Thursday, August 31, 2017

ਪੁਸਤਕਾਂ ਦੀ ਗੱਲ//ਇਸ ਵਾਰ ਗੁਰਭਜਨ ਗਿੱਲ

ਮੇਰੀ ਗ਼ਜ਼ਲ ਪੁਸਤਕ//ਮਨ ਦੇ ਬੂਹੇ ਬਾਰੀਆਂ 
ਪੁਰਦਮਨ ਸਿੰਘ ਬੇਦੀ ਸਾਡਾ ਸੁਰਾਂਗਲਾ ਸੱਜਂਣ ਸੀ। ਬੜਾ ਔਖਾ ਹੈ ਉਸ ਨੂੰ ਸੀ ਕਹਿਣਾ। ਹਸਨਪੁਰੀ ਵਾਂਗ ਹੀ ਚਲਾ ਗਿਆ ਸਾਥੋਂ।
1985 ਚ ਮੇਰਾ ਪਹਿਲਾ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ ਬੇਦੀ ਜੀ ਨੇ ਹੀ ਛਾਪਿਆ ਸੀ। ਸਾਲ 1997 ਤੀਕ ਇਸ ਦਾ ਪਹਿਲਾ ਐਡੀਸ਼ਨ ਮੁੱਕ ਗਿਆ। ਨਵਾਂ ਐਡੀਸ਼ਨ ਤਿਆਰ ਕਰਦੇ ਕਰਦੇ 1992 ਚ ਛਪੀ ਪੁਸਤਕ ਬੋਲ ਮਿੱਟੀ ਦਿਆ ਬਾਵਿਆ ਵਿੱਚ ਸ਼ਾਮਿਲ  ਗ਼ਜ਼ਲਾਂ ਤੇ ਕੁਝ ਨਵੀਆਂ ਗ਼ਜ਼ਲਾਂ ਇਸ ਚ ਟਾਈਪ ਕਰ ਲਈਆਂ।
ਡਾ: ਜਗਤਾਰ ਤੇ ਜਨਾਬ ਸਰਦਾਰ ਪੰਛੀ ਜੀ ਨੇ ਸੁਝਾਅ ਦਿੱਤਾ ਕਿ ਇਹ ਗ਼ਜ਼ਲ ਸੰਗ੍ਰਹਿ ਨਵੇਂ ਨਾਮ ਹੇਠ ਛਾਪੋ।
ਮੁੱਖ ਬੰਧ ਡਾ: ਜਗਤਾਰ ਤੇ ਸਰਦਾਰ ਪੰਛੀ ਨੇ ਲਿਖਣਾ ਪ੍ਰਵਾਨ ਕੀਤਾ। ਕਿਤਾਬ ਲੇਟ ਹੋ ਗਈ। ਸੰਨ 2002 ਚ ਪਹਿਲਾ ਅੈਡੀਸ਼ਨ ਛਪਿਆ 1100 ਕਾਪੀਆਂ।
ਪਤਾ ਨਹੀਂ ਕੀ ਕਰਾਮਾਤ ਵਾਪਰੀ, ਇੱਕ ਸਾਲ ਚ ਹੀ ਸਾਰਾ ਐਡੀਸ਼ਨ ਵਿਕ ਗਿਆ।
ਲੋਕਗੀਤ ਪ੍ਰਕਾਸ਼ਨ ਵੱਲੋਂ ਸਾਲ 2003 ਚ ਪਿਆਰੇ ਪੁੱਤਰ ਰੋਹਿਤ ਨੇ ਮੇਰੀਆਂ ਚਾਰ ਕਿਤਾਬਾਂ ਸ਼ੀਸ਼ਾ ਝੂਠ ਬੋਲਦਾ ਹੈ,
ਬੋਲ ਮਿੱਟੀ ਦਿਆ ਬਾਵਿਆ, ਮਨਦੇ ਬੂਹੇ ਬਾਰੀਆਂ ਤੇ ਅਗਨ ਕਥਾ ਨੂੰ ਪ੍ਰਕਾਸ਼ਿਤ ਕੀਤਾ।  
ਇਹੀ ਕਿਤਾਬ 2015 ਚ ਤੀਜੀ ਵਾਰ ਅਮਰੀਕਾ ਵੱਸਦੀ ਲੇਖਿਕਾ ਪਰਵੇਜ਼ ਸੰਧੂ ਨੇ ਆਪਣੀ ਜਵਾਨ ਉਮਰੇ ਵਿੱਛੜੀ ਧੀ ਸਵੀਨਾ ਦੀ ਯਾਦ ਵਿੱਚ ਸਥਾਪਿਤ ਕੀਤੇ ਸਵੀਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ।
ਇਹ ਕਿਤਾਬ ਮੇਰੀਆਂ 2003 ਤੀਕ ਲਿਖੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ।
ਇਸ ਪੁਸਤਕ ਨੂੰ ਕਈ ਖੋਜ ਵਿਦਿਆਰਥੀ ਆਪਣੇ ਅਧਿਐਨ ਦਾ ਹਿੱਸਾ ਬਣਾ ਚੁਕੇ ਹਨ।
ਫਿਰੇ ਵਿਯੋਗਣ ਪੌਣ ਹੈ, ਜਾਂ ਫਿਰ ਖ਼ਬਰੇ ਕੌਣ ਹੈ,
ਅੱਧੀ ਰਾਤੀਂ ਖੜਕਦੇ ਮਨ ਦੇ ਬੂਹੇ ਬਾਰੀਆਂ।
ਕਿਸੇ ਕਿਤਾਬ ਜਾਂ ਲੇਖਕ ਦੀ ਹੋਰ ਖ਼ੁਸ਼ਕਿਸਮਤੀ ਕੀ ਹੋ ਸਕਦੀ ਹੈ ਕਿ ਉਸਨੂੰ ਪਾਠਕ ਏਨੀ ਮੁਹੱਬਤ ਦੇਣ।
ਇਹ ਐਡੀਸ਼ਨ ਵੀ ਲਗਪਗ ਖ਼ਤਮ
ਹੈ। ਮੇਰੇ ਕੋਲ ਕੇਵਲ ਦਸ ਕਾਪੀਆਂ ਹਨ। ਰਾਖਵੀਆਂ ਰੱਖੀਆਂ ਨੇ ਮੈਂ ਖੋਜ ਵਿਦਿਆਰਥੀਆਂ ਲਈ। ਲੋਕਗੀਤ ਪ੍ਰਕਾਸ਼ਨ ਵੱਲੋਂ ਛਪੀ ਪੇਪਰ ਬੈਕ ਵਾਲੀ ਕਾਪੀ ਭਾਵੇਂ ਮਿਲ ਜਾਵੇ, ਕੁਝ ਕਹਿ ਨਹੀਂ ਸਕਦਾ।
ਗੁਰਭਜਨ ਗਿੱਲ

No comments: