Friday, July 21, 2017

MCL: ਲੁਧਿਆਣਾ ਦੇ ਮੇਅਰ ਵੱਲੋਂ ਸਰਕਾਰ ਦੇ ਹੁਕਮ ਲਾਗੂ ਕਰਾਉਣ ਦਾ ਭਰੋਸਾ

ਭਰੋਸਾ ਲਾਗੂ ਨਾ ਹੋਇਆ ਤਾਂ ਨਿਗਮ ਮੁਲਾਜ਼ਮ ਕਰਨਗੇ ਲੜੀਵਾਰ ਭੁੱਖ ਹੜਤਾਲ
ਲੁਧਿਆਣਾ: 20 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::  Click for More Pics on Facebook  
ਨਿਸਚੇ ਹੀ ਇਹ ਸੰਘਰਸ਼ਾਂ ਦੀ ਜਿੱਤ ਸੀ ਕਿ ਨਗਰ ਨਿਗਮ ਦੇ ਸਫਾਈ ਵਰਗੇ ਕੰਮਾਂ ਵਿੱਚ ਕਈ ਕਈ ਸਾਲਾਂ ਤੋਂ ਲੱਗੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸੰਘਰਸ਼ਾਂ ਮਗਰੋਂ ਮਿਲੀ ਇਸ ਇਤਿਹਾਸਿਕ ਜਿੱਤ ਦੇ ਬਾਵਜੂਦ ਸਾਡੇ ਸਿਸਟਮ ਵਿਚਲੀਆਂ ਖਰਾਬੀਆਂ ਨੇ ਆਪਣਾ ਰੰਗ ਦਿਖਾਇਆ।  ਇਹ ਜਾਣਕਾਰੀ ਮੁਲਾਜ਼ਮ ਲੀਡਰਾਂ ਦੇ ਹੱਥਾਂ ਵਿੱਚ ਪਹੁੰਚਣ ਤੋਂ ਕੁਝ ਕੁ ਦੇਰ ਮਗਰੋਂ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਅਤੇ ਇਸਦੇ ਨਾਲ ਹੀ ਕੋਡ ਆਫ ਕੰਡਕਟ ਨੇ ਬਹੁਤ ਸਾਰੇ ਕੰਮਾਂ ਨੂੰ ਲਾਗੂ ਕਰਨ ਤੇ ਰੋਕ ਲਾ ਦਿੱਤੀ। Click for More Pics on Facebook  
ਚੋਣਾਂ ਹੋਣ ਮਗਰੋਂ ਨਤੀਜੇ ਆਏ ਅਤੇ ਨਵੀਂ ਸਰਕਾਰ ਨੇ ਕੰਮਕਾਜ ਵੀ ਸੰਭਾਲ ਲਿਆ। ਇਸਦੇ ਨਾਲ ਹੀ ਸ਼ੁਰੂ ਹੋਇਆ ਰੁਕੇ ਕੰਮਾਂ ਨੂੰ ਸਿਰੇ ਲਾਉਣ ਦਾ ਸਿਲਸਿਲਾ। ਜਲੰਧਰ ਨਗਰ ਨਿਗਮ ਨੇ 180 ਕੱਚੇ ਕਰਮਚਾਰੀਆਂ ਨੂੰ ਪੱਕੇ ਕਰ ਦਿੱਤਾ। ਪਠਾਨਕੋਟ, ਮੰਡੀ ਗੋਬਿੰਦਗੜ੍ਹ ਅਤੇ ਕਈ ਹੋਰਨਾਂ ਨਗਰ ਕੌਂਸਲਾਂ ਨੇ ਵੀ ਇਸ ਮਕਸਦ ਦੇ ਮਤੇ ਪਾ ਦਿੱਤੇ। ਜਦੋਂ ਵਾਰੀ ਲੁਧਿਆਣਾ ਦੀ ਆਈ ਤਾਂ ਨਤੀਜਾ ਜ਼ੀਰੋ। ਹਾਰ ਕੇ ਮੁਲਾਜ਼ਮਾਂ ਨੇ ਧਰਨਿਆਂ ਦਾ ਸਿਲਸਿਲਾ ਫਿਰ ਸ਼ੁਰੂ ਕਰ ਦਿੱਤਾ।  ਧਰਨਾ ਲੱਗਿਆ ਦੇਖ ਕੇ ਕਾਂਗਰਸ ਦੇ ਐਮ ਐਲ ਏ ਰਾਕੇਸ਼ ਪਾਂਡੇ ਧਰਨੇ ਵਿੱਚ ਪੁੱਜੇ।  ਉਹਨਾਂ ਨੇ ਸਬੰਧਿਤ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਫੋਨ ਕਰਕੇ ਮਿਲਣ ਦਾ ਸਮਾਂ ਲਿਆ ਅਤੇ ਨਿਸਚਿਤ ਦਿਨ ਨੂੰ ਨਿਸਚਿਤ ਸਮੇਂ ਤੇ ਚੰਡੀਗੜ੍ਹ ਉਹਨਾਂ ਦੇ ਦਫਤਰ ਵੀ ਜਾ ਪੁੱਜੇ। ਇਸ ਮੌਕੇ ਐਮ ਐਲੇ ਰਾਕੇਸ਼ ਪਾਂਡੇ  ਦੇ ਨਾਲ ਨਾਲ ਕਾਂਗਰਸ ਦੇ ਆਗੂ ਪਵਨ ਦੀਵਾਨ ਅਤੇ ਦੀਪਕ ਹੰਸ ਵੀ ਮੌਜੂਦ ਸਨ।
ਮੁਲਾਜ਼ਮ ਆਗੂਆਂ ਨੇ ਚੰਡੀਗੜ੍ਹ ਤੋਂ ਪਰਤ ਕੇ ਦੱਸਿਆ ਕਿ ਸਰਦਾਰ ਸਿੱਧੂ ਨੇ ਉਹਨਾਂ ਦੀ ਗੱਲ ਪੂਰੇ ਵਿਸਥਾਰ ਨਾਲ ਨਹੀਂ ਸੁਣੀ।  ਉਹਨਾਂ ਇਹ ਜ਼ਰੂਰ ਕਿਹਾ ਕਿ ਜੇ ਸਾਰੇ ਐਮ ਐਲ ਏ ਇਕੱਠੇ ਹੋ ਕੇ ਇਸ ਮਕਸਦ ਲਈ ਆਉਣ ਤਾਂ ਉਹ ਚਾਰ ਅਗਸਤ ਨੂੰ ਇਸ ਕੰਮ ਦਾ ਉਚੇਚਾ ਮਤਾ ਜ਼ਰੂਰ ਪੁਆ ਦੇਣਗੇ। ਸੁਆਲ ਉੱਠਦਾ ਹੈ ਕਿ ਕਿ ਲੁਧਿਆਣਾ ਦੇ ਸਾਰੇ 12 ਵਿਧਾਇਕਾਂ ਨੂੰ ਇਕੱਤਰ ਕਰਕੇ ਚੰਡੀਗੜ੍ਹ ਲਿਜਾਣਾ ਟਰੇਡ ਯੂਨੀਅਨਾਂ ਲੀਡਰਾਂ ਦਾ ਕੰਮ ਹੈ? ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਾਉਣ ਲਈ ਵੀ ਹੁਣ ਸੰਘਰਸ਼ਾਂ ਦੀ ਲੋੜ ਪਵੇਗੀ? ਨਿਰਾਸ਼ ਹੋਏ ਮੁਲਾਜ਼ਮ ਆਗੂ ਲੁਧਿਆਣਾ ਪਰਤ ਆਏ। ਉਹਨਾਂ ਨੂੰ ਹੈਰਾਨੀ ਹੋਈ ਜਦੋਂ ਉਹਨਾਂ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਪੜ੍ਹੀ ਕਿ ਧਰਨਿਆਂ ਦਾ ਸਿਲਸਿਲਾ ਖਤਮ ਅਤੇ ਮੰਗਾਂ ਮਨਜ਼ੂਰ ਹੋ ਗਈਆਂ ਹਨ। ਇਹ ਦੇਖ ਕੇ ਗੈਰ ਕਾਂਗਰਸੀ ਆਗੂ ਹੋਰ ਗੁੱਸੇ ਵਿੱਚ ਆ ਗਏ। 
ਕੁਝ ਕੁ ਦਿਨਾਂ ਦੇ ਵਕਫ਼ੇ ਮਗਰੋਂ ਅੱਜ ਫੇਰ ਇਹਨਾਂ ਮੁਲਾਜ਼ਮਾਂ ਨੇ ਇਸ ਮੰਗ ਨੂੰ ਲੈ ਕੇ ਨਗਰ ਨਿਗਮ ਜ਼ੋਨ ਏ ਦੇ ਦਫਤਰ ਸਾਹਮਣੇ ਧਰਨਾ ਦਿੱਤਾ। ਇਸ ਧਰਨੇ ਦੀ ਖਾਸੀਅਤ ਇਹ ਸੀ ਕਿ ਸਾਰੇ ਲੀਡਰ ਆਪਣੀ ਪਾਰਟੀ ਪਾਲਿਸੀ ਨੂੰ ਛੱਡ ਕੇ ਸਿਰਫ ਮਜ਼ਦੂਰ ਲੀਡਰ ਬਣ ਕੇ ਸਾਹਮਣੇ ਆਏ। Click for More Pics on Facebook  
ਭਾਰਤੀ ਮਜ਼ਦੂਰ ਸੰਘ (ਬੀ ਜੇ ਪੀ) ਨਾਲ ਸਬੰਧਿਤ ਲੀਡਰ ਭਾਗੀਰਥ ਪਾਲੀਵਾਲ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਹੋਵੇ ਜਾਂ ਅਕਾਲੀ ਭਾਜਪਾ ਸਰਕਾਰ--ਇਹਨਾਂ ਨੇ ਮਜ਼ਦੂਰਾਂ ਦੇ ਭਲੇ ਲਈ ਗੱਲਾਂ ਜ਼ਿਆਦਾ ਕੀਤੀਆਂ ਹਨ ਅਤੇ ਕੰਮ ਬਹੁਤ ਹੀ ਘੱਟ। Click for More Pics on Facebook  
