ਪੱਤਰਕਾਰਾਂ ਦੇ ਆਰਥਿਕ ਸੋਮੇ ਵਧਾਉਣ ਲਈ ਬਣੇਗੀ ਵਿਸ਼ੇਸ਼ ਕਾਰਜ ਯੋਜਨਾ
ਲੁਧਿਆਣਾ: 10 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
"ਲੋਕ ਮੀਡੀਆ ਮੰਚ" ਵੱਲੋਂ "ਪੱਤਰਕਾਰਾਂ 'ਤੇ ਆਰਥਿਕ ਦਬਾਅ" ਬਾਰੇ ਕਰਾਏ ਗਏ ਸੈਮੀਨਾਰ ਵਿੱਚ ਇਸ ਦਬਾਅ ਦੇ ਕਈ ਪਹਿਲੂਆਂ ਬਾਰੇ ਸੰਖੇਪ ਵਿੱਚ ਚਰਚਾ ਹੋਈ। ਇਸ ਵਿਚਾਰ ਚਰਚਾ ਵਿੱਚ ਕਈ ਬੁਧੀਜੀਵੀਆਂ ਅਤੇ ਪੱਤਰਕਾਰਾਂ ਨੇ ਸਰਗਰਮ ਭਾਗ ਲਿਆ। ਸੈਮੀਨਾਰ ਵਿੱਚ ਪੱਤਰਕਾਰਿਤਾ ਨਾਲ ਸਬੰਧਿਤ ਇਸ ਆਰਥਿਕ ਸੰਕਟ ਦੇ ਅਤੀਤ ਅਤੇ ਮੌਜੂਦਾ ਸਮੇਂ ਦੇ ਰੂਪਾਂ ਦੀ ਚਰਚਾ ਵੀ ਕੀਤੀ ਗਈ। ਆਖਿਰ ਕਿਉਂ ਬਹੁਤ ਸਾਰੇ ਪੱਤਰਕਾਰ//ਕਲਮਕਾਰ ਆਰਥਿਕ ਹਾਲਤਾਂ ਕਰਕੇ ਖ਼ੁਦਕੁਸ਼ੀ ਕਰ ਗਏ? ਆਖਿਰ ਕਿਓਂ ਬਹੁਤ ਸਾਰੇ ਕਲਮਕਾਰਾਂ ਨੂੰ ਵੇਲੇ ਸਿਰ ਇਲਾਜ ਮੁਹਈਆ ਨਹੀਂ ਕਰਾਇਆ ਜਾ ਸਕਿਆ? ਆਖਿਰ ਕਿਓਂ ਸਾਰੇ ਪੱਤਰਕਾਰਾਂ ਦੀ ਆਰਥਿਕ ਹਾਲਤ ਵਿੱਚ ਮਿਸਾਲੀ ਸੁਧਾਰ ਨਹੀਂ ਆ ਸਕਿਆ? ਜਿਹਨਾਂ ਦੀ ਜ਼ਿੰਦਗੀ ਵਿੱਚ ਜੇ ਕੁਝ ਕੁ ਆਰਥਿਕ ਸੁਧਾਰ ਆਇਆ ਵੀ ਤਾਂ ਉਹਨਾਂ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਣਾ ਇੱਕ ਰਿਵਾਜ ਕਿਓਂ ਬਣ ਗਿਆ?
ਜੰਗ ਦੇ ਮੈਦਾਨਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਕੁਰਬਾਨੀਆਂ ਕਿਓਂ ਨਹੀਂ ਲੋਕਾਂ ਸਾਹਮਣੇ ਆ ਸਕੀਆਂ? ਖਤਰਨਾਕ ਬਿਮਾਰੀਆਂ ਦੇ ਪ੍ਰਭਾਵਾਂ ਵਾਲੇ ਇਲਾਕਿਆਂ ਵਿੱਚ ਜਾ ਕੇ ਖੋਜ ਪੂਰਨ ਰਿਪੋਰਟਾਂ ਕੱਢ ਕੇ ਲਿਆਉਣ ਦਾ ਖਤਰਿਆਂ ਭਰਿਆ ਕੰਮ ਅਕਸਰ ਨਜ਼ਰ ਅੰਦਾਜ਼ ਕਿਓਂ ਹੁੰਦਾ ਰਿਹਾ? ਸਿਰਫ ਸੱਚ ਲਿਖਣ ਜਾਂ ਬੋਲਣ ਕਾਰਣ ਕਿਸੇ ਨ ਕਿਸੇ ਬਾਹੂਬਲੀ ਦੀ ਦੁਸ਼ਮਣੀ ਦਾ ਸ਼ਿਕਾਰ ਹੋਏ ਪੱਤਰਕਾਰਾਂ ਨੂੰ ਕਦੇ ਇਨਸਾਫ ਮਿਲ ਸਕਿਆ? ਖੁਦ ਨੂੰ ਨਿੱਤ ਕਿਸੇ ਖਤਰੇ ਵਿੱਚ ਪਾ ਕੇ ਸੱਚ ਲੱਭ ਕੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਲੱਗੀ ਆਰਥਿਕ ਸੰਕਟਾਂ ਦੇ ਘੁਣ ਨੇ ਸਮੇਂ ਤੋਂ ਪਹਿਲਾਂ ਹੀ ਸਾਡੇ ਕੋਲੋਂ ਖੋਹ ਲਿਆ। ਆਖਿਰ ਕੀ ਹੈ ਇਸ ਮਸਲੇ ਦਾ ਹੱਲ?
ਮਹਿਸੂਸ ਕੀਤਾ ਗਿਆ ਕਿ ਜਦੋਂ ਮੀਡੀਆ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹਾਂ ਬਹੁਤ ਹੀ ਘੱਟ ਹੁੰਦੀਆਂ ਸਨ ਉਦੋਂ ਵੀ ਇਹ ਸੰਕਟ ਮੌਜੂਦ ਸੀ ਅਤੇ ਹੁਣ ਜਦੋਂ ਕਿ ਤਨਖਾਹਾਂ ਬਹੁਤ ਵੱਧ ਗਈਆਂ ਹਨ ਹੁਣ ਵੀ ਇਹ ਸੰਕਟ ਮੌਜੂਦ ਹੈ। ਪੱਤਰਕਾਰੀ ਦੇ ਮੌਜੂਦਾ ਦੌਰ ਵਿੱਚ ਜਿੱਥੇ ਤਕਨੀਕੀ ਵਿਕਾਸ ਨੇ ਇਸਦੀ ਤੇਜ਼ ਰਫ਼ਤਾਰੀ ਅਤੇ ਛਪਾਈ ਵਰਗੀਆਂ ਖੂਬੀਆਂ ਨੂੰ ਹੈਰਾਨੀਜਨਕ ਹੱਦ ਤੱਕ ਵਿਕਸਿਤ ਕੀਤਾ ਹੈ ਉੱਥੇ ਆਰਥਿਕ ਸੰਕਟ ਦੀਆਂ ਮੌਜੂਦਾ ਹਾਲਤਾਂ ਨੇ ਕਲਮੀ ਆਜ਼ਾਦੀ, ਸੋਚ ਦੀ ਸੁਤੰਤਰਤਾ ਅਤੇ ਖਿਆਲਾਂ ਦੀ ਉਡਾਣ ਉੱਤੇ ਮਾੜਾ ਅਸਰ ਵੀ ਪਾਇਆ ਹੈ।
ਬਹੁਤ ਹੀ ਚੰਗੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੇ ਗਏ ਬੀਟ ਸਿਸਟਮ ਦਾ ਇੱਕ ਸਾਈਡ ਇਫੈਕਟ ਇਹ ਵੀ ਹੋਇਆ ਕਿ ਸਿਆਸੀ ਪਾਰਟੀਆਂ ਨੇ ਆਪਣੀ ਆਪਣੀ ਬੀਟ ਵਾਲੇ ਪੱਤਰਕਾਰਾਂ ਨੂੰ "ਆਪਣਾ ਆਪਣਾ ਬੰਦਾ" ਸਮਝਣਾ ਸ਼ੁਰੂ ਕਰ ਦਿੱਤਾ। ਸਿਆਸੀ ਲੀਡਰਾਂ ਦੀ ਇਸ ਸਿਆਸੀ ਨਜ਼ਰ ਤੋਂ ਸਿਰਫ ਉਹੀ ਪੱਤਰਕਾਰ ਖੁਦ ਨੂੰ ਬਚਾ ਸਕੇ ਜਿਹਨਾਂ ਨੇ ਵਿਚਾਰਾਂ ਦੀ ਮਿਸ਼ਾਲ ਨੂੰ ਰੌਸ਼ਨ ਰੱਖਿਆ ਅਤੇ ਕਿਸੇ ਵੀ ਤਰ੍ਹਾਂ ਆਰਥਿਕ ਸੰਕਟ ਨੂੰ ਆਪਣੀ ਜ਼ਿੰਦਗੀ 'ਤੇ ਅਸਰ ਅੰਦਾਜ਼ ਨਹੀਂ ਹੋਣ ਦਿੱਤਾ। ਲਾਲਚਾਂ ਅਤੇ ਗਰਜ਼ਾਂ ਤੋਂ ਮੁਕਤ ਰਹਿ ਕੇ ਸਿਰਫ ਵਿਚਾਰਾਂ ਦੇ ਪ੍ਰਗਟਾਵੇ ਨੂੰ ਸਮਰਪਿਤ ਰਹੇ ਕਲਮ ਦੇ ਇਹਨਾਂ ਸਿਪਾਹੀਆਂ ਨੇ ਹੀ ਹਵਾ ਦੇ ਉਲਟ ਤੁਰਨ ਦਾ ਖਤਰਾ ਉਠਾਇਆ ਅਤੇ ਖਬਰਾਂ ਦੇ ਮਾਮਲੇ ਵਿੱਚ ਨਵਾਂ ਇਤਿਹਾਸ ਸਿਰਜਿਆ।
ਅੱਜ ਦੇ ਇਸ ਵਿਚਾਰ ਵਟਾਂਦਰੇ ਦੌਰਾਨ ਆਨਲਾਈਨ ਮੀਡੀਆ ਦੇ ਮਜ਼ਬੂਤ ਹੋਣ ਵਾਲੇ ਰੁਝਾਣ ਨੂੰ ਵੀ ਜੀਅ ਆਇਆਂ ਕਿਹਾ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਸਬੰਧੀ ਪੈਦਾ ਹੋ ਰਹੇ ਖਤਰਿਆਂ ਦੀ ਚਰਚਾ ਕਰਦਿਆਂ ਨਵੇਂ ਨਵੇਂ ਤਕਨੀਕੀ ਵਿਕਾਸ ਅਤੇ ਇਸਦੇ ਫਾਇਦਿਆਂ ਬਾਰੇ ਵੀ ਦੱਸਿਆ। ਦੀਪ ਜਗਦੀਪ ਸਿੰਘ ਨੇ ਆਰਥਿਕ ਦਬਾਅ ਦੇ ਮੌਜੂਦਾ ਦੌਰ ਵਾਲੇ ਰੂਪਾਂ ਦੀ ਵੀ ਚਰਚਾ ਕੀਤੀ।
ਆਨਲਾਈਨ ਚੈਨਲ ਚਲਾ ਰਹੇ ਪ੍ਰਦੀਪ ਸਿੰਘ ਅਤੇ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੇ ਸੀਮਿਤ ਜਿਹੇ ਸਾਧਨਾਂ ਨਾਲ ਲੋਕਾਂ ਦਾ ਸੱਚ ਲੋਕਾਂ ਤੱਕ ਪਹੁੰਚਾਉਣ ਲਈ ਦਿਨ ਲੱਗੇ ਰਹਿੰਦੇ ਹਨ।
ਇਸ ਸਮੱਸਿਆ ਵਰਗੇ ਕਈ ਮਸਲਿਆਂ ਦੇ ਕਿਸੇ ਸਥਾਈ ਹੱਲ ਲਈ ਇੱਕ ਵਿਸ਼ੇਸ਼ ਯੋਜਨਾ ਬਾਰੇ ਵੀ ਵਿਚਾਰ ਹੋਇਆ ਜਿਸ ਅਧੀਨ ਪੱਤਰਕਾਰਾਂ 'ਤੇ ਵੱਧ ਰਹੇ ਆਰਥਿਕ ਦਬਾਅ ਨੂੰ ਦੂਰ ਕਰਨ ਲਈ ਅਮਲੀ ਤੌਰ ਤੇ ਵੀ ਬਹੁਤ ਕੁਝ ਕੀਤਾ ਜਾਏਗਾ। ਮੀਡੀਆ ਦੀ ਬੇਹਤਰੀ ਅਤੇ ਖੁਸ਼ਹਾਲੀ ਲਈ "ਦ ਪੀਪਲਜ਼ ਮੀਡੀਆ ਲਿੰਕ" ਦੀ ਇੱਕੀ ਮੈਂਬਰੀ ਐਡਹਾਕ ਕਮੇਟੀ ਵੀ ਬਣਾਈ ਗਈ। ਇਸ ਕਮੇਟੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਦੀਪ ਜਗਦੀਪ, ਯੂ ਕੇ ਸ਼ਾਰਦਾ, ਜਸਵੰਤ ਜੀਰਖ, ਪ੍ਰਦੀਪ ਸ਼ਰਮਾ ਇਪਟਾ, ਐਮ ਐਸ ਭਾਟੀਆ, ਰਮੇਸ਼ ਰਤਨ, ਅਨੀਤਾ ਸ਼ਰਮਾ, ਕਾਰਤਿਕਾ ਸਿੰਘ, ਸ਼ੀਬਾ ਸਿੰਘ, ਸਤੀਸ਼ ਸਚਦੇਵਾ, ਡਾਕਟਰ ਭਾਰਤ, ਗੁਰਮੇਲ ਸਿੰਘ ਮੈਂਡਲੇ, ਅਰੁਣ ਕੌਸ਼ਲ, ਪ੍ਰਦੀਪ ਸਿੰਘ, ਵਾਹਿਗੁਰੂ ਪਾਲ ਸਿੰਘ ਅਤੇ ਰੈਕਟਰ ਕਥੂਰੀਆ ਦੇ ਨਾਮ ਵੀ ਸ਼ਾਮਿਲ ਹਨ। ਇਹ ਕਮੇਟੀ ਜਿੱਥੇ ਮੀਡੀਆ ਦੀ ਬੇਹਤਰੀ ਅਤੇ ਇੱਕਜੁੱਟਤਾ ਦਾ ਮਾਹੌਲ ਤਿਆਰ ਕਰੇਗੀ ਉੱਥੇ ਪੱਤਰਕਾਰਾਂ ਦੇ ਆਰਥਿਕ ਸੋਮਿਆਂ ਦੀ ਤਲਾਸ਼ ਅਤੇ ਇਹਨਾਂ ਦੇ ਪ੍ਰਬੰਧਾਂ ਵਾਲੇ ਪਾਸੇ ਵੀ ਸਰਗਰਮੀ ਨਾਲ ਕੰਮ ਕਰੇਗੀ ਤਾਂ ਕਿ ਲੋਕ ਪੱਖੀ ਮੀਡੀਆ ਨੂੰ ਲੋਕ ਪੱਖੀ ਸਾਧਨਾਂ ਨਾਲ ਹੀ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮਕਸਦ ਲਈ ਮੀਡੀਆ ਸੰਸਥਾਨਾਂ ਦੇ ਸੰਚਾਲਕਾਂ ਅਤੇ ਸਬੰਧਿਤ ਵਿਭਾਗਾਂ ਤੱਕ ਵੀ ਪਹੁੰਚ ਕੀਤੀ ਜਾਏਗੀ ਤਾਂਕਿ ਇਸ ਮਕਸਦ ਲਈ ਹੋਰ ਬੇਹਤਰ ਰਸਤੇ ਲੱਭੇ ਜਾ ਸਕਣ।
1 comment:
ਸ਼ਲਾਘਾਯੋਗ ਉਪਰਾਲੇ ਮੁਬਾਰਕ ਤੇ ਧੰਨਵਾਦ!
ਸੈਮੀਨਾਰ ਦੇ ਸਿੱਟਿਆਂ ਨਾਲ ਸਹਿਮਤ ਹਾਂ । ਸਹਿਯੋਗ ਲਈ ਹਾਜਰ ਹਾਂ ।
Post a Comment