂ ਪ੍ਰਧਾਨਗੀ ਮੰਡਲ ਅਤੇ ਸਮੁੱਚੇ ਕਹਾਣੀਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਸਾਹਿਤਕਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਚੰਗੀਆਂ ਸਾਹਿਤਕ ਰਚਨਾਵਾਂ ਪ੍ਰਕਾਸ਼ਨ ਹਿਤ ਭੇਜਣ। ਇਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਟਰੱਸਟ ਨੂੰ ਬੇਹੱਦ ਖੁਸ਼ੀ ਹੋਵੇਗੀ। ਦਿਲਚਸਪ ਗੱਲ ਹੈ ਕਿ ਇਸ ਮੌਕੇ ਤੇ ਥੋਹੜੇ ਸਨ ਪਰ ਜਿੰਨੇ ਵੀ ਸਨ ਓਹ ਸਾਰੇ ਇਸ ਸੈਮੀਨਾਰ ਦੀ ਹਰ ਗੱਲ ਧਿਆਨ ਨਾਲ ਸੁਣ ਰਹੇ ਸਨ।ਇਹਨਾਂ ਵਿੱਚ ਸ਼ਾਇਰ ਵੀ ਸਨ, ਕਹਾਣੀਕਾਰ ਵੀ ਸਾਹਿਤਕ ਪੱਤਰਕਾਰੀ ਕਰਨ ਵਾਲੇ ਵੀ। ਬਹੁਤ ਸਾਰੇ ਚੇਤਨ ਪਾਠਕ ਪਾਠਕਾਵਾਂ ਨੇ ਵੀ ਸ਼ਿਰਕਤ ਕੀਤੀ। ਪਾਠਕ ਵਰਗ ਵਿੱਚੋਂ ਬਹੁਤ ਸਾਰੇ ਜਵਾਨ ਪੀੜ੍ਹੀ ਵਾਲੇ ਪਾਠਕ ਆਪੋ ਆਪਣੇ ਸੁਆਲ ਲੈ ਕੇ ਵੀ ਆਏ ਸਨ।
ਇੱਸ ਮੌਕੇ ਮੈਡਮ ਨਵਜੋਤ ਕੌਰ ਨੇ ਕਿਹਾ ਕਿ ਟਰੱਸਟ ਪੰਜਾਬ ਦੀ ਵਰਤਮਾਨ ਸਥਿਤੀ ਬਾਰੇ ਮਿਆਰੀ ਤੇ ਖੋਜ ਭਰਪੂਰ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਇੱਛੁਕ ਹੈ। ਕਹਾਣੀਕਾਰ ਸੁਖਜੀਤ ਨੇ ‘ਮੱਥੇ ਦੇ ਵਲ ਕਹਾਣੀ ਸੁਣਾਈ ਜੋ ਪਾਤਰ ਦੀ ਰੂਸ ਪ੍ਰਤੀ ਭਾਵੁਕ ਸਾਂਝ ਨੂੰ ਦਰਸਾਉਦੀ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ ‘ਮਾਇਆ’ ਡੇਰੇ ਦੇ ਸਾਧ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਕਹਾਣੀ ਹੈ। ਸ੍ਰੀ ਅਜੀਤ ਪਿਆਸਾ ਨੇ ‘ਹਿੰਦੁਸਤਾਨ ਤੁਮਾਰਾ ਹੈ’, ਇੰਦਰਜੀਤ ਪਾਲ ਕੌਰ ਨੇ ‘ਅਪਰਾਜਿਤਾ’, ਦੇਸ ਰਾਜ ਕਾਲੀ ਨੇ ‘ਦਰਸ਼ਕ’, ਜਸਮੀਤ ਕੌਰ ਨੇ ‘ਹੂਕ’ ਅਤੇ ਰਾਗ ਮੈਗਜ਼ੀਨ ਦੇ ਸੰਪਾਦਕ ਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਮਨੁੱਖੀ ਜ਼ਿੰਦਗੀ ਨੂੰ ਬੜੇ ਤਰਕ ਭਰਪੂਰ ਰੰਗ ਵਿਚ ਪੇਸ਼ ਕੀਤਾ। ਸਮੁੱਚੇ ਕਹਾਣੀਕਾਰਾਂ ਨੂੰ ਪੇਸ਼ ਕਰਨ ਦੇ ਫਰਜ ਭਗਵੰਤ ਰਸੂਲਪੁਰੀ ਨੇ ਬਾਖ਼ੂਬੀ ਨਿਭਾਏ।
ਇਸ ਸਮਾਗਮ ਵਿਚ ਟਰੱਸਟ ਦੇ ਲੇਖਾ ਅਧਿਕਾਰੀ ਸ਼ਾਮ ਲਾਲ ਕੋਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਜਸਵੰਤ ਜ਼ਫ਼ਰ, ਕਰਮਜੀਤ ਸਿੰਘ ਔਜਲਾ, ਗੁਰਸ਼ਰਨ ਸਿੰਘ ਨਰੂਲਾ, ਕੁਲਵਿੰਦਰ ਕਿਰਨ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਮਹਿੰਦਰ ਸਿੰਘ ਤਤਲਾ, ਬ੍ਰਿਸ਼ ਭਾਨ ਘਲੋਟੀ, ਜਗਜੀਤ ਜੀਤ, ਅਵਤਾਰ ਸਿੰਘ ਸੰਧੂ, ਪ੍ਰੇਮ ਅਵਤਾਰ ਰੈਣਾ, ਕਰਤਾਰ ਸਿੰਘ ਵਿਰਾਨ, ਸੰਦੀਪ ਤਿਵਾੜੀ, ਹਰਦੇਵ ਸਿੰਘ, ਜਤਿੰਦਰ ਹਾਂਸ, ਕਰਮਜੀਤ ਭੱਟੀ, ਸਰਬਜੀਤ ਸਿੰਘ ਵਿਰਦੀ, ਲਖਵੰਤ ਸਿੰਘ ਸ਼ਾਮਲ ਸਨ।
17 ਸਤੰਬਰ ਨੂੰ ਪਾਠਕਾਂ ਵਿਚ ਪੜ੍ਹਨ ਦੀ ਘੱਟ ਰਹੀ ਰੁਚੀ ਵਿਸ਼ੇ ਤੇ ਸੈਮੀਨਾਰ ਦੁਪਹਿਰ 2 ਵਜੇ ਕਰਵਾਇਆ ਜਾਵੇਗਾ ਜਿਸ ਵਿਚ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ ਅਤੇ ਸੁਰਿੰਦਰ ਰਾਮਪੁਰੀ ਭਾਗ ਲੈਣਗੇ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਹੈ।
No comments:
Post a Comment