ਇਸੇ ਤਰ੍ਹਾਂ ਇੰਟਕ ਨਾਲ ਸਬੰਧਿਤ ਗੁਰਜੀਤ ਜਗਪਾਲ ਨੇ ਕਿਹਾ ਕਿ ਭਾਵੇਂ ਸਰਕਾਰ ਸਾਡੀ ਪਾਰਟੀ ਕਾਂਗਰਸ ਦੀ ਹੈ ਪਾਰ ਜੇ ਸਾਡੀਆਂ ਹੱਕੀ ਮੰਗਾਂ ਨਾ ਮੰਨਿਆਂ ਗਈਆਂ ਤਾਂ ਧਰਨੇ ਵਾਲੀਆਂ  ਇਹ ਦਰੀਆਂ ਇਸੇ ਤਰਾਂ ਵਿਛੀਆਂ ਰਹਿਣਗੀਆਂ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। Click for More Pics on Facebook  
ਖੱਬੇਪੱਖੀ ਮਜ਼ਦੂਰ ਜੱਥੇਬੰਦੀ ਏਟਕ ਨਾਲ ਸਬੰਧਤ ਮਜ਼ਦੂਰ ਲੀਡਰ ਕਾਮਰੇਡ ਵਿਜੇ ਕੁਮਾਰ ਨੇ ਦੁਹਰਾਇਆ ਕਿ ਅਸੀਂ ਆਪਣੇ ਸੰਘਰਸ਼ਾਂ ਨਾਲ ਆਪਣੀਆਂ ਮੰਗਾਂ ਮਨਵਾ ਕੇ ਰਹਾਂਗੇ। ਕੋਈ ਵੀ ਸ਼ਕਤੀ ਸਾਡੇ ਰਸਤੇ ਵਿੱਚ ਨਹੀਂ ਆ ਸਕਦੀ। ਅਸੀਂ ਸੰਘਰਸ਼ਾਂ ਦੇ ਸਰ ਤੇ ਹੀ ਹਮੇਸ਼ਾਂ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਹੁਣ ਵੀ ਅਸੀਂ ਸੰਘਰਸ਼ ਦੇ ਜ਼ੋਰ ਨਾਲ ਹੀ ਆਪਣੇ ਹੱਕ ਲੈਣੇ ਹਨ। 
ਧਰਨੇ ਮਗਰੋਂ ਇਹਨਾਂ ਸਾਰੀਆਂ ਪੰਜਾਂ ਜੱਥੇਬੰਦੀਆਂ ਦਾ ਇੱਕ ਸਾਂਝਾ ਵਫਦ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੂੰ ਵੀ ਮਿਲਿਆ। ਮੇਅਰ ਗੋਹਲਵੜੀਆ ਨੇ ਇਹਨਾਂ ਜੱਥੇਬੰਦੀਆਂ ਨੂੰ ਭਰੋਸਾ ਦਿੱਤਾ ਕਿਉਂ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ , ਉਹਨਾਂ ਸਬੰਧਿਤ ਮੰਗ ਪੱਤਰ ਉੱਤੇ ਲੁੜੀਂਦੀ ਟਿੱਪਣੀ ਨਾਲ ਇਹ ਮੰਗ ਪੱਤਰ ਸਬੰਧਤ ਵਿਭਾਗੀ ਅਮਲੇ ਨੂੰ ਵੀ ਤੁਰੰਤ ਭੇਜ ਦਿੱਤਾ। ਇਸ ਤੋਂ ਬਾਅਦ ਇਹ ਵਫਦ ਸਹਾਇਕ ਕਮਿਸ਼ਨਰ ਨੂੰ ਵੀ ਮਿਲਿਆ।  
ਇਸਤੋਂ ਬਾਅਦ ਇਹਨਾਂ ਜੱਥੇਬੰਦੀਆਂ ਨੇ ਇਹਨਾਂ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਪਾਰ ਨਾਲ ਹੀ ਚੇਤਾਵਨੀ ਦਾ ਨੋਟਿਸ ਵੀ ਦਿੱਤਾ ਕਿ ਜੇ ਇਹਨਾਂ ਭਰੋਸਿਆਂ ਨੂੰ ਅਮਲ ਵਿੱਚ ਨਾ ਲਿਆਂਦਾ ਗਿਆ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਇਸੇ ਥਾਂ ਤੇ ਲੜੀਵਾਰ ਭੁੱਖ ਹੜਤਾਲ ਵੀ ਕਰਾਂਗੇ। ਹੁਣ ਦੇਖਣਾ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਪੱਕੇ ਹੋਣ ਦੀ ਖੁਸ਼ੀ ਮਿਲਦੀ ਹੈ ਜਾਂ ਇੱਕ ਵਾਰ ਫੇਰ ਸੰਘਰਸ਼ਾਂ ਦੇ ਰਸਤੇ ਪੈਣ ਦਾ ਫੈਸਲਾ? 

No comments: